ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜਨਵਰੀ:


ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ, ਸੈਕਟਰ-38ਸੀ, ਚੰਡੀਗੜ੍ਹ ਦੇ ਕਾਨਫਰੰਸ ਹਾਲ ਵਿੱਚ ਤ੍ਰੈਭਾਸ਼ੀ ਕਹਾਣੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ: ਪਰਮਜੀਤ ਕੌਰ ਸਿੱਧੂ, ਮੁੱਖ ਮਹਿਮਾਨ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਬਲੀਜੀਤ ਨੇ ਕੀਤੀ। ਇਸ ਕਹਾਣੀ ਗੋਸ਼ਟੀ ਵਿੱਚ ਡਾ. ਸੁਲਤਾਨ ਅੰਜੁਮ, ਪਰਮਜੀਤ ਮਾਨ, ਗੋਵਰਧਨ ਗੱਬੀ, ਡਾ: ਰੇਖਾ ਮਿੱਤਲ ਅਤੇ ਰਾਜੂ ਵੈਦ ਰਾਜ ਨੇ ਆਪਣੀਆਂ ਕਹਾਣੀਆਂ ਸੁਣਾਈਆਂ। ਇਸ ਕਹਾਣੀ ਗੋਸ਼ਟੀ ਵਿੱਚ ਹਿੰਦੀ, ਪੰਜਾਬੀ ਅਤੇ ਉਰਦੂ ਦੇ ਲੇਖਕਾਂ ਨੇ ਆਪਣੀਆਂ ਕਹਾਣੀਆਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ।
ਸਭ ਤੋਂ ਪਹਿਲਾਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਲੇਖਕਾਂ ਨਾਲ ਜਾਣ-ਪਛਾਣ ਕਰਵਾਈ ਅਤੇ ਫਿਰ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕਹਾਣੀਆਂ ਸੁਣਾਉਣ ਵਾਲੇ ਲੇਖਕਾਂ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ। ਰਾਜੂ ਵੈਦ ਰਾਜ ਨੇ ਕਹਾਣੀ “ਆਪਸੀ ਪ੍ਰੇਮ”, ਗੋਵਰਧਨ ਗੱਬੀ ਨੇ “ਘੁੰਡ”, ਡਾ: ਰੇਖਾ ਮਿੱਤਲ ਨੇ “ਅਜ ਫਿਰ ਤਾਰੀਖ”, ਸੁਲਤਾਨ ਅੰਜੁਮ ਨੇ ਉਰਦੂ ਕਹਾਣੀ “ਆਪਨੇ ਆਪਨੇ ਗਮੋਂ ਕੀ ਸਲੀਬ”, ਪਰਮਜੀਤ ਮਾਨ ਨੇ “ਨਵੀਆਂ ਫੁਟਦੀਆਂ ਕਰੂੰਬਲਾਂ” ਦਾ ਪਾਠ ਕੀਤਾ। ਪ੍ਰੋਗਰਾਮ ਵਿੱਚ ਟਰਾਈਸਿਟੀ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਅਲਕਾ ਕਾਂਸਰਾ, ਪ੍ਰੇਮ ਵਿੱਜ, ਜੈਵਿਸ਼ ਮੱਲ੍ਹੀ, ਰਾਜੇਸ਼ ਅੱਤਰੀ, ਵਿਮਲਾ ਗੁਗਲਾਨੀ, ਜਗਦੀਪ ਸਿੱਧੂ, ਹਰਜਿੰਦਰ ਸਿੰਘ, ਸੁਰਜੀਤ ਸੁਮਨ, ਪਾਲ ਅਜਨਬੀ, ਗੁਰਦਰਸ਼ਨ ਸਿੰਘ ਮਾਵੀ, ਨਿਰਮਲ ਸੂਦ, ਗੁਰਮੀਤ ਸਿੰਗਲ, ਧਿਆਨ ਸਿੰਘ ਕਾਹਲੋਂ, ਹਰਬੰਸ ਸੋਢੀ ਅਤੇ ਹੋਰ ਸ਼ਾਮਿਲ ਹੋਏ। ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਵਲੋਂ ਆਏ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

