ਸਾਹਿਤਕ ਸੱਥ ਖਰੜ ਦੇ ਕਵੀ ਦਰਬਾਰ ਨੇ ਸ੍ਰੋਤੇ ਕੀਲੇ
ਸੱਥ ਵੱਲੋਂ ਛਪਵਾਇਆ ਜਾਵੇਗਾ ਸਾਂਝਾ ਕਾਵਿ-ਸੰਗ੍ਰਹਿ-ਜਸਵਿੰਦਰ ਸਿੰਘ ਕਾਈਨੌਰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੂਨ:
ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਅੱਜ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਰਜੀਤ ਸੁਮਨ ਸ਼ਾਮਿਲ ਹੋਏ। ਕਵੀ ਦਰਬਾਰ ਦੇ ਸ਼ੁਰੂ ’ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਪਹੁੰਚੇ ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਸੱਥ ਵੱਲੋਂ ਸਾਂਝਾ ਕਾਵਿ-ਸੰਗ੍ਰਿਹ ਛਪਵਾਉਣ ਬਾਰੇ ਤਜ਼ਵੀਜ਼ ਰੱਖੀ।


ਇਸ ਉਪਰੰਤ ਚੱਲੇ ਕਾਵਿਕ ਦੌਰ ਵਿੱਚ ਬਲਦੇਵ ਸਿੰਘ ਬੁਰਜਾਂ ਦੀ ਹਾਸ ਰਸ ਕਵਿਤਾ, ਗੁਰਸ਼ਰਨ ਸਿੰਘ ਕਾਕਾ ਦੀ ਧਾਰਮਿਕ ਕਵਿਤਾ, ਡਾ. ਸੁਦਾਗਰ ਸਿੰਘ ਪਾਲ ਨੇ ਗ਼ਜ਼ਲ ‘ਪਿੱਤਲ ਦਾ ਛੱਲਾ’, ਕੇਸਰ ਸਿੰਘ ਇੰਸਪੈਕਟਰ ਦੀ ਕਵਿਤਾ ‘ਲੋਕੀਂ ਜ਼ਹਿਰਾਂ ਖਾ ਖਾ ਮਰਦੇ’, ਜਸਵਿੰਦਰ ਸਿੰਘ ਕਾਈਨੌਰ ਦੀ ਕਵਿਤਾ ‘ਨਸ਼ਿਆਂ ’ਚੋਂ ਕੀ ਖੱਟਿਆ’, ਗ਼ਜ਼ਲਗੋ ਅਜਮੇਰ ਸਿੰਘ, ਡਾ. ਹਰਨੇਕ ਸਿੰਘ ਕਲੇਰ, ਸੁਰਜੀਤ ਸੁਮਨ ਅਤੇ ਪਿਆਰਾ ਸਿੰਘ ਰਾਹੀ ਆਦਿ ਨੇ ਉਸਾਰੂ ਗ਼ਜ਼ਲਾਂ/ ਗੀਤ ਅਤੇ ਧਿਆਨ ਸਿੰਘ ਕਾਹਲੋ, ਕਰਮਜੀਤ ਬੱਗਾ, ਟੀ. ਐਲ. ਵਰਮਾ, ਸੁਮਿੱਤਰ ਸਿੰਘ ਦੋਸਤ, ਜਸਕੀਰਤ ਸਿੰਘ ਕੁਰਾਲੀ, ਗੁਰ ਹਬੀਬ ਨਥਮਲ ਪੁਰ, ਹਾਕਮ ਸਿੰਘ ਨੱਤੀਆਂ ਖਰੜ, ਹਿੱਤ ਅਭਿਲਾਸ਼ੀ, ਮਲਕੀਤ ਨਾਗਰਾ, ਮੰਦਰ ਗਿੱਲ ਸਾਹਿਬ ਚੰਦੀਆ, ਰਣਜੋਤ ਸਿੰਘ ਰਾਣਾ, ਡਾ. ਸੁਨੀਤਾ ਰਾਣੀ, ਮੋਹਣ ਸਿੰਘ ਪ਼ੀਤ ਅਤੇ ਪੁਨੀਤ ਕੌਰ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ ਜਦੋਂ ਕਿ ਬਲਵਿੰਦਰ ਸਿੰਘ ਢਿੱਲੋਂ ਨੇ ਆਪਣੀ ਬੁਲੰਦ ਅਵਾਜ਼ ਤੇ ਅੰਦਾਜ਼ ਰਾਹੀਂ ਤਰੰਨਮ ’ਚ 72 ਕਲੀਆ ਛੰਦ ਪੇਸ਼ ਕੀਤਾ। ਇਸ ਸਮਾਗਮ ’ਚ ਪਿਜੌਰ ਤੋਂ ਉਚੇਚੇ ਤੌਰ ’ਤੇ ਪਹੁੰਚੇ ਗਾਇਕ ਗੁਰਦਾਸ ਸਿੰਘ ਦਾਸ ਨੇ ਤੂੰਬੀ ਦੀ ਤਰਜ਼ ’ਤੇ ਗਾਣੇ ਗਾਕੇ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਚਰਚਿਤ ਕਥਾਦਾਰ ਸਰੂਪ ਸਿਆਲ਼ਵੀ ਨੇ ਵੀ ਆਪਣੇ ਵਿਚਾਰ ਰੱਖੇ।
ਹੋਰਨਾਂ ਤੋਂ ਇਲਾਵਾ ਸੀਤਲ ਸਿੰਘ ਸਹੌੜਾਂ, ਭਾਗ ਸਿੰਘ ਸ਼ਾਹਪੁਰ, ਦਵਿੰਦਰ ਪਾਲ ਸਿੰਘ ਅਤੇ ਖੁਸ਼ਦੀਪ ਕੌਰ ਆਦਿ ਸਮੇਤ ਲੱਗਭਗ 40 ਮੈਂਬਰਾਂ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ’ਚ ਵੀ ਇਸੇ ਤਰਾਂ ਦਾ ਉਸਾਰੂ ਮਾਹੌਲ ਬਣਾ ਕੇ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਵਾਸੀ ਪੰਜਾਬੀਅਤ ਅਤੇ ਸਾਹਿਤ ਨਾਲ ਜੁੜੇ ਰਹਿਣ। ਮੰਚ ਸੰਚਾਲਨ ਦੀ ਕਾਰਵਾਈ ਕਰਮਜੀਤ ਸਿੰਘ ਬੱਗਾ ਵੱਲੋਂ ਬਾਖੂਬੀ ਨਿਭਾਈ ਗਈ।
ਪੇਸ਼ਕਸ਼: ਜਸਵਿੰਦਰ ਸਿੰਘ ਕਾਈਨੌਰ – 98888 42244

