www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ‘ਕਿਡਜ਼ ਐਂਡ ਕਿਡਜ਼ ਸਕੂਲ’ ਵਿੱਚ ਬਾਲ ਮਿਲਣੀ ਅਤੇ ਬਾਲ ਕਵੀ ਦਰਬਾਰ ਕਰਵਾਇਆ ਗਿਆ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ‘ਕਿਡਜ਼ ਐਂਡ ਕਿਡਜ਼ ਸਕੂਲ’ ਵਿੱਚ ਬਾਲ ਮਿਲਣੀ ਅਤੇ ਬਾਲ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਨਵੰਬਰ:

ਅੱਜ ਵਿਸ਼ਵ ਪੰਜਾਬ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕਿਡਜ ਐਂਡ ਕਿਡਜ ਸੈਕੰਡਰੀ ਸਕੂਲ ਸੈਕਟਰ-42, ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਲ ਮਿਲਣੀ ਅਤੇ ਧਾਰਮਿਕ ਬਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਕੀਤੀ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦੂਜੇ ਅਹੁਦੇਦਾਰ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਸੰਯੁਕਤ ਸਕੱਤਰ ਸ੍ਰੀ ਕ੍ਰਿਸ਼ਨ ਰਾਹੀ, ਮੁੱਖ ਸਲਾਹਕਾਰ ਪਾਲ ਅਜਨਬੀ ਅਤੇ ਸਲਾਹਕਾਰ ਬਲਵਿੰਦਰ ਸਿੰਘ ਵੀ ਸ਼ਾਮਲ ਸਨ। ਸਭ ਤੋਂ ਪਹਿਲਾ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਫਿਰ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਕਵਿਤਾਵਾਂ ਨਾਲ ਕਵੀ ਦਰਬਾਰ ਦੀ ਆਰੰਭਤਾ ਹੋਈ।

ਬੱਚਿਆਂ ਵਲੋਂ ਸੁਣਾਈਆਂ ਕਵਿਤਾਵਾਂ ਤੋਂ ਬਾਅਦ ਸੰਸਥਾ ਦੇ ਅਹੁਦੇਦਾਰਾਂ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਆਪਣੀਆਂ-ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਪਹਿਲਾ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਨੌਵੇਂ ਪਾਤਿਸ਼ਾਹ ਜੀ ਦੇ ਜੀਵਨ ਬਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਅਤੇ ਅਨਿਆਏ ਦੇ ਵਿਰੁੱਧ ਆਪ ਦਿੱਲੀ ਜਾ ਕੇ ਸ਼ਹੀਦੀ ਦਿੱਤੀ ਅਤੇ ਔਰੰਗਜ਼ੇਬ ਦੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਉਨ੍ਹਾਂ ਨੇ ਸੰਸਾਰ ਨੂੰ ਨਵੀਂ ਸੇਧ ਦਿੰਦੇ ਹੋਏ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰਾਂ ਬੜੀਆਂ ਮੁਸ਼ਕਲਾਂ ਦੇ ਵਿੱਚ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ। ਸ੍ਰ. ਜਗਤਾਰ ਸਿੰਘ ਜੋਗ ਨੇ ਵੀ ਗੁਰੂ ਜੀ ਦੇ ਜੀਵਨ ਤੇ ਰੋਸ਼ਨੀ ਪਾਉਂਦੇ ਹੋਏ ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਦੋ ਕਵਿਤਾਵਾਂ ‘‘ਆਓ ਬੱਚਿਆਂ ਨੂੰ ਇਤਿਹਾਸ ਪੜ੍ਹਾਈਏ’’, ‘‘ਸ਼ਹੀਦੀ ਗੁਰੂ ਤੇਗ ਬਹਾਦਰ ਜੀ’’ ਬਹੁਤ ਹੀ ਵਿਲੱਖਣ ਢੰਗ ਵਿੱਚ ਗਾ ਕੇ ਸੁਣਾਈਆਂ। ਸ੍ਰ. ਅਵਤਾਰ ਸਿੰਘ ਮਹਿਤਪੁਰੀ ਨੇ ‘‘ਬਲਿਦਾਨ ਗੁਰੂ ਤੇਗ ਬਹਾਦਰ ਜੀ’’, ਕ੍ਰਿਸ਼ਨ ਰਾਹੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਵਿਤਾ ਪੜ੍ਹੀ, ਜਦੋਂ ਕਿ ਸ੍ਰੀ ਪਾਲ ਅਜਨਬੀ ਨੇ ਗੁਰੂ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਆਪਣੀ ਨਵੀਂ ਕਵਿਤਾ ਸ਼ਹੀਦੀ ਦਿਹਾੜੇ ਨੂੰ ਅਰਪਿਤ ਕੀਤੀ| ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚੇ ਅਤੇ ਬਾਲ ਕਵੀ ਵੀ ਹਾਜ਼ਰ ਸਨ।

ਸਮਾਗਮ ਦੇ ਦੂਜੇ ਪੜਾਅ ਵਿੱਚ ਸੰਸਥਾ ਦੇ ਅਹੁਦੇਦਾਰਾਂ ਵਲੋਂ ਸਕੂਲ ਦੇ 40 ਵਿਦਿਆਰਥੀਆਂ ਨੂੰ ਪ੍ਰਿੰ. ਗੋਸਲ ਰਚਿਤ ਪੁਸਤਕਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪੰਜਾਬੀ ਅਧਿਆਪਕਾਂ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਜੈਸਮੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਪ੍ਰਿੰਸੀਪਲ ਅਨੁਪਮ ਗਰੇਵਾਲ, ਹਾਸਿੰਕਾ ਮੈਦਾਨ, ਸ੍ਰੀਮਤੀ ਅਮਨਪ੍ਰੀਤ ਕੌਰ, ਸ੍ਰੀਮਤੀ ਸਵਾਤੀ, ਸ੍ਰੀਮਤੀ ਨਿਸ਼ਾ ਦੇ ਨਾਮ ਸ਼ਾਮਲ ਸਨ। ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸੰਸਥਾ ਦੇ ਸਾਰੇ ਅਹੁਦੇਦਾਰਾਂ ਅਤੇ ਕਵੀਆਂ ਵਲੋਂ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਮਾਗਮ ਪ੍ਰਬੰਧਕ ਸ੍ਰੀਮਤੀ ਅਮਨਪ੍ਰੀਤ ਕੌਰ ਵਲੋਂ ਆਏ ਮਹਿਮਾਨਾਂ ਦਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

ਫੋਟੋ ਕੈਪਸ਼ਨ – ਕਿਡਜ਼ ਐਂਡ ਕਿਡਜ਼ ਸੈਕੰਡਰੀ ਸਕੂਲ ਸੈਕਟਰ-42 ਚੰਡੀਗੜ੍ਹ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਅਤੇ ਮੈਡਮ ਅਮਨਪ੍ਰੀਤ ਕੌਰ।

Leave a Reply

Your email address will not be published. Required fields are marked *