ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ:


ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਵਿਖੇ ਹੋਈ। ਸਭਾ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ। ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਅਨੁਸਾਰ ਸਭਾ ਦਾ ਆਰੰਭ ਖਜਾਨਚੀ ਜਸਕੀਰਤ ਸਿੰਘ ਨੇ ਸਰਸਾ ਤੋਂ ਵਿਛੜਿਆਂ ਕਵਿਤਾ ਰਾਹੀਂ ਕੀਤਾ।ਬੀਬੀ ਅਮਰਜੀਤ ਕੌਰ ਮੋਰਿੰਡਾ ਨੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦਾ ਅੰਤਮ ਸੰਸਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਦੀ ਦਲੇਰੀ ਤੇ ਸ਼ਹਾਦਤ ਨੂੰ ਯਾਦ ਕੀਤਾ। ਜਸਵਿੰਦਰ ਸਿੰਘ ਰਾਉ ਨੇ ਆਪਣੀ ਕਵਿਤਾ ਰਾਹੀਂ ਜ਼ੁਲਮ ਨੂੰ ਮਿਟਾਉਣ ਲਈ ਸਰਹਿੰਦ ਦੇ ਸਾਕੇ ਦੇ ਪ੍ਰਭਾਵ ਨੂੰ ਪੇਸ਼ ਕੀਤਾ। ਭੁਪਿੰਦਰ ਸਿੰਘ ਭਾਗੋਮਾਜਰਾ ਨੇ ਪਹਾੜੀ ਰਾਜਿਆਂ ਅਤੇ ਗੁਰੂ ਸਾਹਿਬ ਦੇ ਯੁੱਧਾਂ ਦੇ ਕਾਰਨਾਂ ਉਤੇ ਰੋਸ਼ਨੀ ਪਾਈ।
ਚਰਨਜੀਤ ਸਿੰਘ ਕਤਰਾ ਨੇ ਬਾਲ ਕਵਿਤਾ ਰਾਹੀਂ ਮਾਤਾ ਗੁਜਰੀ ਦੀ ਸਾਹਿਬਜ਼ਾਦਿਆਂ ਨੂੰ ਦਿੱਤੀ ਸਿੱਖਿਆ ਨੂੰ ਉਜਾਗਰ ਕੀਤਾ। ਕਲਵਿੰਦਰ ਸਿੰਘ ਖੈਰਾਬਾਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਵਾਰਨ ਨੂੰ ਗੀਤ ਰਾਹੀਂ ਪੇਸ਼ ਕੀਤਾ। ਸੁਰਿੰਦਰ ਸਿੰਘ ਰਸੂਲਪੁਰੀ ਨੇ ਜ਼ੁਲਮ ਦੇ ਖਾਤਮੇ ਲਈ ਖਾਲਸੇ ਦੇ ਹਥਿਆਰਬੰਦ ਸੰਘਰਸ਼ ਦੀ ਅਹਿਮੀਅਤ ਨੂੰ ਉਭਾਰਿਆ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਨਵਤਾ ਨੂੰ ਦੇਣ ਅਤੇ ਸਾਕਾ ਸਰਹਿੰਦ ਦੇ ਇਤਿਹਾਸਕ ਪ੍ਰਭਾਵ ਬਾਰੇ ਤਫਸੀਲ ਨਾਲ ਵਿਚਾਰ ਸਾਂਝੇ ਕੀਤੇ। ਮਹਾਂਵੀਰ ਸਿੰਘ ਮਾਜਰੀ ਨੇ ਕਹਾਣੀ ਪੇਸ਼ ਕੀਤੀ। ਜੇਈ ਕੁਲਵੰਤ ਸਿੰਘ ਮਾਵੀ ਨੇ ਮਾਤਾ ਗੁਜਰੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਮਹਿਮਾ ਗਾਈ। ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਸ਼ਹੀਦਾਂ ਨੂੰ ਨਮਨ ਕਰਦਿਆਂ ਗੁਰੂ ਜੀ ਦੇ ਉਪਦੇਸ਼ ਅਨੁਸਾਰ ਸੇਵਾ ਤੇ ਸਾਂਝੀਵਾਲਤਾ ‘ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ, ਜਨਰਲ ਸਕੱਤਰ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਕੀਤਾ।

