www.sursaanjh.com > ਅੰਤਰਰਾਸ਼ਟਰੀ > ਉੱਘੇ ਕਵੀ ਸੁਖਵਿੰਦਰ ਸਿੰਘ ਸਿੱਧੂ ਦੀ ਕਾਵਿ-ਪੁਸਤਕ ‘ਖੁਸ਼ਬੋਅ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਰਚਾਇਆ ਗਿਆ

ਉੱਘੇ ਕਵੀ ਸੁਖਵਿੰਦਰ ਸਿੰਘ ਸਿੱਧੂ ਦੀ ਕਾਵਿ-ਪੁਸਤਕ ‘ਖੁਸ਼ਬੋਅ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਰਚਾਇਆ ਗਿਆ

ਰੂਪਨਗਰ (ਅਵਤਾਰ ਨਗਲ਼ੀਆ), 25 ਅਗਸਤ:
ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਵੱਲੋਂ ਉੱਘੇ ਪੰਜਾਬੀ ਕਵੀ ਸੁਖਵਿੰਦਰ ਸਿੰਘ ਸਿੱਧੂ ਦੀ ਕਾਵਿ ਪੁਸਤਕ ‘ਖੁਸ਼ਬੋਅ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਰਚਾਇਆ ਗਿਆ, ਜਿਸ ਵਿੱਚ ਸਾਹਿਤ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਕੀਤੀ ਅਤੇ ਬਤੌਰ ਮੁੱਖ ਮਹਿਮਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਸ਼ਾਮਿਲ ਹੋਏ।  ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਟਰੱਸਟ ਦੀ ਪ੍ਰਧਾਨ ਯਤਿੰਦਰ ਕੌਰ ਮਾਹਲ ਨੇ ਕਿਹਾ ਕਿ ਚੰਗੀ ਕਿਤਾਬ ਅਤੇ ਚੰਗੀਆਂ ਲਿਖਤਾਂ ‘ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਸੰਵਾਦ ਸਾਹਿਤ ਦਾ ਅਧਾਰ ਹੁੰਦਾ ਹੈ ਤੇ ਉਸਾਰੂ ਵਿਚਾਰ ਚਰਚਾ ਸਾਹਿਤ ਵਿੱਚ ਨਿਖਾਰ ਲਿਆਉਂਦੀ ਹੈ। ਪ੍ਰਧਾਨਗੀ ਮੰਡਲ ਵੱਲੋਂ ਸੁਖਵਿੰਦਰ ਸਿੰਘ ਸਿੱਧੂ ਦੀ ਕਾਵਿ ਪੁਸਤਕ “ਖੁਸ਼ਬੋਅ” ਦਾ ਲੋਕ ਅਰਪਣ ਕਰਨ ਉਪਰੰਤ ਪੁਸਤਕ ਤੇ ਪਰਚਾ ਪੜ੍ਹਦਿਆਂ ਡਾ. ਰਜਿੰਦਰ ਸਿੰਘ ਕੁਰਾਲੀ ਨੇ ਕਿਹਾ ਕਿ ਸੁਖਵਿੰਦਰ ਸਿੱਧੂ ਦੀ ਕਵਿਤਾ ‘ਮਾਤਾ ਧਰਤਿ ਮਹਤੁ’ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ। ਉਹਨਾਂ ਨੇ ਵੇਦਾਂ ਗ੍ਰੰਥਾਂ ਦੇ ਹਵਾਲਿਆਂ ਨਾਲ ਕਵਿਤਾ ਦੇ ਇਤਿਹਾਸਕ ਮਹੱਤਵ ਦੀ ਗੱਲ ਕਰਦਿਆਂ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਬਹੁਤ ਸਾਰਥਕ ਵਿਸ਼ਲੇਸ਼ਣ ਕੀਤਾ। ਸੁਖਵਿੰਦਰ ਸਿੱਧੂ ਨੇ ਆਪਣੀਆਂ ਚੇਤਨਾ ਅਤੇ ਮਾਨਵਤਾ ਨਾਲ ਭਰੀਆਂ ਰਚਨਾਵਾਂ ਸਾਂਝੀਆਂ ਕਰਦਿਆਂ ਜ਼ਿੰਦਗੀ ਦੇ ਵਿਸਤ੍ਰਿਤ ਫੈਲਾਅ ਦੇ ਵੱਖ-ਵੱਖ ਰੂਪਾਂ ਦੀ ਗੱਲ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸੁਖਵਿੰਦਰ ਸਿੱਧੂ ਦੀ ਕਿਤਾਬ ਵਿੱਚਲੀਆਂ ਕਵਿਤਾਵਾਂ, ਨਜ਼ਮਾਂ, ਗੀਤਾਂ ਅਤੇ ਰੁਬਾਈਆਂ ਵਿੱਚ ਸੱਚੀ ਕਿਰਤ ਦਾ ਸੁਨੇਹਾ ਹੈ। ਇਸ ‘ਚ ਪਿੰਡ ਦੀ ਮਿੱਟੀ ਦੀ ਮਹਿਕ ਹੈ ਤਾਂ ਧਰਤ ਅਤੇ ਲੋਕਾਈ ਦੀ ਪੀੜ ਵੀ ਹੈ।ਇਹ ਕਵਿਤਾਵਾਂ ਪਾਠਕ ਨੂੰ ਸੋਚਣ ਅਤੇ ਕੁਦਰਤ ਨਾਲ ਜੁੜਨ ਵੱਲ ਮੋੜਦੀਆਂ ਹਨ। ਇਸ ਮੌਕੇ  ਡਾ. ਦਵਿੰਦਰ ਸਿੰਘ ਬੋਹਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਹੁ-ਗਿਣਤੀ ਵਿੱਚ ਸਾਹਿਤ ਪ੍ਰਕਾਸ਼ਨਾ ਇਕ ਚੰਗਾ ਸੰਕੇਤ ਤਾਂ ਹੈ ਪਰ ਗਿਣਾਤਮਕ ਨਾਲੋਂ ਗੁਣਾਤਮਕ ਤੇ ਨਿੱਗਰ ਸਾਹਿਤ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ। ਉਹਨਾਂ ਕਿਹਾ ਕਿ ਸੁਖਵਿੰਦਰ ਸਿੰਘ ਸਿੱਧੂ ਦੀ ਕਵਿਤਾ ਅਤੀਤ ਦੀ ਗੱਲ ਕਰਦੀ ਹੋਈ ਵਰਤਮਾਨ ਨੂੰ ਨਾਲ ਲੈ ਅੱਗੇ ਵੱਧਦੀ ਹੋਈ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀ ਹੈ। ਉਨ੍ਹਾਂ ਨੇ ਆਧੁਨਿਕ ਤਕਨੀਕ ਏਆਈ ਦੀ ਸਾਹਿਤਕ ਖੇਤਰ ਵਿਚ ਹੋ ਰਹੀ ਘੁੱਸਪੈਠ ‘ਤੇ ਵੀ ਚਿੰਤਾ ਵਿਅਕਤ ਕੀਤੀ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਭੁਪਿੰਦਰ ਸਿੰਘ ਭਾਗੋ ਮਾਜਰਾ, ਮਨਦੀਪ ਰਿੰਪੀ, ਕੁਲਵਿੰਦਰ ਖੈਰਾਬਾਦ,  ਨਿਰਮਲ ਸਿੰਘ ਅਧਰੇੜਾ, ਅਮਰਜੀਤ ਕੌਰ ਮੋਰਿੰਡਾ, ਜਸਵੰਤ ਸਿੰਘ ਸੈਣੀ, ਗੁਰਿੰਦਰ ਕਲਸੀ, ਮੋਹਨ ਸਿੰਘ ਪਪਰਾਲਾ, ਗੁਰਨਾਮ ਸਿੰਘ ਬਿਜਲੀ, ਨਵਨੀਤ ਕੁਮਾਰ ਖਰੜ, ਹਰਦੀਪ ਸਿੰਘ ਗਿੱਲ, ਪਰਮਿੰਦਰ ਪ੍ਰੇਮ ਅਤੇ ਗੁਰਦੀਪ ਮਹੌਣ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਡਾ. ਗੁਰਪਾਲ ਸਿੰਘ ਅਤੇ ਮਨਿੰਦਰਪਾਲ ਸਿੰਘ ਸਾਹਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿੱਚ ਯਤਿੰਦਰ ਕੌਰ ਮਾਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਹਰਦੀਪ ਸਿੰਘ ਗਿੱਲ ਵੱਲੋਂ ਨਿਭਾਇਆ ਗਿਆ।
ਫੋਟੋ ਕੈਪਸ਼ਨ : ਉੱਘੇ ਕਵੀ ਸੁਖਵਿੰਦਰ ਸਿੰਘ ਸਿੱਧੂ ਦੀ ਕਵਿ-ਪੁਸਤਕ “ਖੁਸ਼ਬੋਅ” ਦਾ ਲੋਕ ਅਰਪਣ ਕਰਦਾ ਹੋਇਆ ਪ੍ਰਧਾਨਗੀ ਮੰਡਲ।

Leave a Reply

Your email address will not be published. Required fields are marked *