www.sursaanjh.com > ਅੰਤਰਰਾਸ਼ਟਰੀ > ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ

ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 23 ਅਗਸਤ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਪ੍ਰਿੰਸੀਪਲ ਸ਼੍ਰੀਮਤੀ ਨਵਲੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਸਕੂਲ ਕੰਪਲੈਕਸ ਵਿਖੇ 100 ਦੇ ਕਰੀਬ ਵੱਖ-ਵੱਖ ਕਿਸਮਾਂ ਜਿਵੇਂ ਅੰਬ, ਅਮਰੂਦ, ਨਿੰਬੂ, ਜਾਮਣ, ਜਮੋਆ, ਔਲਾ, ਬਹੇੜਾ ਆਦਿ ਫਲਦਾਰ ਅਤੇ ਅਮਲਤਾਸ, ਸੁਹੰਜਣ, ਚਕਰਾਸਾ, ਤੁਣ ਪਿੱਪਲ, ਅਰਜਨ, ਸਾਗਵਾਨ ਅਤੇ ਸੁਖਚੈਨ ਆਦਿ ਕਿਸਮਾਂ ਦੇ ਛਾਂਦਾਰ ਬੂਟੇ ਲਗਾਏ ਗਏ।
ਉਹਨਾਂ ਕਿਹਾ ਕਿ ਅੱਜ ਦੇ ਮਸ਼ੀਨੀ ਅਤੇ ਆਧੁਨਿਕੀਕਰਨ ਦੇ ਯੁੱਗ ਵਿੱਚ ਵਾਤਾਵਰਣ ਪਲੀਤ ਹੋ ਰਿਹਾ ਹੈ। ਹਵਾ, ਪਾਣੀ ਅਤੇ ਮਿੱਟੀ ਦੂਸ਼ਿਤ ਹੋ ਰਹੇ ਹਨ। ਅਜਿਹੇ ਵਿੱਚ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ‘ਹਰ ਇੱਕ ਮਨੁੱਖ ਲਾਵੇ ਇੱਕ ਰੁੱਖ’ ਵਾਕ ਉੱਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਮਹਾ ਉਪਦੇਸ਼ ਦਿੰਦਿਆਂ ਕੁਦਰਤ ਨਾਲ ਪਿਆਰ ਪਾਉਣ ਲਈ ਕਿਹਾ ਹੈ। ਗੁਰੂ ਸਾਹਿਬ ਦੇ ਫੁਰਮਾਨ “ਬਲਿਹਾਰੀ ਕੁਦਰਤ ਵਸਿਆ” ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ। ਉਹਨਾਂ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਵੀ ਕੁਦਰਤ ਨਾਲ ਪਿਆਰ ਕਰਨ ਅਤੇ ਰੁੱਖਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਆ।

Leave a Reply

Your email address will not be published. Required fields are marked *