ਚੰਡੀਗੜ੍ਹ 12 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਦੇ ਬਿੱਲ ਹਜ਼ਾਰਾਂ ਰੁਪਏ ਦੇ ਆਉਣ ਕਾਰਨ ਲੋਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ। ਮੁੱਲਾਂਪੁਰ ਤੇ ਮਾਜਰਾ ਸਥਿਤ ਪਾਵਰ ਕਾਮ ਦੇ ਉਪ ਮੰਡਲਾਂ ਤੋਂ ਆਏ ਕਰਮਚਾਰੀ ਲੋਕਾਂ ਦੇ ਘਰ ਘਰ ਜਾ ਕੇ ਉਨ੍ਹਾਂ ਦੇ ਮੀਟਰਾਂ ਦੀ ਰੀਡਿੰਗ ਕੱਢ ਕੇ ਖਪਤਕਾਰਾਂ ਦੇ ਹੱਥਾਂ ਦੇ ਹੱਥਾਂ ਵਿੱਚ ਹਜ਼ਾਰਾਂ ਰੁਪਏ ਦੇ ਬਿੱਲ ਫੜਾ ਗਏ, ਜਦਕਿ ਪਹਿਲਾਂ ਕਦੇ ਐਡੇ ਵੱਡੇ ਬਿਲ ਮੁਆਫੀ ਤੋਂ ਬਾਅਦ ਕਦੇ ਨਹੀਂ ਆਏ ਸਨ। ਲੋਕਾਂ ਅਨੁਸਾਰ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਢਾਈ ਸਾਲ ਪਹਿਲਾਂ ਬਿਜਲੀ ਸਪਲਾਈ ਦੇ ਤਿੰਨ ਸੋ ਯੂਨਿਟ ਤੱਕ ਦੀ ਹਰ ਮਹੀਨੇ ਬਿਜਲੀ ਸਪਲਾਈ ਮੁਆਫ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਿਜਲੀ ਦੇ ਬਿੱਲ ਜ਼ੀਰੋ ਹੀ ਆਉਂਦੇ ਰਹੇ।
ਲੋਕਾਂ ਅਨੁਸਾਰ ਹੁਣ ਪਿਛਲੇ ਦਿਨਾਂ ਤੋਂ ਆ ਰਹੇ ਬਿਜਲੀ ਬਿਲਾਂ ਦੀ ਵੱਡੀ ਰਕਮ ਦਰਸਾਈ ਗਈ ਹੈ। ਜਿਸ ਨੂੰ ਪੜ ਸੁਣ ਕੇ ਖਪਤਕਾਰਾਂ ਦੇ ਹੋਸ ਉਡ ਗਏ। ਪੰਜਾਬ ਸਰਕਾਰ ਤੋਂ ਇਲਾਕੇ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਛੇ ਸੋ ਯੂਨਿਟ ਤੱਕ ਘਰੇਲੂ ਬਿਜਲੀ ਸਪਲਾਈ ਮੁਆਫ ਦੇ ਨਾਂਅ ਹੇਠ ਇਹ ਆਮ ਜਨਤਾ ਨਾਲ ਨਿਰਾ ਧੋਖਾ ਹੈ। ਇਸੇ ਦੌਰਾਨ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਚੌਧਰੀ ਸਿਆਮ ਲਾਲ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਜੇ ਥੱਲੇ ਦਬੀ ਹੋਣ ਕਾਰਨ ਖਾਲੀ ਖਜਾਨੇ ਨੂੰ ਭਰਨ ਲਈ ਪੈਸਾ ਇਕੱਠਾ ਕਰਨ ਲਈ ਅਜਿਹੇ ਹੋਛੇ ਹਥਕੰਡੇ ਅਪਣਾਅ ਰਹੀ ਹੈ। ਉਨਾਂ ਕਿਹਾ ਕਿ ਬਾਦਲ ਦੀ ਅਗਵਾਈ ਹੇਠ ਪਿਛਲੀ ਅਕਾਲੀ ਦਲ ਸਰਕਾਰ ਨੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮੁਆਫ ਕਰਕੇ ਜੋ ਕਿਹਾ ਸੋ ਨਿਭਾਇਆ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਹੈ।

