ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਸਤੰਬਰ:
ਮਿਊਜ਼ੀਅਮ ਆਰਟ ਗੈਲਰੀ ਸੈਕਟਰ-10 ਚੰਡੀਗੜ੍ਹ ਵਿਖੇ ਸੰਗੀਤਾ ਸਾਹਿਤ ਸੰਗਮ ਚੰਡੀਗੜ੍ਹ ਸੰਸਥਾ ਵੱਲੋਂ ਕਰਵਾਏ ਗਏ ਸ਼ਾਨਦਾਰ ਸਮਾਗਮ ਵਿੱਚ ਡਾ. ਸੰਗੀਤਾ ਸ਼ਰਮਾ ਕੁੰਦਰਾ ਦੇ ਗੀਤਾਂ ਦੀ ਇੱਕ ਹਿੰਦੀ ਪੁਸਤਕ ਕਈ ਰੰਗ ਜ਼ਿੰਦਗੀ ਕੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ. ਮੋਹਿਤ ਮਿੱਤਲ ਵਸਤੂ ਕਲਾ ਪ੍ਰੇਮੀ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਅਰੂਣ ਸੂਦ ਸਾਬਕਾ ਮੇਅਰ ਚੰਡੀਗੜ੍ਹ ਨੇ ਸ਼ਿਰਕਤ ਕੀਤੀ। ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਰ ਦੇ ਪ੍ਰਸਿੱਧ ਗ਼ਜ਼ਲਕਾਰਾਂ ਅਤੇ ਕਵੀਆਂ ਨੇ ਭਾਗ ਲਿਆ।


ਇਸ ਸ਼ਾਨਦਾਰ ਸਮਾਗਮ ਵਿੱਚ ਸ਼ਹਿਰ ਦੀਆਂ ਕਈ ਨਾਮੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਚੇਅਰਮੈਨ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਦਾ ਨਾਮ ਵੀ ਸ਼ਾਮਲ ਸੀ। ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਲਿਖੀਆਂ ਗਈਆਂ 114 ਪੁਸਤਕਾਂ, ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਵੱਡੇ ਕਾਰਜਾਂ ਲਈ ਦਿੱਤਾ ਗਿਆ। ਸਨਮਾਨ ਵਿੱਚ ਉਨ੍ਹਾਂ ਨੂੰ ਮੁੱਖ ਮਹਿਮਾਨ ਸ੍ਰੀ ਮੋਹਿਤ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਅਰੂਣ ਸੂਦ ਸਾਬਕਾ ਮੇਅਰ ਨੇ ਇੱਕ ਸ਼ਾਲ, ਫੁੱਲਾਂ ਦੇ ਗੁਲਦਸਤੇ, ਸਨਮਾਨ ਚਿੰਨ੍ਹ ਅਤੇ ਪੁਸਤਕਾਂ ਭੇਟ ਕਰਕੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੰਗੀਤਾ ਸ਼ਰਮਾ ਕੁੰਦਰਾ, ਕੇ.ਕੇ. ਸ਼ਾਰਦਾ, ਸ੍ਰੀ ਪੇਮ ਵਿਜ, ਸ੍ਰੀ ਅਸ਼ੋਕ ਨਾਦਰ, ਬਲਕਾਰ ਸਿੰਘ ਸਿੱਧੂ, ਡਾ. ਵਿਨੋਦ ਕੁਮਾਰ ਸ਼ਰਮਾ ਅਤੇ ਸੁਰਜੀਤ ਸਿੰਘ ਧੀਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਉਨ੍ਹਾਂ ਨੂੰ ਮਿਲੇ ਸਨਮਾਨ ਲਈ ਸੰਸਥਾ ਸੰਗੀਤਾ ਸਾਹਿਤ ਸੰਗਮ ਚੰਡੀਗੜ੍ਹ ਦਾ ਧੰਨਵਾਦ ਕਰਦੇ ਹੋਏ ਸੰਸਥਾ ਦੀ ਸੰਸਥਾਪਕ ਡਾ. ਸੰਗੀਤਾ ਸ਼ਰਮਾ ਕੁੰਦਰਾ, ਸ੍ਰੀ ਪ੍ਰੇਮ ਵਿਜ, ਸ੍ਰੀ ਕੇ.ਕੇ. ਸ਼ਾਰਦਾ ਅਤੇ ਦੂਜੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਸੰਸਥਾ ਦਾ ਇਹ ਇੱਕ ਵੱਡਾ ਉਪਰਾਲਾ ਹੈ, ਜਿਸ ਵਿੱਚ ਦੂਜਿਆਂ ਪ੍ਰਾਂਤਾਂ ਤੋਂ ਵੀ ਕਵੀਆਂ ਨੇ ਆ ਕੇ ਆਪਣੇ ਫਨ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸੰਸਥਾ ਨੂੰ ਹਰ ਸਮੇਂ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਫੋਟੋ ਕੈਪਸ਼ਨ – ਮੁੱਖ ਮਹਿਮਾਨ ਡਾ. ਮੋਹਿਤ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਅਰੁਣ ਸੂਦ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਸਨਮਾਨ ਕਰਦੇ ਹੋਏ।

