ਚੰਡੀਗੜ੍ਹ 4 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


‘ਪੰਜਾਬ ਵਿੱਚ ਕੁਦਰਤ ਦੀ ਮਾਰ ਨੇ ਲੋਕਾਂ ਨੂੰ ਵੱਡੀ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਬੇਸ਼ੱਕ ਮੁੱਢ ਤੋਂ ਹੀ ਇਨਸਾਨ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ, ਜਿਸ ਕਰਕੇ ਕੁਦਰਤ ਵੀ ਆਪਣਾ ਬਦਲਾ ਜ਼ਰੂਰ ਲੈਂਦੀ ਹੈ। ਪਰ ਇਸ ਮਾੜੀ ਘੜੀ ਵਿੱਚ ਸਾਨੂੰ ਸਿਆਸੀ ਰੋਟੀਆਂ ਸੇਕਣ ਨਾਲੋਂ ਇੱਕਜੁੱਟ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਜਦਕਿ ਸਰਕਾਰ ਆਪਣੇ ਵੱਲੋਂ ਢੁਕਵੇਂ ਉਪਰਾਲੇ ਕਰਕੇ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਲੱਗੀ ਹੋਈ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਗੁਰਿੰਦਰ ਸਿੰਘ ਖਿਜ਼ਰਾਬਾਦ ਨੇ ਇੱਕ ਬਿਆਨ ਜਾਰੀ ਕਰਦਿਆਂ ਕੀਤਾ ਹੈ। ਗੁਰਿੰਦਰ ਖਿਜ਼ਰਾਬਾਦ ਨੇ ਕਿਹਾ ਕਿ ਮੰਨਿਆ ਕਿ ਪੰਜਾਬ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਹੈ, ਪਰ ਬਹੁਤੀਆਂ ਸਿਆਸੀ ਪਾਰਟੀਆਂ, ਪੰਜਾਬ ਸਰਕਾਰ ਨੂੰ ਬਦਨਾਮ ਕਰਨ ‘ਤੇ ਲੱਗੀਆਂ ਹੋਈਆਂ ਜੋ ਕਿ ਸੌੜੀ ਸਿਆਸਤ ਦੀ ਨਿਸ਼ਾਨੀ ਹੈ।
ਇਸ ਯੂਥ ਆਗੂ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਲੋਕਾਂ ਦੀ ਮਦਦ ਵਿੱਚ ਜੁਟੀ ਹੋਈ ਹੈ, ਉੱਥੇ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਤੇ ਹੋਰ ਜਥੇਬੰਦੀਆਂ ਵੀ ਇਹਨਾਂ ਦੁਖੀ ਲੋਕਾਂ ਦੀ ਬਾਂਹ ਫੜ ਰਹੀਆਂ ਹਨ। ਗੁਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਟਾਈਮ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ, ਬਲਕਿ ਬਿਨਾਂ ਕਿਸੇ ਸ਼ੋਸ਼ੇਬਾਜ਼ੀ ਤੋਂ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ। ਇਸ ਆਗੂ ਅਨੁਸਾਰ ਪੰਜਾਬ ਸਰਕਾਰ ਬਿਲਕੁੱਲ ਪੰਜਾਬੀਆਂ ਦੇ ਹੱਕ ਦੀ ਗੱਲ ਕਰਦੀ ਸੀ, ਹੱਕ ਦੀ ਗੱਲ ਕਰਦੀ ਤੇ ਅਖੀਰ ਤੱਕ ਪੰਜਾਬੀਆਂ ਦੇ ਨਾਲ ਖੜ੍ਹੀ ਹੈ। ਗੁਰਿੰਦਰ ਨੇ ਦੱਸਿਆ ਕਿ ਹਾਲਾਤ ਅਜੇ ਸੁਧਰੇ ਨਹੀਂ ਹਨ ਅਤੇ ਮੀਂਹ ਹੋਰ ਪੈਣ ਦੀ ਸੁਭਾਵਨਾ ਹੈ। ਇਸ ਕਰਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕਮੁੱਠ ਹੋ ਕੇ ਸਾਡੇ ਆਪਣੇ ਵਾਸਤੇ ਖੜ੍ਹਨਾ ਚਾਹੀਦਾ ਹੈ, ਤਦ ਹੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ, ਨਹੀਂ ਤਾਂ ਕੁਦਰਤ ਦੀ ਮਾਰ ਸਮੇਤ ਸਾਨੂੰ ਕੇਂਦਰ ਸਰਕਾਰ ਦੀ ਵੱਡੀ ਮਾਰ ਪੈ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਇਹਨਾਂ ਹੜ੍ਹਾਂ ਵਿੱਚ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ।

