ਨਵੀਂ ਸਰਕਾਰ ‘ਚ ਪੁਰਾਣੇ ਪਿੱਪਲ ਕਿਵੇਂ ਪੱਟ ਹੋਣਗੇ? ਰੱਬ ਜਾਣੇਂ
ਉਂਝ ਪਿੱਪਲਾਂ ਦੀ ਛਾਂ ਬੜੀ ਗਾੜ੍ਹੀ ਤੇ ਠੰਢੀ ਹੁੰਦੀ ਹੈ
ਚੰਡੀਗੜ੍ਹ 21 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਨਵੀਂ ਸਰਕਾਰ ਨਵੀਂਆ ਉਮੀਦਾ ਦਾ ਪਿਟਾਰਾ ਲੈ ਕੇ ਆਈ ਹੈ। ਸਾਫ਼-ਸੁਥਰੇ ਢਾਂਚੇ ‘ਚ ਕੰਮ ਕਰਨ ਵਾਲੇ ਲੋਕ ਤਾਂ ਖੁਸ਼ ਹਨ ਪਰ ਹਰਾਮ ਦੀਆਂ ਖਾਣ ਵਾਲਿਆਂ ਦੀ ਤਾਂ ਜਿਵੇਂ ਦੁਨੀਆਂ ਹੀ ਉਜੜ ਗਈ ਹੈ। ਮੰਨਿਆ ਸਰਕਾਰ ‘ਚ ਨਵੇਂ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਹਨ ਪਰ ਜਨਾਬ ਅਫ਼ਸਰ ਤਾਂ ਉਹੀ ਸਰਕਾਰੀ ਤੇ ਪੁਰਾਣੇ ਤੇ ਭ੍ਰਿਸ਼ਟ ਹੀ (ਸਾਰੇ ਨਹੀਂ) ਹਨ। ਉਂਝ ਪਿੱਪਲਾਂ ਦੀ ਛਾਂ ਬੜੀ ਗਾੜ੍ਹੀ ਤੇ ਠੰਢੀ ਹੁੰਦੀ ਹੈ। ਇਮਾਨਦਾਰੀ ਦੀ ਚਾਬੀ ਨਾਲ ਭ੍ਰਿਸ਼ਟ ਅਫ਼ਸਰੀ ਤਾਲ਼ੇ ਔਖੇ ਹੀ ਖੁੱਲਣੇ ਹਨ। ਇਹੋ ਕਾਰਨ ਹੈ ਕਿ ਕਿਸੇ ਨਾ ਕਿਸੇ ਬਹਾਨੇ ਇਹ ਹੜਤਾਲ ਕਰਕੇ ਬੈਠ ਜਾਂਦੇ ਹਨ ਕਿਉਂਕਿ ਰਿਸ਼ਵਤ ਦੀਆਂ ਚੁਸਕੀਆਂ ਖਾਣ-ਪੀਣ ਦੀ ਆਦਤ ਜੁ ਪਈ ਹੋਈ ਹੈ। ਮੁੱਖ ਮੰਤਰੀ ਨੇ ਸੱਤਾ ਦਾ ਸਟੇਅਰਿੰਗ ਸੰਭਾਲਦਿਆ ਹੀ ਕਿਹਾ ਸੀ ਕਿ ਇਕ ਅਫ਼ਸਰ ਇਕ ਸੀਟ ‘ਤੇ ਜ਼ਿਆਦਾ ਦੇਰ ਨਹੀਂ ਬਹਿ ਸਕਦਾ ਕਿਉਂਕਿ ਇਸ ਨਾਲ ਕੰਮ ‘ਚ ਇਮਾਨਦਾਰੀ ਨਹੀਂ ਰਹਿੰਦੀ ਹੈ।
ਮੰਨਿਆ ਇਹ ਸਰਕਾਰ ਕਰ ਸਕਦੀ ਹੈ ਪਰ ਅਜੇ ਤੱਕ ਇਹ ਬਿਆਨ ਅਖਬਾਰਾਂ ਦੀ ਬੁੱਕਲ ‘ਚ ਹੀ ਹਨ ਕਿਉਂਕਿ ਨਵੀਂ ਸਰਕਾਰ ‘ਚ ਪੁਰਾਣੇ ਪਿੱਪਲ ਪੁੱਟਣੇ ਔਖੋ ਹਨ ਕਿਉਂਕਿ ਪਹਿਲਾ ਵਾਲਾ ਹੀ ਵਰਤਾਰਾ ਚੱਲ ਰਿਹਾ ਹੈ। ਆਮ ਹੀ ਦੇਖ ਸਕਦੇ ਹਾਂ ਕਿ ਇੱਕ ਹੀ ਸੀਟ ‘ਤੇ ਬੈਠੇ-ਬੈਠੇ ਅਫ਼ਸਰ, ਮੁਲਾਜ਼ਮ ਤੇ ਸੇਵਾਦਾਰ ਬੁੱਢੇ ਹੋ ਗਏ ਹਨ। ਬਲਾਕ ਮਾਜਰੀ ਦੇ ਬਹੁਤ ਸਰਕਾਰੀ ਦਫਤਰ ਹਨ, ਜਿੱਥੇ ਇਹ ਪ੍ਰਾਣੀ ਆਮ ਹੀ ਮਿਲ ਜਾਣਗੇ। ਬੀਡੀਪੀਓ ਦਫ਼ਤਰ ‘ਚ ਬੀਡੀਪੀਓ ਦੀ ਬਦਲੀ ਤਾਂ ਭੁੱਲ-ਭੁਲੇਖੇ ਹੋ ਜਾਂਦੀ ਹੈ ਪਰ ਸੈਕਟਰੀ, ਗ੍ਰਾਮ ਸੇਵਕ ਸਮੇਤ ਹੋਰ ਮੁਲਾਜ਼ਮ, ਸਣੇ ਸੇਵਾਦਾਰ 20-25 ਸਾਲਾਂ ਤੋਂ ਇਥੇ ਡੇਰੇ ਲਾ ਬੈਠੇ ਹਨ। ਇਹੋ ਹਾਲ ਤਹਿਸੀਲ ਦਫ਼ਤਰ ਦਾ ਹੈ। ਇਸ ਤਰਾਂ ਹੀ ਪਟਵਾਰੀ ਵੀ ਪੱਕਾ ਕਬਜ਼ਾ ਕਰੀ ਬੈਠੇ ਹਨ। ਸੜਕ ਵਿਭਾਗ ਦਾ ਇਕ ਜੇਈ ਗਿਆਰਾਂ ਸਾਲਾਂ ਤੋਂ ਮਾਜਰੀ ਇਲਾਕੇ ‘ਚ ਹੀ ਦਿਲ ਲਾਈ ਬੈਠਾ ਹੈ। ਖਾਸ ਗੱਲ ਇਹ ਵੀ ਹੈ ਕਿ ਜੇਈ ਦੇ ਹੁੰਦਿਆਂ ਪੰਜ ਐਸਡੀਓ ਬਦਲ ਗਏ ਹਨ ਪਰ ਜੇਈ ਲੁੱਕ ‘ਚ ਪੈਰ ਗੱਡੀ ਖੜਾ ਹੈ।
ਜੰਗਲਾਤ ਵਿਭਾਗ ‘ਚ ਵੀ ਇਹੋ ਹਾਲ ਹੈ। ਇਥੇ ਵੀ ਮੁੱਦਤਾਂ ਬੀਤ ਗਈਆਂ ਸੱਜਣਾਂ ਨੂੰ ਡਿਊਟੀ ਕਰਦਿਆ ਕਰਦਿਆ, ਸਮੇਤ ਹੋਰ ਵੀ ਅਦਾਰੇ ਹਨ, ਜਿਥੇ ਮੁਲਾਜ਼ਮ ਚੜ੍ਹਦੀ ਉਮਰੇ ਆਏ ਸਨ ਤੇ ਹੁਣ ਲੱਗਪਗ ਫਾਰਗ ਹੋਣ ਵਾਲੇ ਹੀ ਹਨ। ਮੰਨਣਾ ਪਵੇਗਾ ਕਿ ਐਨੀ ਦੇਰ ਇਕੋ ਸੀਟ ਤੇ ਟਿਕੇ ਰਹਿਣਾ ਸਰਕਾਰੀ ਕੰਮ ‘ਚ ਕੁਤਾਹੀ ਤੇ ਰਿਸ਼ਵਤਖੋਰੀ ਨੂੰ ਵਧਾਉਣਾ ਹੈ। ਇਮਾਨਦਾਰ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀ ਗੱਲ ਵੱਖਰੀ ਹੈ। ਸ਼ੁਰੂ ਸ਼ੁਰੂ ‘ਚ ਜਦ ਸਰਕਾਰ ਬਣੀ ਤਾਂ ਚਾਅ-ਚਾਅ ‘ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਚੱਕਰ ਮਾਰ-ਮਾਰ ਅਫ਼ਸਰ ਕਮਲ਼ੇ ਕਰ ਦਿੱਤੇ ਸਨ। ਪਰ ਹੁਣ ਉਹ ਨੇਤਾ ਜੀ ਵੀ ਗਾਇਬ ਹਨ। ਉਨ੍ਹਾਂ ਦਾ ਪਿੱਪਲਾਂ ਵੱਲ ਧਿਆਨ ਹੀ ਨਹੀਂ ਗਿਆ ਕਿ ਸਰਕਾਰ ਨੇ ਤਾਂ ਇਹਨਾਂ ਨੂੰ ਬਦਲਣ ਦੀ ਗੱਲ ਕੀਤੀ ਸੀ ਪਰ ਇਹ ਤਾਂ ਇਥੇ ਹੀ ਬਿਰਾਜਮਾਨ ਹਨ। ਬਾਕੀ ਭਾਈ ਰੱਬ ਦੀਆਂ ਰੱਬ ਈ ਜਾਣੇ।
ਪੇਸ਼ਕਸ਼: ਅਵਤਾਰ ਨਗਲ਼ੀਆ – 86997 66501

