ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਾਜੈਕਟ ਇੰਚਾਰਜ਼ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਭਾਰਤ ਸਰਕਾਰ ਦੇ ਨਵੋਦਿਆ ਸਕੂਲਾਂ ਦੀ ਸਮਿਤੀ ਦੇ ਚੇਅਰਮੈਨ ਨੂੰ ਲਿਖੇ ਇਕ ਪੱਤਰ ਵਿਚ ਇਸ ਸਾਲ ਨਵੋਦਿਆ ਸਮਿਤੀ ਵਲੋਂ ਛੇਵੀਂ ਜਮਾਤ ਦੇ ਦਾਖਲਿਆਂ ਲਈ ਟੈੱਸਟ ਦੀ ਤਾਰੀਖ ਇਸ ਸਾਲ ਦਸੰਬਰ 2025 ਤੋਂ ਵਧਾ ਕੇ ਫਰਵਰੀ 2026 ਵਿਚ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਪਹਿਲਾ ਵੀ ਹਰ ਸਾਲ ਇਹ ਟੈੱਸਟ ਫਰਵਰੀ ਵਿਚ ਹੁੰਦੇ ਹਨ ਪਰ ਇਸ ਸਾਲ ਦਸੰਬਰ 2025 ਵਿਚ ਰੱਖੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਲੰਬੇ ਸਮੇਂ ਤੋਂ ਭਿਆਨਕ ਹੜ੍ਹਾਂ ਕਾਰਣ ਸਕੂਲਾਂ ਵਿਚ ਪੜ੍ਹਾਈ ਦੀ ਸਥਿਤੀ ਨਾਜ਼ੁਕ ਰਹੀ ਹੈ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਲਈ ਸਮਾਂ ਬਹੁਤ ਘੱਟ ਮਿਲਿਆ ਹੈ, ਜਿਸ ਕਾਰਣ ਵਿਦਿਆਰਥੀ, ਮਾਪੇ ਅਤੇ ਅਧਿਆਪਕ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਨੈਸ਼ਨਲ ਪੱਧਰ ਦਾ ਇਹ ਟੈੱਸਟ ਕਾਫੀ ਮੁਸ਼ਕਿਲ ਪਰ ਮਹੱਤਵਪੂਰਣ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਚੰਗਾ ਸਮਾਂ ਤਿਆਰੀ ਲਈ ਮਿਲਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਬੱਚਿਆਂ ਨੂੰ ਨਵੋਦਿਆ ਸਕੂਲਾਂ ਵਿਚ ਦਾਖਲੇ ਲਈ ਜ਼ਿੰਦਗੀ ਵਿਚ ਕੇਵਲ ਇਕ ਵਾਰ ਹੀ ਮੌਕਾ ਮਿਲਦਾ ਹੈ। ਇਸ ਲਈ ਇਸ ਮੌਕੇ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਹੋਣੀ ਚਾਹੀਦੀ ਹੈ। ਪ੍ਰਿੰ. ਗੋਸਲ ਨੇ ਦੱਸਿਆ ਕਿ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਪਿਛਲੇ ਬਹੁਤ ਸਾਲਾਂ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਨਵੋਦਿਆ ਸਕੂਲਾਂ ਵਿਚ ਦਾਖਲੇ ਲਈ ਮੁਫ਼ਤ ਕੋਚਿੰਗ ਪ੍ਰਦਾਨ ਕਰਦੀ ਹੈ ਅਤੇ ਹੁਣ ਤੱਕ 1500 ਬੱਚੇ ਨਵੋਦਿਆ ਸਕੂਲਾਂ ਵਿਚ ਦਾਖਲ ਕਰਵਾ ਚੁੱਕੀ ਹੈ। ਇਸ ਲਈ ਮੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਤਿਆਰੀ ਲਈ ਚੰਗਾ ਸਮਾਂ ਮਿਲਣਾ ਬਹੁਤ ਜ਼ਰੂਰੀ ਹੈ|
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਤਸਵੀਰ।

