ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਡਾ਼ ਪਰਮਜੀਤ ਸਿੰਘ ਭੁੱਲਰ ਨੇ ਕੀਤੀ। ਏਜੰਡੇ ਮੁਤਾਬਿਕ ਪਹਿਲੇ ਦੌਰ ਵਿਚ ਡਾ.ਅਵਤਾਰ ਸਿੰਘ ਪਤੰਗ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਖੋਜ ਭਰਪੂਰ ਵਿਖਿਆਨ ਸੀ ਜੋ ਉਹਨਾਂ ਨੇ ਤੱਤਾਂ ਸਮੇਤ ਇਤਿਹਾਸ ਦੇ ਹਵਾਲੇ ਨਾਲ ਸਾਂਝਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਘੇਰੇ ਤੋਂ ਲੈ ਕੇ ਅਖੀਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤਕ ਦਾ ਹਵਾਲਾ ਬੜੇ ਭਾਵਪੂਰਤ ਲਹਿਜੇ ਵਿਚ ਬਿਆਨਿਆਂ। ਬਾਬਰ ਕੇ ਅਤੇ ਬਾਬੇ ਕੇ ਦੇ ਆਪਸੀ ਟਕਰਾ ਦੀਆਂ ਮੰਜ਼ਿਲਾਂ ਦੀ ਗੱਲ ਕਰਦਿਆਂ ਉਨ੍ਹਾਂ ਔਰੰਗਜ਼ੇਬ ਦੀ ਸ਼ਹਿ ਉੱਤੇ ਸੂਬਾ ਸਿਰਹੰਦ ਵਜ਼ੀਰ ਖਾਂ ਵਲੋਂ ਕੀਤੇ ਅੱਤਿਆਚਾਰ ਬਿਆਨੇ, ਜਿਨ੍ਹਾਂ ਨੂੰ ਕਾਜ਼ੀ ਅਤੇ ਸੁੱਚਾ ਨੰਦ ਨੇ ਬੜਾਵਾ ਦਿੱਤਾ।
ਇਸ ਵਿਖਿਆਨ ਦੇ ਪ੍ਰਭਾਵ ਹੇਠ ਸਰੋਤਿਆਂ ਨੇ ਵੀ ਆਪਣੇ ਆਪਣੇ ਵਿਚਾਰਾਂ ਨਾਲ ਵਾਧਾ ਕੀਤਾ। ਦੂਜੇ ਦੌਰ ਵਿਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ ਸੀ, ਜਿਸ ਵਿਚ ਸਰਵਸ੍ਰੀ ਸਰਬਜੀਤ ਸਿੰਘ, ਰੂਪ ਸਿੰਘ ਦਿਓਲ, ਗੁਰਦਰਸ਼ਨ ਸਿੰਘ ਮਾਵੀ, ਮਲਕੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਮਹਿੰਦਰ ਸਿੰਘ ਗੋਸਲ, ਰਘਬੀਰ ਸਿੰਘ ਭੁੱਲਰ ਅਤੇ ਡਾ. ਨਿਰਮਲ ਸਿੰਘ ਬਾਸੀ ਨੇ ਹਾਜ਼ਰੀ ਲਵਾਈ। ਕਵੀ ਦਰਬਾਰ ਦਾ ਸੰਚਾਲਨ ਭੁਪਿੰਦਰ ਸਿੰਘ ਮਟੌਰਵਾਲਾ ਨੇ ਕੀਤਾ। ਆਖਿਰ ਵਿਚ ਡਾ. ਪਰਮਜੀਤ ਸਿੰਘ ਭੁੱਲਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਭਾ ਦਾ ਸਮੁੱਚਾ ਮੰਚ ਸੰਚਾਲਨ ਡਾ. ਸਵੈਰਾਜ ਸੰਧੂ ਨੇ ਕੀਤਾ।
ਇੰਦਰ ਜੀਤ ਸਿੰਘ ਜਾਵਾ

