Breaking
www.sursaanjh.com > ਅੰਤਰਰਾਸ਼ਟਰੀ > ਹਲਕਾ ਖਰੜ ਵਿੱਚ ਫ਼ਲਦਾਰ ਤੇ ਛਾਂਦਾਰ 50 ਹਜ਼ਾਰ ਪੌਦੇ ਲਾਉਣ ਦਾ ਟੀਚਾ ਹੈ -ਚੌਧਰੀ ਮਾਜਰੀਆਂ 

ਹਲਕਾ ਖਰੜ ਵਿੱਚ ਫ਼ਲਦਾਰ ਤੇ ਛਾਂਦਾਰ 50 ਹਜ਼ਾਰ ਪੌਦੇ ਲਾਉਣ ਦਾ ਟੀਚਾ ਹੈ -ਚੌਧਰੀ ਮਾਜਰੀਆਂ 

ਚੰਡੀਗੜ੍ਹ 5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਭਾਈ ਹਿੰਮਤ ਸਿੰਘ ਸੁਮਨ (ਪ੍ਰਸਿੱਧ ਢਾਡੀ ਰਾਗੀ) ਵੱਲੋਂ ਇਸ ਕੰਮ ਦੀ ਸ਼ੁਰੂਆਤ, ਅਰਦਾਸ ਬੇਨਤੀ ਕਰਕੇ ਕਰਵਾਈ ਗਈ। ਸਮੂਹ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ, ਜਿਸ ਦੌਰਾਨ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਕਰੀਬਨ 50 ਹਜ਼ਾਰ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਕਸਬਾ ਮੁੱਲਾਂਪੁਰ ਗਰੀਬਦਾਸ ਤੋਂ ਉਨ੍ਹਾਂ ਦੇ ਪਿੰਡ ਦੀ ਦੂਰੀ ਸਿਰਫ ਚਾਰ ਕੁ ਕਿਲੋਮੀਟਰ ਹੀ ਹੈ ਪਰ ਉਨ੍ਹਾਂ ਦੇ ਪਿੰਡਾਂ ਵਿੱਚ ਪੌਦਿਆਂ ਦੀ ਜ਼ਿਆਦਾ ਤਾਦਾਦ ਹੋਣ ਕਾਰਨ ਮੁੱਲਾਂਪੁਰ ਅਤੇ ਉਨ੍ਹਾਂ ਦੇ ਪਿੰਡਾਂ ਦੇ ਮੌਸਮ ਵਿੱਚ ਬਹੁਤ ਅੰਤਰ ਹੈ। ਕਿਉਂਕਿ ਨਿਊ ਚੰਡੀਗੜ੍ਹ ਬਣਨ ਸਮੇਂ ਇਸ ਇਲਾਕੇ ਵਿੱਚੋਂ ਸਾਲਾਂ ਪੁਰਾਣੇ ਦਰੱਖਤ ਕੱਟਣ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਅੰਬ, ਨਿੰਮ, ਪਿੱਪਲ, ਜਾਮਣ ਆਦਿ ਤੋਂ ਇਲਾਵਾ ਹੋਰ ਬਹੁਤ ਕਿਸਮਾਂ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਪੌਦਿਆਂ ਦੀ ਉਮਰ ਵੀ ਲੰਮੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਲਈ ਉਨ੍ਹਾਂ ਵੱਲੋਂ ਦਸ ਦੇ ਕਰੀਬ ਵਰਕਰਾਂ ਨੂੰ ਲਗਾਇਆ ਗਿਆ ਹੈ ਜੋ ਇਨ੍ਹਾਂ ਵਿਚ ਪਾਣੀ ਪਾਉਣ ਤੋਂ ਇਲਾਵਾ ਹਰ ਤਰ੍ਹਾਂ ਦੀ ਸਾਂਭ ਸੰਭਾਲ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਕੋਈ ਵੀ ਪੰਚਾਇਤ ਜਾਂ ਸਮਾਜ ਸੇਵੀ ਸੰਸਥਾ ਆਪਣੇ ਪਿੰਡ ਵਿੱਚ ਪੌਦੇ ਲਗਾਉਣੇ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਪੌਦੇ ਲਾਉਣ ਦਾ ਫੈਸਲਾ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ, ਇਸ ਵਿਚ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਰੋਲ ਨਹੀਂ ਹੈ। ਇਸ ਮੌਕੇ ਹਾਜ਼ਰ ਸਮਾਜ ਸੇਵੀ ਸ੍ਰੀ ਅਰਵਿੰਦ ਪੁਰੀ, ਚੇਅਰਮੈਨ, ਪੁਰੀ ਟਰੱਸਟ ਵੱਲੋਂ ਚੌਧਰੀ ਮਾਜਰੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਨੂੰ ਵੀ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਮਾਸਟਰ ਅਜੈ ਕੁਮਾਰ ਮੁੱਲਾਂਪੁਰ, ਗਿਆਨੀ ਹਿੰਮਤ ਸਿੰਘ ਅਤੇ ਹੋਰ ਟੀਮ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *