ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜਨਵਰੀ:
‘ਪੰਜਾਬੀ ਸਾਹਿਤ ਦੇ ਪਾਠਕ ਪੈਦਾ ਕਰਨ ਲਈ ਅਸੀਂ ‘ਪਾਠਕ ਪੁਰਸਕਾਰ’ ਬੀਤੇ ਸਾਲ ਤੋਂ ਸ਼ੁਰੂ ਕੀਤਾ ਸੀ। ਅੱਜ ਦੇ ਸਮੇਂ ਵਿੱਚ ਪਾਠਕ ਪੈਦਾ ਕਰਨ ਦੀ ਬਹੁਤ ਲੋੜ ਹੈ। ਪੰਜਾਬੀ ਸਾਹਿਤ ਦੇ ਪਾਠਕ ਦਿਨੋਂ ਦਿਨ ਘਟਦੇ ਜਾ ਰਹੇ ਹਨ। ਕਿਤਾਬਾਂ ਅਤੇ ਰਸਾਲਿਆਂ ਦੀ ਛਪਣ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਜਿੰਨੇ ਲੇਖਕ ਹਨ, ਓਨੇ ਕੁ ਹੀ ਪਾਠਕ ਹਨ। ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ, ਬੀ. ਸੀ.ਕੈਨੇਡਾ ਤੇ ਆਦਾਰਾ ‘ਕਹਾਣੀ ਧਾਰਾ’ ਵੱਲੋਂ ਹਰ ਸਾਲ ਪੰਜਾਬੀ ਸਾਹਿਤ ਦੇ ਦੋ ਪਾਠਕਾਂ ਨੂੰ ‘ਪਾਠਕ ਪੁਰਸਕਾਰ’ ਦਿੱਤਾ ਜਾਂਦਾ ਹੈ। ਦੋਹਾਂ ਸੰਸਥਾਵਾਂ ਦੇ ਸੰਚਾਲਕ ਅਮਰਜੀਤ ਚਾਹਲ, ਸਰਬਜੀਤ ਹੁੰਦਲ ਤੇ ਭਗਵੰਤ ਰਸੂਲਪੁਰੀ ਵੱਲੋਂ ‘ਪਾਠਕ ਪੁਰਸਕਾਰ’ ਦੇਣ ਦੀ ਯੋਜਨਾ ਬੀਤੇ ਸਾਲ ਉਲੀਕੀ ਗਈ ਸੀ। ਸਾਹਿਤ ਦੇ ਪੁਰਸਕਾਰ ਵੱਡੀ ਗਿਣਤੀ ਵਿੱਚ ਦਿੱਤੇ ਜਾਂਦੇ ਹਨ। ਪਾਠਕਾਂ ਨੂੰ ਕੋਈ ਪੁੱਛਦਾ ਤੱਕ ਨਹੀਂ। ਜੇਕਰ ਪਾਠਕ ਨਾ ਹੋਣ ਤਾਂ ਲੇਖਕ ਆਪਣੇ ਆਪ ਖਤਮ ਹੋ ਜਾਵੇਗਾ। ਸੋ ਅਸੀਂ ਪਾਠਕਾਂ ਦਾ ਘੇਰਾ ਵਿਸ਼ਾਲ ਕਰਨ ਲਈ ਇਹ ਪੁਰਸਕਾਰ ਦੇਣ ਦੀ ਯੋਜਨਾ ਬੀਤੇ ਸਾਲ ਉਲੀਕੀ ਸੀ। ਉੱਘੇ ਕਹਾਣੀਕਾਰ ਅਤੇ ਅਦਾਰਾ ਕਹਾਣੀਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੱਲੋਂ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ।


ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਸ਼ੋਕਰ ਤੇ ਪਰਦੀਪ ਸਿੰਘ ਦੋ ਪਾਠਕਾਂ ਨੂੰ ਬੀਤੇ ਸਾਲ ‘ਪਾਠਕ ਪੁਰਸਕਾਰ’ 28 ਮਾਰਚ, 25 ਨੂੰ ਜਲੰਧਰ ਵਿਖੇ ਦਿੱਤੇ ਗਏ ਸਨ। ਅਸੀਂ ਪਾਠਕਾਂ ਕੋਲੋਂ ਨਿਮਨ ਲਿਖਤ ਸਵਾਲਾਂ ਦੇ ਉੱਤਰ ਲਿਖ ਕੇ ਭੇਜਣ ਦੀ ਮੰਗ ਕਰਦੇ ਹਾਂ। ਉਨ੍ਹਾਂ ਵਿੱਚੋਂ ਅਸੀਂ ਦੋ ਪਾਠਕਾਂ ਦੀ ਚੋਣ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਇਸ ਗੱਲ ਦੀ ਪੜਤਾਲ ਵੀ ਕਰਾਂਗੇ ਕਿ ਜਿਸ ਪਾਠਕ ਨੇ ਆਪਣੇ ਬਾਰੇ ਜਾਣਕਾਰੀ ਲਿਖ ਕੇ ਭੇਜੀ ਹੈ, ਉਹ ਕਿੰਨਾ ਕੁ ਸੱਚੀ ਹੈ। ਸਮਾਗਮ ਫਰਵਰੀ ਦੇ ਅੰਤ ਵਿੱਚ ਜਾਂ ਮਾਰਚ ਦੇ ਪਹਿਲੇ-ਦੂਜੇ ਹਫ਼ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੁਣੇ ਗਏ ਦੋ ਪਾਠਕਾਂ ਨੂੰ ਪੰਜ-ਪੰਜ ਹਜ਼ਾਰ ਦੇ ਦੋ ਪੁਰਸਕਾਰ, ਕਿਤਾਬਾਂ ਦੇ ਸੈੱਟ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ।
ਉਨ੍ਹਾਂ ਵੱਲੋਂ ਪੁਰਸਕਾਰ ਦੇ ਨਿਯਮ ਅਤੇ ਸ਼ਰਤਾਂ ਨਿਮਨ-ਲਿਖਤ ਅਨੁਸਾਰ ਦਿੱਤੀਆਂ ਹਨ:-
1. ਪਾਠਕ ਦਾ ਨਾਂ-ਪਤਾ, ਈ ਮੇਲ, ਮੁਬਾਇਲ ਨੰਬਰ ਅਤੇ ਵਿੱਦਿਆਕ ਯੋਗਤਾ?
2. ਪਾਠਕ ਨਿਰੋਲ ਕਹਾਣੀ, ਨਾਵਲ, ਕਵਿਤਾ, ਨਾਟਕ, ਸਵੈ ਜੀਵਨੀ ਤੇ ਵਾਰਤਕ ਦਾ ਪਾਠਕ ਹੋਵੇ, ਉਹ ਲੇਖਕ ਨਾ ਹੋਵੇ;
3. ਉਹ ਕਿੰਨੇ ਸਾਲਾਂ ਤੋਂ ਪੰਜਾਬੀ ਸਾਹਿਤ ਪੜ੍ਹ ਰਿਹਾ ਹੈ;
4. ਉਹ ਸਾਹਿਤ ਦੀ ਕਿਹੜੀ ਵਿਧਾ ਨੂੰ ਪਸੰਦ ਕਰਦਾ ਹੈ;
5. ਉਹ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਖਰੀਦ ਕੇ ਪੜ੍ਹਦਾ ਹੈ ਜਾਂ ਲਾਇਬਰੇਰੀ ਵਿੱਚੋਂ ਪੜ੍ਹਦਾ ਹੈ;
6. ਹਰ ਸਾਲ ਕਿੰਨੀਆਂ ਕੁ ਕਿਤਾਬਾਂ ਖਰੀਦ ਕੇ ਪੜ੍ਹਦਾ ਹੈ;
7. ਪੰਜਾਬੀ ਦੇ ਸਾਹਿਤਕ ਰਸਾਲੇ ਕਿਹੜੇ ਕਿਹੜੇ ਖਰੀਦ ਕੇ ਪੜ੍ਹ ਰਿਹਾ ਹੈ ਅਤੇ ਕਿੰਨੇ ਸਾਲਾਂ ਤੋਂ ਪੜ੍ਹ ਰਿਹਾ ਹੈ;
8. ਉਹ ਪੁਰਾਣੇ ਰਸਾਲੇ ਕਿੰਨੇ ਕੁ ਸਾਲਾਂ ਤੋਂ ਸਾਂਭ ਕੇ ਰੱਖਦਾ ਹੈ;
9. ਉਸ ਦੀ ਨਿੱਜੀ ਲਾਇਬਰੇਰੀ ਵਿੱਚ ਕਿੰਨੀਆਂ ਕੁ ਕਿਤਾਬਾਂ ਹਨ;
10. 2024 ਦੇ ਸਾਲ ਵਿੱਚ ਉਸ ਨੇ ਕਿੰਨੀਆਂ ਕੁ ਕਿਤਾਬਾਂ ਖਰੀਦ ਕੇ ਪੜ੍ਹੀਆਂ ਅਤੇ ਉਹ ਕਿਸ ਵਿਧਾ ਵਿੱਚ ਸਨ;
11. 2025 ਦੇ ਸਾਲ ਵਿੱਚ ਉਸ ਨੇ ਕਿੰਨੀਆਂ ਕੁ ਕਿਤਾਬਾਂ ਖਰੀਦ ਕੇ ਪੜ੍ਹੀਆਂ ਅਤੇ ਉਹ ਕਿਸ ਵਿਧਾ ਵਿੱਚ ਸਨ;
12. ਉਹ ਕਿਤਾਬ ਖਰੀਦਣ ਤੋਂ ਪਹਿਲਾਂ ਉਸ ਦੀ ਚੋਣ ਕਿਸ ਤਰ੍ਹਾਂ ਕਰਦਾ ਹੈ ਕਿ ਇਹ ਕਿਤਾਬ ਚੰਗੀ ਹੈ;
13. ਕਿਤਾਬਾਂ ਦੇ ਛਪੇ ਰੀਵਿਊ ਪੜ੍ਹ ਕੇ ਉਹ ਕਿਤਾਬ ਦੇ ਚੰਗੀ ਮਾੜੀ ਹੋਣ ਦਾ ਨਿਰਣਾ ਕਰਦਾ ਹੈ ਜਾਂ ਆਪਣੇ ਪੱਧਰ ਤੇ ਫੈਸਲਾ ਕਰਦਾ ਹੈ ਕਿ ਫਲਾਨੀ ਕਿਤਾਬ ਚੰਗੀ ਜਾਂ ਮਾੜੀ ਹੈ;
14. ਕਿਤਾਬ ਖਰੀਦਣ ਸਮੇਂ ਪਾਠਕ ਪੁਸਤਕ ਵਿਕਰੇਤਾ ਦੀ ਇਸ ਗੱਲ ਦਾ ਕਿੰਨਾ ਕੁ ਯਕੀਨ ਕਰਦਾ ਹੈ ਜਦੋਂ ਵਿਕਰੇਤਾ ਕਹਿੰਦਾ ਹੈ ਕਿ ‘ਆਹ ਕਿਤਾਬ ਬਹੁਤ ਕਮਾਲ ਦੀ ਹੈ’ ਜਾਂ ‘ਆਹ ਕਿਤਾਬ ਚੰਗੀ ਹੈ’ ਜਾਂ ‘ਆਹ ਕਿਤਾਬ ਤੁਹਾਡੇ ਪੜ੍ਹਨ ਵਾਲੀ ਨਹੀਂ’
15. ਤੁਹਾਡੀ ਘਰੇਲੂ ਲਾਇਬਰੇਰੀ ਵਿੱਚ ਕਿੰਨੇ ਕੁ ਮੁੱਲ ਦੀਆਂ ਕਿਤਾਬਾਂ ਹਨ;
16. 2025 ਸਾਲ ਵਿੱਚ ਛਪੀਆਂ ਕਿਤਾਬਾਂ ਬਾਰੇ ਲਿਖ ਕੇ ਭੇਜੋ, ਜਿਹੜੀਆਂ ਤੁਹਾਨੂੰ ਬਹੁਤ ਚੰਗੀਆਂ ਲੱਗੀਆਂ ਤੇ ਉਹਦੀ ਕਿਹੜੀ ਖੂਬੀ ਚੰਗੀ ਲੱਗੀ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਹੋਰ ਦੋਸਤਾਂ ਨੂੰ ਕਿਹਾ ਹੋਵੇ ਕਿ ਆਹ ਕਿਤਾਬਾਂ ਪੜ੍ਹੋ;
17. ਪਾਠਕ ਇਹ ਯਕੀਨੀ ਬਣਾਉਣ ਕਿ ਉਪਰੋਕਤ ਸਵਾਲਾਂ ਦੇ ਜਵਾਬ ਉਸ ਨੇ ਠੀਕ-ਠੀਕ ਲਿਖੇ ਹਨ ਅਤੇ ਉਸ ਨੇ ਕੋਈ ਵੀ ਗੱਲ ਵਧਾ-ਚੜ੍ਹਾ ਕੇ ਨਹੀਂ ਲਿਖੀ। ਲੇਖਕ ਤੇ ਪੁਸਤਕਾਂ ਵੇਚਣ ਵਾਲੇ ਸੱਜਣ ਨੂੰ ‘ਪਾਠਕ’ ਦੇ ਘੇਰੇ ‘ਚੋਂ ਬਾਹਰ ਰੱਖਿਆ ਜਾਵੇਗਾ;
18. ਚੁਣੇ ਗਏ ਪਾਠਕ ਦੀ ਪੜਤਾਲ ਕਰਨ ਲਈ ਅਸੀਂ ਉਸ ਨੂੰ ਨਿੱਜੀ ਤੌਰ ਤੇ ਮਿਲ ਵੀ ਸਕਦੇ ਹਾਂ ਅਤੇ ਉਸ ਨਾਲ ਗੱਲਬਾਤ ਵੀ ਕਰ ਸਕਦਾ ਹੈ;
ਚਾਹਵਾਨ ਪਾਠਕ ਵਿਸਥਾਰ ਨਾਲ ਸਵਾਲਾਂ ਦੇ ਜਵਾਬ ਲਿਖ ਕੇ 10 ਫਰਵਰੀ, 2026 ਤੱਕ ਨਿਮਨ-ਲਿਖਤ ਪਤੇ ਜਾਂ ਈ-ਮੇਲ ਕਰ ਸਕਦੇ ਹਨ।
– ਭਗਵੰਤ ਰਸੂਲਪੁਰੀ, ਅਮਰਜੀਤ ਚਾਹਲ, ਸਰਬਜੀਤ ਹੁੰਦਲ
Bhagwant Rasulpuri, 144-2, St. No. 6, Tower Town, Jalandhar-144014
Mob. 94170-64350, e-mail_bhagwantrasulpuri@ gmail.com

