ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ:
ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ ਗਈ। ਇਕੱਤਰਤਾ ਦੀ ਪ੍ਰਧਾਨਗੀ ਪਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸ੍ਰ. ਮਨਮੋਹਨ ਸਿੰਘ ਦਾਊਂ, ਕਹਾਣੀਕਾਰ ਗੁਰਮੀਤ ਸਿੰਗਲ, ਰੰਗਕਰਮੀ ਲੇਖਕ ਸ੍ਰ ਰਬਿੰਦਰ ਸਿੰਘ ਰੱਬੀ, ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਸ਼ਾਮਲ ਹੋਏ। ਸਭਾ ਦੇ ਮੈਂਬਰ ਕਰਮਜੀਤ ਸਿੰਘ ਬੱਗਾ, ਜੋ ਪਿਛਲੇ ਦਿਨੀਂ ਅਚਾਨਕ ਅਕਾਲ-ਚਲਾਣਾ ਕਰ ਗਏ ਸਨ, ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਗਈ।


ਇਸ ਮੌਕੇ ਰਬਿੰਦਰ ਸਿੰਘ ਰੱਬੀ ਦਾ ਰੂਬਰੂ ਕਰਵਾਇਆ ਗਿਆ। ਸ੍ਰੀ ਰੱਬੀ ਨੇ ਆਪਣੇ ਬਚਪਨ, ਵਿਦਿਆਰਥੀ ਜੀਵਨ, ਨਾਟਕ ਕਾਰਜ, ਲੇਖਣੀ ਤੇ ਸਮਾਜ ਸੁਧਾਰਕ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਆਪਣੀ ਸਿਰਜਣ ਪ੍ਰਕਿਰਿਆ ਤੇ ਸਾਹਿਤਕ ਸਫਰ ਦੀਆਂ ਰੌਚਿਕ ਘਟਨਾਵਾਂ ਬਿਆਨ ਕੀਤੀਆਂ, ਜਿਸ ਦਾ ਹਾਜ਼ਰੀਨ ਨੇ ਚੰਗਾ ਪ੍ਰਭਾਵ ਕਬੂਲਿਆ। ਕਵੀ ਦਰਬਾਰ ਦਾ ਆਰੰਭ ਮਲਕੀਤ ਨਾਗਰਾ ਨੇ ਆਪਣੇ ਕਾਵਿ ਰੰਗ ਨਾਲ ਬੰਨ੍ਹਿਆ। ਮੰਦਰ ਗਿੱਲ ਸਾਹਿਬਚੰਦੀਆ ਨੇ ਗੀਤ ਪੇਸ਼ ਕੀਤਾ। ਨੀਲਮ ਨਾਰੰਗ ਨੇ ਔਰਤ ਦੀ ਤ੍ਰਾਸਦੀ ਬਾਰੇ ਕਵਿਤਾ ਪੇਸ਼ ਕੀਤੀ। ਡਾ. ਰੁਪਿੰਦਰ ਕੌਰ ਨੇ ਵੱਖਰੇ ਰੰਗ ਦੀ ਕਵਿਤਾ ਪੇਸ਼ ਕੀਤੀ। ਖੁਸ਼ੀ ਰਾਮ ਨਿਮਾਣਾ ਨੇ ਤਰੰਨੁਮ ਵਿੱਚ ਗੀਤ ਪੇਸ਼ ਕੀਤੇ। ਅਮਰਜੀਤ ਕੌਰ ਮੁਰਿੰਡਾ ਨੇ ਆਪਣਾ ਕਾਵਿ ਰੰਗ ਪੇਸ਼ ਕੀਤਾ। ਮਨਮੋਹਨ ਸਿੰਘ ਦਾਉਂ ਦੀਆਂ ਦੋ ਰਚਨਾਵਾਂ ਸਮਾਗਮ ਦੀ ਪ੍ਰਾਪਤੀ ਰਹੀਆਂ। ਜਸਪਾਲ ਜੱਸੀ ਦਾ ਗੀਤ ਵੀ ਖੂਬ ਰਿਹਾ। ਗੁਰਮੀਤ ਸਿੰਗਲ ਨੇ ਸਮਾਗਮ ਦੀ ਵੱਖਰਤਾ ਤੇ ਖੁਸ਼ੀ ਪ੍ਰਗਟਾਈ। ਸੁਰਿੰਦਰ ਰਸੂਲਪੁਰੀ ਤੇ ਸੁਰਜੀਤ ਸੁਮਨ ਵੱਲੋਂ ਆਪਣੇ ਮੁੱਲਵਾਨ ਵਿਚਾਰ ਪ੍ਰਗਟਾਏ ਗਏ। ਪ੍ਰਿੰਸੀਪਲ ਸ਼ੇਰ ਸਿੰਘ ਨੇ ਸਮਾਗਮ ਦੀ ਸਰਾਹਨਾ ਕੀਤੀ। ਮੁੱਖ ਮਹਿਮਾਨ ਕੌਸਲਰ ਜਸਵੀਰ ਰਾਣਾ ਨੇ ਜਿੱਥੇ ਸਮਾਗਮ ਨੂੰ ਖੂਬਸੂਰਤ ਕਿਹਾ, ਉੱਥੇ ਉਹਨਾਂ ਸਭਾ ਦੀ ਮਾਲੀ ਸਹਾਇਤਾ ਵੀ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਪਿੰਸੀਪਲ ਬਹਾਦਰ ਸਿੰਘ ਗੋਸਲ ਨੇ ਸਭਾ ਦੇ ਨਿਵੇਕਲੇ ਕਾਰਜਾਂ ਦੀ ਪ੍ਰਸੰਸਾ ਕੀਤੀ ਤੇ ਮਾਂ ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟਾਏ। ਆਪਣੀਆਂ ਆਲੋਚਨਾਤਮਕ ਟਿੱਪਣੀਆਂ ਰਾਹੀਂ ਡਾ ਜਸਪਾਲ ਜੱਸੀ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ।

