ਚੰਡੀਗੜ੍ਹ 29 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਉੱਘੇ ਸਾਹਿਤਕਾਰ ਤੇ ਸਮਾਜ ਸੇਵੀ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਨਿਊ ਚੰਡੀਗੜ੍ਹ ਵਾਲਿਆਂ ਨੇ ਇੱਕ ਬਿਆਨ ਜਾਰੀ ਕਰਦਿਆਂ ਵਿਦੇਸ਼ਾਂ ਅਤੇ ਦੇਸ਼ ਵਿੱਚ ਵਸਦੇ ਵੱਡੇ ਘਰਾਣਿਆਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦੀ ਜ਼ਰੂਰ ਬਾਂਹ ਫੜੇ, ਕਿਉਂਕਿ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਵਿੱਚ ਨਵਾਂ ਉਛਾਲ ਆ ਗਿਆ ਹੈ। ਇਹਨਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੇ ਸਤਾਏ ਲੋਕਾਂ ਨੂੰ ਆਪਾਂ ਸਾਰਿਆਂ ਦੀ ਮਦਦ ਦੀ ਜ਼ਰੂਰਤ ਹੈ। ਪ੍ਰਿੰਸੀਪਲ ਸ਼ੋਕਰ ਨੇ ਕਿਹਾ ਕਿ ਅੱਜ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ। ਇਨ੍ਹਾਂ ਹੜ੍ਹਾਂ ਨਾਲ ਸਿਰਫ ਇਨਸਾਨੀ ਜ਼ਿੰਦਗੀਆਂ ਹੀ ਪ੍ਰਭਾਵਿਤ ਨਹੀਂ ਹੋਈਆਂ, ਸਗੋਂ ਡੰਗਰ-ਪਸ਼ੂ ਵੀ ਮੁਸੀਬਤ ਝੱਲ ਰਹੇ ਹਨ। ਸਤਨਾਮ ਸਿੰਘ ਸ਼ੋਕਰ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਪਾਰਟੀਬਾਜ਼ੀ ਅਤੇ ਡਰਾਬੇਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ ਇਨਸਾਨੀਅਤ ਦੇ ਤੌਰ ‘ਤੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਕੇ ਇਥੋਂ ਦੇ ਲੋਕਾਂ ਦੀ ਜ਼ਰੂਰ ਸਾਰ ਲਈ ਜਾਵੇ।
ਇਹਨਾਂ ਕਿਹਾ ਕਿ ਮਨ ਦੁੱਖਦਾ ਹੈ, ਜਦੋਂ ਅਸੀਂ ਅਖਬਾਰਾਂ ਅਤੇ ਟੀਵੀ ਵਿੱਚ ਪਾਣੀ ਹੀ ਪਾਣੀ ਦੇਖ ਰਹੇ ਹਾਂ। ਪ੍ਰਿੰਸੀਪਲ ਸ਼ੋਕਰ ਨੇ ਕਿਹਾ ਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੁਝ ਮਾੜੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਲੋਕਾਂ ਲਈ ਇਹ ਮੁਸੀਬਤ ਲਿਆਂਦੀ ਹੈ, ਕਿਉਂਕਿ ਜੇਕਰ ਬਿਪਤਾ ਪੈਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤ ਲਈਆਂ ਜਾਣ ਤਾਂ ਅੱਜ ਵਰਗੇ ਦਿਨ ਸਾਨੂੰ ਨਾ ਦੇਖਣੇ ਪੈਣ। ਇਸ ਸਮਾਜ ਸੇਵੀ ਨੇ ਕਿਹਾ ਕਿ ਬਿਨਾਂ ਸ਼ੋਸ਼ੇਬਾਜ਼ੀ ਤੋਂ ਆਓ ਸਾਰੇ ਰਲ ਮਿਲ ਕੇ ਇਹਨਾਂ ਦੁਖੀ ਲੋਕਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰੀਏ ਤਾਂ ਜੋ ਇਹ ਵੀ ਸਾਡੇ ਵਰਗੀ ਜ਼ਿੰਦਗੀ ਜਿਊ ਸਕਣ।

