ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਮਨਾਇਆ ਗਿਆ 44ਵਾਂ ਸਥਾਪਨਾ ਦਿਵਸ – ਸੁਰਜੀਤ ਮਜਾਰੀ
ਪੰਜ ਨਾਮਵਰ ਸ਼ਖਸੀਅਤਾਂ ਸਤਨਾਮ ਸਿੰਘ ਮਾਣਕ, ਡਾ. ਕੁਲਵੰਤ ਕੌਰ ਪਟਿਆਲ਼ਾ, ਮਲਕੀਅਤ ਸਿੰਘ ਔਜਲਾ, ਕਿਰਪਾਲ ਸਿੰਘ ਬਲਾਕੀਪੁਰ ਅਤੇ ਜਸਵਿੰਦਰ ਫਗਵਾੜਾ ਦਾ ਨਵਜੋਤ ਪੁਰਸਕਾਰ-2025 ਨਾਲ਼ ਕੀਤਾ ਗਿਆ ਸਨਮਾਨ
ਰਾਹੋਂ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ:


ਰੂਪਨਗਰ ਸ਼ਹਿਰ ਨੂੰ ਖਹਿ ਕੇ ਲੰਘਦੇ ਸਤਲੁਜ ਦਰਿਆ ਦਾ ਪੁਲ਼ ਲੰਘਦਿਆਂ ਹੀ ਦੋ-ਆਬਾਂ ਵਿਚਕਾਰ ਘਿਰਿਆ ਅਹਿਮ ਖਿੱਤਾ ਦੋਆਬਾ ਤੁਹਾਡਾ ਸਵਾਗਤ ਕਰਦਾ ਹੈ। ਕਿਸੇ ਵੇਲ਼ੇ ਚੌਧਰੀਆਂ ਅਤੇ ਚੋਆਂ ਦੇ ਇਲਾਕੇ ਵਜੋਂ ਜਾਣਿਆਂ ਜਾਂਦਾ ਬਲਾਚੌਰ-ਨਵਾਂ ਸ਼ਹਿਰ ਦਾ ਸਰਸਬਜ਼ ਖਿੱਤਾ ਆਪਣੀ ਖੂਬਸੂਰਤੀ ਦੀ ਮਿਸਾਲ ਆਪ ਹੈ। ਪਾਪੂਲਰ ਅਤੇ ਹੋਰ ਦਰੱਖਤਾਂ ਨਾਲ਼ ਭਰੇ ਭਰੇ ਖੇਤ ਸੋਹਣੇ ਮੌਸਮੀ ਵਾਤਾਵਰਣ ਨਾਲ਼ ਮਹਿਕੇ ਮਹਿਕੇ ਦਿਖਾਈ ਦਿੰਦੇ ਹਨ।
ਇੱਥੇ ਹੀ ਨੇੜੇ-ਤੇੜੇ ਵਸਦੇ ਹਨ ਚਰਚਿਤ ਸ਼ਖਸੀਅਤ ਸੁਰਜੀਤ ਮਜਾਰੀ, ਗ਼ਜ਼ਲਗੋ ਗੁਰਦਿਆਲ ਰੌਸ਼ਨ ਤੇ ਹੋਰ ਬਹੁਤ ਸਾਰੇ ਸਮਾਜ, ਸਾਹਿਤ ਤੇ ਸਭਿਆਚਾਰ ਨੂੰ ਪਰਣਾਏ ਲੋਕ। ਸਮਰਾਲ਼ਾ-ਮਾਛੀਵਾੜਾ ਪਾਸਿਉਂ ਸਤਲੁਜ ਟੱਪਦਿਆਂ ਰਾਹੋਂ-ਔੜ ਦਾ ਦਿਲਕਸ਼ ਇਲਾਕਾ ਤੁਹਾਡਾ ਰਾਹ ਰੋਕ ਖੜ੍ਹਦਾ ਹੈ। ਇੱਥੇ ਹੀ ਪਿਛਲੇ 44 ਸਾਲਾਂ ਤੋਂ ਪਾਏਦਾਰ ਸਾਹਿਤ ਦੀ ਨਿਰੰਤਰ ਮਹਿਕ ਖਿਲਾਰਦੀ ਨਵਜੋਤ ਸਾਹਿਤ ਸੰਸਥਾ, ਔੜ ਦੀ ਨੀਂਹ ਰੱਖੀ ਅੱਜ ਦੀ ਗ਼ਜ਼ਲਕਾਰੀ ਵਿੱਚ ਚਮਕਦੇ ਸਿਤਾਰੇ ਗੁਰਦਿਆਲ ਰੌਸ਼ਨ ਨੇ। ਬਾਕੀ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਮੈਂ ਗੁਰਦਿਆਲ ਰੌਸ਼ਨ, ਸੰਧੂ ਵਰਿਆਣਵੀ, ਸਤਪਾਲ ਸਾਹਲੋਂ, ਸੁਰਜੀਤ ਮਜਾਰੀ, ਸਤਨਾਮ ਸਿੰਘ ਮਾਣਕ, ਪ੍ਰਿੰਸੀਪਲ ਨਛੱਤਰ ਸਿੰਘ ਸੁਮਨ, ਡਾ. ਕੁਲਵਿੰਦਰ ਸਿੰਘ ਢਾਹਾਂ ਆਦਿ ਸ਼ਖਸੀਅਤਾਂ ਦੇ ਨਾਵਾਂ, ਸਾਹਿਤ ਨਾਲ਼ ਉਨ੍ਹਾਂ ਦੇ ਲਗਾਓ ਅਤੇ ਸਮਾਜਿਕ ਖੇਤਰ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵਾਕਫੀਅਤ ਨਾਲ਼ ਰੂਬਰੂ ਰਿਹਾ ਹਾਂ।
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵੱਲੋਂ ਆਪਣੇ 44ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਪੰਜਾਬ ਦੀਆਂ ਨਾਮਵਰ ਪੰਜ ਸ਼ਖਸੀਅਤਾਂ ਸਤਨਾਮ ਸਿੰਘ ਮਾਣਕ, ਡਾ. ਕੁਲਵੰਤ ਕੌਰ ਪਟਿਆਲ਼ਾ, ਮਲਕੀਅਤ ਸਿੰਘ ਔਜਲਾ, ਕਿਰਪਾਲ ਸਿੰਘ ਬਲਾਕੀਪੁਰ ਅਤੇ ਜਸਵਿੰਦਰ ਫਗਵਾੜਾ ਦਾ ਨਵਜੋਤ ਪੁਰਸਕਾਰ-2025 ਨਾਲ਼ ਸਨਮਾਨ ਕੀਤਾ ਗਿਆ। ਇਨ੍ਹਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਵੇਲ਼ੇ ਉਨ੍ਹਾਂ ਬਾਰੇ ਲਿਖੇ ਮਾਣ-ਪੱਤਰ ਪੜ੍ਹੇ ਗਏ। ਇਸ ਮੌਕੇ ਕਰਵਾਇਆ ਗਿਆ ਕਵੀ ਦਰਬਾਰ ਵੀ ਇੱਕ ਵੱਖਰੇ ਰੰਗ ਵਿੱਚ ਪੇਸ਼ ਹੋਇਆ। ਸੰਸਥਾ ਵੱਲੋਂ ਇਸ ਮੌਕੇ ਚਰਚਿਤ ਪੱਤਰਕਾਰ ਅਵਤਾਰ ਭੰਵਰਾ, ਕਹਾਣੀਕਾਰ ਗੁਰਮੀਤ ਸਿੰਗਲ, ਲੇਖਕ ਸੁਰਜੀਤ ਸੁਮਨ ਨੂੰ ਵੀ ਯਾਦ ਚਿੰਨ੍ਹ ਦੇ ਕੇ ਮਾਣ ਵਧਾਇਆ ਗਿਆ। ਦੋਆਬੇ ਦੀ ਧਰਤੀ ‘ਤੇ ਹੋਏ ਇਸ ਵਿਲੱਖਣ ਪੁਰਸਕਾਰ ਸਮਾਰੋਹ ਨੂੰ ਸਰੋਤਿਆਂ ਵੱਲੋਂ ਚਿਰਾਂ ਤੱਕ ਚੇਤਿਆਂ ਵਿੱਚ ਸਾਂਭੀ ਰੱਖਿਆ ਜਾਵੇਗਾ। ਬਹੁਪੱਖੀ ਲੇਖਕ ਮਲਕੀਅਤ ਸਿੰਘ ਔਜਲਾ ਨੂੰ ਇਸ ਸੰਸਥਾ ਵੱਲੋਂ ਸਨਮਾਨਿਤ ਕਰਨ ‘ਤੇ ਸਨੇਹੀਆਂ, ਮਿੱਤਰਾਂ ਅਤੇ ਸਹਿਕਰਮੀਆਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨਵਜੋਤ ਸੰਸਥਾ ਦੇ ਨਾਲ਼ ਨਾਲ਼ ਸਾਰਿਆਂ ਦਾ ਧੰਨਵਾਦ ਕੀਤਾ।

