www.sursaanjh.com > ਅੰਤਰਰਾਸ਼ਟਰੀ > ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਇੰਟਰਨੈਸ਼ਨਲ ਪੋਇਟਰੀ ਫੈਸਟੀਵਲ ਸਰੋਤਿਆਂ ਵੱਲੋਂ ਸਲਾਹਿਆ ਗਿਆ – ਸੁਭਾਸ਼ ਭਾਸਕਰ

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਇੰਟਰਨੈਸ਼ਨਲ ਪੋਇਟਰੀ ਫੈਸਟੀਵਲ ਸਰੋਤਿਆਂ ਵੱਲੋਂ ਸਲਾਹਿਆ ਗਿਆ – ਸੁਭਾਸ਼ ਭਾਸਕਰ

ਨਾਮੀ ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ ਵੱਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ 

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂ.ਟੀ. ਗੈੱਸਟ ਹਾਊਸ, ਚੰਡੀਗੜ੍ਹ ਵਿਖੇ ਇੰਟਰਨੈਸ਼ਨਲ ਪੋਇਟਰੀ ਫ਼ੈਸਟੀਵਲ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਵੱਲੋਂ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ ਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਯੋਜਨਾ ਰਾਵਤ ਹਾਜ਼ਰ ਹੋਏ। ਸਵਾਗਤੀ ਸ਼ਬਦਾਂ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ ਸ੍ਰਿਸ਼ਟੀ ਦਾ ਪਹਿਲਾ ਪ੍ਰੇਮੀ ਸ਼ਾਇਦ ਕਵੀ ਹੀ ਸੀ। ਉਨ੍ਹਾਂ ਕਿਹਾ ਕਿਹਾ ਕਿ ਚੰਡੀਗੜ੍ਹ ਵਿੱਚ ਸਾਹਿਤਕ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਦੀ ਕੜੀ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਵੀਆਂ ਦੀ ਹਾਜ਼ਰੀ ਸਾਡੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਅਕਾਦਮੀ ਦੇ ਉਪ ਚੇਅਰਮੈਨ ਡਾ. ਅਨੀਸ਼ ਗਰਗ ਨੇ ਕਿਹਾ ਕਿ ਨੀਦਰਲੈਂਡ ਤੋਂ ਕੀਰਾ ਵੁੱਕ, ਫਰਾਂਸ ਤੋਂ ਮੇਲਾਨੀ ਲੇਬਲਾਂਗ, ਤਿੱਬਤ ਤੋਂ ਤੇਨਜਿਨ ਤੁਸਾਂਦੇ, ਨਿਪਾਲ ਤੋਂ ਕੇਵਲ ਬਿਨਾਬੀ, ਸ਼ਿਲਾਂਗ ਤੋਂ ਰਾਬਿਨ ਨਗੋਂਗੋਮ, ਕੋਚੀ ਤੋਂ ਪੀ. ਰਾਮਨ, ਕੋਲਕਾਤਾ ਤੋਂ ਅੰਸ਼ੂਮਨ ਕਰ ਜੈਪੁਰ ਤੋਂ ਪ੍ਰਿਯਮਵਦਾ, ਅਜਮੇਰ ਤੋਂ ਚੰਦਰ ਪ੍ਰਕਾਸ਼, ਦਿੱਲੀ ਤੋਂ ਅਦਨਾਨ ਕਾਫਿਲ, ਲੁਧਿਆਣਾ ਤੋਂ ਸਵਰਨਜੀਤ ਸਵੀ ਸਮੇਤ ਹੋਰ ਕਵੀਆਂ ਨੇ ਆਪਣੀ ਸ਼ਕਤੀਸ਼ਾਲੀ ਪੇਸ਼ਕਾਰੀ ਦੇ ਜ਼ਰੀਏ ਸਮਾਰੋਹ ਦੀ ਦਿੱਖ ਨੂੰ ਨਿਖਾਰਿਆ।

ਉਨ੍ਹਾਂ ਕਿਹਾ ਕਿ ਵੱਖ ਵੱਖ ਦੇਸ਼ਾਂ ਅਤੇ ਰਾਜਾਂ ਤੋਂ ਪਹੁੰਚੇ ਕਵੀਆਂ ਨੇ ਸਾਬਤ ਕਰ ਦਿੱਤਾ ਕਿ ਕਵਿਤਾ ਦੀ ਕੋਈ ਸੀਮਾ ਨਹੀਂ ਹੁੰਦੀ, ਨਾ ਭਾਸ਼ਾ ਨਾ ਭੂਗੋਲ। ਸ੍ਰੀ ਕੌਸ਼ਿਕ ਨੇ ਕਿਹਾ ਕਿ ਪ੍ਰਮੁੱਖ ਕਵੀਆਂ ਦੀ ਇਹ ਹਾਜ਼ਰੀ ਇਸ ਉਤਸਵ ਨੂੰ ਸਿਰਫ ਇੱਕ ਸਮਾਰੋਹ ਨਹੀਂ, ਸ਼ਬਦਾਂ ਦੀ ਸੁਗੰਧ ਨਾਲ਼ ਭਰਿਆ ਹੋਇਆ ਇੰਕ ਯਾਦਗਾਰੀ ਸਾਹਿਤਕ ਅਨੁਭਵ ਬਣ ਗਿਆ ਹੈ। ਮੁੱਖ ਮਹਿਮਾਨ ਸੁਮਿਤਾ ਮਿਸ਼ਰਾ ਨੇ ਕਿਹਾ ਕਿ ਕਵਿਤਾ ਉਹ ਪੁਲ਼ ਹੈ ਜੋ ਦਿਲਾਂ ਨੂੰ ਜੋੜਦੀ ਹੈ, ਉਹ ਆਇਨਾ ਹੈ ਜਿਸ ਵਿੱਚ ਇਨਸਾਨ ਆਪਣੀਆਂ ਹੀ ਸੰਵੇਦਨਾਵਾਂ ਦਾ ਚਿਹਰਾ ਦੇਖਦਾ ਹੈ। ਵਿਸ਼ੇਸ਼ ਮਹਿਮਾਨ ਪ੍ਰੋ. ਯੋਜਨਾ ਰਾਵਤ ਨੇ ਕਿਹਾ ਕਿ ਕਲਮਕਾਰਾਂ ਦੀ ਲਿਖਤ ਤੇ ਵਾਚਨ ਨੇ ਪ੍ਰੇਮੀ, ਪੀੜਾ, ਉਮੀਦ, ਸੰਘਰਸ਼ ਅਤੇ ਮਨੁੱਖਤਾ ਦੇ ਕਈ ਰੰਗ ਇਸ ਮੰਚ ਤੇ ਜੀਵੰਤ ਕਰ ਦਿੱਤੇ ਹਨ। ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਇਸ ਮੌਕੇ ਕਿਹਾ ਕਿ ਸਮਾਰੋਹ ਵਿੱਚ ਮੰਜੂ ਜੈਦਕਾ, ਨਿਰੂਪਮਾ ਦੱਤ, ਸਤਪਾਲ ਭੀਖੀ, ਵਿਜਯਾ ਸਿੰਘ, ਅੰਬਰੀਸ਼, ਸੁਨਯਨਾ ਜੈਨ, ਗੁਲ ਚੌਹਾਨ, ਸੁਸ਼ੀਲ ਦੋਸਾਂਝ, ਅੰਨੂ ਰਾਣੀ ਸ਼ਰਮਾ, ਦੀਪ ਡਲੇਵਾਨ ਨੇ ਆਪਣੀਆਂ ਕਵਿਤਾਵਾਂ ਨਾਲ਼ ਸਮਾਰੋਹ ਨੂੰ ਯਾਦਗਾਰੀ ਬਣਾਇਆ। ਸ਼ਹਿਰ ਦੇ ਪ੍ਰਸਿੱਧ ਸਾਹਿਤਕਾਰ ਸੰਤੋਸ਼ ਧੀਮਾਨ, ਪ੍ਰੇਮ ਵਿੱਜ, ਚਮਨ ਲਾਲ ਚਮਨ, ਸੰਤੋਸ਼ ਗਰਗ, ਦਲਜੀਤ ਕੌਰ, ਭੁਪਿੰਦਰ ਸਿੰਘ ਮਲਿਕ ਤੇ ਅਮਨਦੀਪ ਸੈਣੀ ਆਦਿ ਲੇਖਕਾਂ, ਕਵੀਆਂ ਤੇ ਸਾਹਿਤਕਾਰਾਂ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *