ਚੰਡੀਗੜ੍ਹ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਦੇਸ਼ ਉੱਤੇ ਆਈ ਹੜ੍ਹ ਦੀ ਸਮੱਸਿਆ ਹੋਵੇ ਜਾਂ ਫਿਰ ਗੁਆਂਢੀ ਦੇਸ਼ ਨਾਲ ਮਾਹੌਲ ਖਰਾਬ ਹੋਣ ਵਾਲੇ ਹਾਲਾਤਾਂ ਮੌਕੇ ਕੁਝ ਸਮੇਂ ਲਈ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਹੋਣ ਤਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਅਧਿਆਪਨ ਕਿੱਤਾ ਕਰ ਰਹੇ ਲੈਕਚਰਾਰ ਰਾਜਨ ਸ਼ਰਮਾ (ਈਕੋ ਕਲੱਬ ਇੰਚਾਰਜ) ਸਟੇਟ ਅਵਾਰਡੀ, ਲੈਕਚਰਾਰ ਵਰਿੰਦਰ ਸ਼ਰਮਾ ਅਤੇ ਰਿਟਾਇਰਡ ਲੈਕਚਰਾਰ ਦੀਪਕ ਸ਼ਰਮਾ ਨੇ ਸਰਕਾਰੀ ਡਿਊਟੀ ਤੋਂ ਇਲਾਵਾ ਦੇਸ਼ ਪਿਆਰ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਹੋਰਨਾਂ ਸਟੇਟ ਬੋਰਡਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਣ ਦੀ ਸੇਵਾ ਨਿਭਾ ਕੇ ਸਿੱਖਿਆ ਵਿਭਾਗ ਦਾ ਨਾਮ ਦੇਸ਼ ਪੱਧਰ ਉੱਤੇ ਚਮਕਿਆ ਹੈ।
ਇਨ੍ਹਾਂ ਅਧਿਆਪਕਾਂ ਦੀ ਇਸ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਮੈਡਮ ਦੀਵਿਆਂ ਪੀ., ਸਬ ਡਵੀਜ਼ਨਲ ਮੈਜਿਸਟ੍ਰੇਟ ਖਰੜ ਵੱਲੋਂ ਸਵਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਦੱਸ ਦਈਏ ਇਹ ਤਿੰਨੋਂ ਅਧਿਆਪਕ ਬਿਨਾਂ ਕਿਸੇ ਸਰਕਾਰੀ ਮਦਦ ਜਾਂ ਹੋਰ ਜਥੇਬੰਦੀ ਦੇ ਸਹਿਯੋਗ ਤੋਂ ਹੀ ਸਮਾਜ ਸੇਵਾ ਦੇ ਕਾਰਜ ਕਰਦੇ ਹਨ, ਉਨ੍ਹਾਂ ਵਾਤਾਵਰਨ ਤੇ ਨਸ਼ਿਆ ਦੇ ਮੁੱਦੇ ਤੇ ਵੀ ਲੋਕਾਂ ਨੂੰ ਸੁਚੇਤ ਕਰਦੇ ਹਨ।

