ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:


ਚੰਡੀਗੜ੍ਹ ਦੇ ਪ੍ਰਸਿੱਧ ਵਿਦਵਾਨ, ਗਜ਼ਲ-ਗੋ ਅਤੇ ਵਧੀਆ ਇਨਸਾਨ ਸ੍ਰੀ ਸਿਰੀ ਰਾਮ ਅਰਸ਼ ਜੀ ਦਾ ਕੱਲ੍ਹ ਰਾਤੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਸਸਕਾਰ ਅੱਜ ਮੋਹਾਲੀ ਵਿਖੇ ਸੇਜਲ ਅੱਖਾਂ ਨਾਲ ਕੀਤਾ ਗਿਆ। ਅੰਤਿਮ ਸਸਕਾਰ ਵਿਚ ਚੰਡੀਗੜ੍ਹ ਦੀਆਂ ਸਾਰੀਆਂ ਸਾਹਿਤਕ ਸਭਾਵਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਉਹ ਥੋੜ੍ਹੇ ਸਮੇਂ ਤੋਂ ਬੀਮਾਰ ਚਲ ਰਹੇ ਸਨ। ਉਹਨਾਂ ਨੇ 21 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਉਹਨਾਂ ਨੂੰ 2021 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਕਵੀ ਹੋਣ ਦਾ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਨਾਮਵਰ ਸੰਸਥਾਵਾਂ ਨੇ ਵੀ ਉਹਨਾਂ ਦਾ ਸਨਮਾਨ ਕੀਤਾ। ਉਹ ਕੇਂਦਰੀ ਪੰਜਾਬੀ ਲੇਖਕ ਸੰਘ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਪੰਜਾਬੀ ਬਚਾਓ ਮੰਚ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਹੋਰ ਸਾਹਿਤਕ ਸੰਸਥਾਵਾਂ ਨਾਲ ਲੰਬਾ ਸਮਾਂ ਜੁੜੇ ਰਹੇ।
ਉਹ ਅਣਵੰਡੇ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਰਹੇ। ਪੰਜਾਬ ਸਰਕਾਰ ਦੇ ਪੰਜਾਬੀ ਰਸਾਲੇ “ਜਾਗ੍ਰਿਤੀ” ਦੇ ਬੜੀ ਦੇਰ ਤੱਕ ਸੰਪਾਦਕ ਰਹੇ। ਉਹ ਲੋਕ ਸੰਪਰਕ ਵਿਭਾਗ, ਪੰਜਾਬ ਵਿਚੋਂ ਐਡੀਸ਼ਨਲ ਡਾਇਰੈਕਟਰ ਸੇਵਾ-ਮੁਕਤ ਹੋਏ। ਸ੍ਰੀ ਅਰਸ਼ ਜੀ ਦੇ ਪਰਿਵਾਰ ਵਿਚ ਦੋ ਬੇਟੇ ਅਤੇ ਇਕ ਬੇਟੀ ਹੈ।ਅੰਤਿਮ ਸੰਸਕਾਰ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ,ਕਾਮਰੇਡ ਬੰਤ ਸਿੰਘ ਬਰਾੜ, ਦੇਵੀ ਦਿਆਲ ਸ਼ਰਮਾ, ਜੋਗਾ ਸਿੰਘ, ਪ੍ਰੇਮ ਵਿੱਜ, ਕੇ.ਕੇ.ਸ਼ਾਰਦਾ, ਪ੍ਰੀਤਮ ਹੁੰਦਲ ਤੋਂ ਇਲਾਵਾ ਸੁਖਦੇਵ ਸਿੰਘ ਸਿਰਸਾ, ਗੁਰਨਾਮ ਕੰਵਰ, ਬਲਕਾਰ ਸਿੱਧੂ, ਲਾਭ ਸਿੰਘ ਖੀਵਾ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ, ਗੁਰਦਰਸ਼ਨ ਸਿੰਘ ਮਾਵੀ, ਪ੍ਰਿੰਸੀਪਲ ਗੁਰਦੇਵ ਪਾਲ, ਊਸ਼ਾ ਕੰਵਰ, ਦਵਿੰਦਰ ਕੌਰ ਢਿੱਲੋਂ, ਬੀ.ਆਰ.ਰੰਗਾੜਾ, ਬਾਬੂ ਰਾਮ ਦੀਵਾਨਾ, ਹਰਜੀਤ ਸਿੰਘ, ਹਰਮਿੰਦਰ ਕਾਲੜਾ, ਸ਼ਾਇਰ ਭੱਟੀ, ਪ੍ਰਲਾਦ ਸਿੰਘ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।
ਗੁਰਦਰਸ਼ਨ ਸਿੰਘ ਮਾਵੀ – 98148 51298

