ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜਨਵਰੀ:


ਚਿਰ ਤੋਂ ਪੰਜਾਬੀ ਗੀਤਕਾਰੀ ਦੇ ਪਿੜ ਵਿੱਚ ਧੜੱਲੇ ਨਾਲ਼ ਵਿਚਰ ਰਹੀਆਂ ਕੁਝ ਚੋਣਵੀਆਂ ਸ਼ਖ਼ਸੀਅਤਾਂ ਵਿੱਚ ਇੱਕ ਨਾਂ ਧਿਆਨ ਸਿੰਘ ਕਾਹਲੋਂ ਦਾ ਵੀ ਹੈ। ਉਹ ਪੇਸ਼ੇ ਵਜੋਂ ਮਹਾਂ-ਲੇਖਾਕਾਰ ਪੰਜਾਬ ਦੇ ਦਫਤਰ ਤੋਂ ਬਤੌਰ ਸੁਪਰਵਾਈਜ਼ਰ ਸਾਲ 2015 ਵਿੱਚ ਸੇਵਾ ਨਿਵਿਰਤ ਹੋਏ ਪਰ ਗੀਤਕਾਰੀ ਤੇ ਗਾਉਣ ਦਾ ਸੌਂਕ ਤਾਂ ਉਹਨਾਂ ਨੂੰ ਬਚਪਨ ਤੋਂ ਹੀ ਸੀ। ਸਟੇਜਾਂ ‘ਤੇ ਰੰਗ ਬੰਨ੍ਹਣ ਵਾਲੇ ਇਸ ਕਲਾਕਾਰ ਨੇ ਪਹਿਲਾਂ ਮੌਲਿਕ ਗੀਤ ਪੁਸਤਕ “ਬੋਲ ਰਸੀਲੇ” ਸਿਰਲੇਖ ਹੇਠ ਪ੍ਰਕਾਸ਼ਿਤ ਕਾਰਵਾਈ ਤੇ ਹੁਣ ਉਹ ਇੱਕ ਵਾਰ ਫਿਰ ਆਪਣਾ ਦੂਸਰਾ ਗੀਤ ਸੰਗ੍ਰਹਿ “ਟੁੰਬਵੇਂ ਬੋਲ” ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ। ਇਹ ਪੁਸਤਕ ਸਪਤਰਿਸ਼ੀ ਪਬਲਿਸ਼ਰ ਵੱਲੋਂ ਸੋਹਣੀ ਦਿੱਖ ਦੇ ਕੇ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਕੁਲ 107 ਗੀਤ ਸ਼ਾਮਿਲ ਹਨ। ਆਰੰਭਲੇ ਪੰਨਿਆਂ ‘ਤੇ ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾਰਾ, ਇਹਨਾਂ ਸਤਰਾਂ ਦੇ ਲੇਖਕ ਤੇ ਖੁਦ ਗੀਤਕਾਰ ਕਾਹਲੋਂ ਨੇ ਜਿਹੜੇ ਸ਼ਬਦ ਦਰਜ ਕੀਤੇ ਹਨ, ਉਹ ਰਚਨਾਵਾਂ ਤੇ ਗੀਤਕਾਰ ਦੀ ਸ਼ਖਸੀਅਤ ਨਾਲ ਪੂਰੀ ਤਰ੍ਹਾਂ ਮੇਲ ਖਾ ਰਹੇ ਹਨ। ਗੀਤਾਂ ਵਿੱਚਲੇ ਵਿਸ਼ੇ ਸੋਚਣ ਲਾਊ ਤੇ ਦਿਲ ਨੂੰ ਟੁੰਬਣ ਵਾਲੇ ਹਨ। ਲੱਗਪਗ ਹਰੇਕ ਰੰਗ ਦਾ ਗੀਤ ਇਸ ਪੁਸਤਕ ਵਿੱਚ ਸ਼ਾਮਿਲ ਹੈ ਜੋ ਕਲਾਕਾਰ ਦੀ ਕਲਾਕਾਰੀ ਦਾ ਉੱਤਮ ਨਾਮੂਨਾ ਪੇਸ਼ ਕਰਦਾ ਨਜ਼ਰੀਂ ਪੈ ਰਿਹਾ ਹੈ।
ਗੀਤਾਂ ਵਿੱਚਲੇ ਸ਼ਬਦ ਗੀਤਕਾਰ ਦੀ ਕਲਮ ਅੱਗੇ ਆਪ-ਮੁਹਾਰੇ ਨੱਚਦੇ ਪ੍ਰਤੀਤ ਹੋ ਰਹੇ ਹਨ। ਸਹਿਜ ਸੁਭਾਅ ਗੀਤ ਰਚ ਦੇਣਾ ਇਸਨੂੰ ਬਾਖੂਬੀ ਆਉਂਦਾ ਹੈ। ਛੋਟੇ ਤੋਂ ਛੋਟੇ ਵਿਸ਼ੇ ‘ਤੇ ਵੀ ਚੰਦ ਮਿੰਟਾਂ ਵਿੱਚ ਗੀਤ ਲਿਖ ਦੇਣਾ ਉਸਦੀ ਵੱਡੀ ਖੂਬੀ ਹੈ। ਉਸ ਨੂੰ ਸਿੱਖ ਇਤਿਹਾਸ ਤੇ ਹਿੰਦੂ ਧਰਮ ਦਾ ਵੀ ਡੂੰਘਾ ਗਿਆਨ ਹੈ ਜੋ ਉਸਦੇ ਗੀਤਾਂ ਵਿੱਚੋਂ ਸਪੱਸ਼ਟ ਤੌਰ ‘ਤੇ ਝਲਕਦਾ ਵੀ ਹੈ। 152 ਪੰਨਿਆਂ ਦੀ ਵੱਡ ਆਕਾਰੀ ਪੁਸਤਕ ਵਾਕਿਆ ਹੀ ਕਮਾਲ ਦਾ ਆਪਣਾ ਪ੍ਰਭਾਵ ਛੱਡ ਰਹੀ ਹੈ। ਉਸਦੀ ਸਰੀਰਕ ਬਣਤਰ ਭਾਵੇਂ ਇਕਹਿਰੇ ਪਿੰਡੇ ਦੀ ਹੈ ਪਰ ਫੁਰਤੀ ਕਮਾਲ ਦੀ ਹੈ। ਇਹ ਯਾਰਾਂ ਦਾ ਯਾਰ ਹੈ। ਸਾਦਾ ਲਿਬਾਸ ਤੇ ਉੱਚੀ ਸੋਚ ਵਿੱਚ ਵਿਸ਼ਵਾਸ ਰੱਖਣ ਵਾਲਾ ਨਿਵੇਕਲਾ ਕਲਾਕਾਰ ਹੈ। ਇਸ ਕਲਾਕਾਰ ਦੇ ਸੁਭਾਅ ਵਿੱਚ ਕੇਵਲ ਤੇ ਕੇਵਲ ਗੀਤ ਹੀ ਵਸੇ ਹੋਏ ਹਨ। ਉੱਠਦੇ-ਬਹਿੰਦੇ ਬੱਸ ਗੀਤ ਰਚਨਾ ਕਰਦਿਆਂ ਹੁਣ ਤੱਕ ਕੋਈ ਪੰਜ ਸੈਕੜਿਆਂ ਤੋਂ ਵਧੀਕ ਗੀਤ ਲਿਖ ਚੁੱਕਾ ਹੈ। ਇਸ ਪੁਸਤਕ ਵਿੱਚ ਹਰ ਰੰਗ ਵਿਦਮਾਨ ਹੈ। ਉਸਦੀ ਕਲਮ ਪ੍ਰਪੱਕ ਹੈ। ਕਲਪਨਾ ਸ਼ਕਤੀ ਵੀ ਕਮਾਲ ਦੀ ਹੈ। ਜਿੱਥੇ ਇਹ ਡਿਊਟ ਗੀਤਾਂ ਲਈ ਪ੍ਰਸਿੱਧ ਹੈ, ਉੱਥੇ ਉਸਦੇ ਸੋਲੋ ਗੀਤ ਵੀ ਕਮਾਲ ਦੇ ਹਨ। ਹਰ ਇੱਕ ਨੂੰ ਖਿੜੇ ਮੱਥੇ ਮਿਲਣਾ ਤੇ ਆਓ ਭਗਤ ਕਰਨੀ ਉਸਦੇ ਸੁਭਾਅ ਦਾ ਖਾਸਾ ਹੈ। ਗੀਤ ਲਿਖਣ ਤੋਂ ਪਹਿਲਾਂ ਗੁਣਗੁਣਾ ਕੇ, ਲੈਅ ਪਰਖ ਕੇ, ਇਹ ਕਿਸੇ ਵਿਸ਼ੇ ਨੂੰ ਕਲਮ ਰੂਪੀ ਚਰਖੜੀ ‘ਤੇ ਚਾੜ ਕੇ ਗੀਤ ਦਾ ਰੂਪ ਦੇਂਦਾ ਹੈ। ਹੱਥਲਾ ਗੀਤ ਸੰਗ੍ਰਹਿ ਇੱਕ ਬੇਨਜ਼ੀਰ ਤੋਹਫ਼ਾ ਹੈ ਜੋ ਉਸ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਦਿੱਤਾ ਗਿਆ ਹੈ। ਇਸ ਕਾਰਜ ਬਦਲੇ ਉਸਦੀ ਸਰਾਹਨਾਂ ਕਰਦਿਆਂ ਜਿੱਥੇ ਉਸ ਨੂੰ ਵਧਾਈ ਦੇਂਦਾ ਹਾਂ, ਉੱਥੇ ਉਸ ਤੋਂ ਭਵਿੱਖ ਵਿੱਚ ਵੀ ਗੀਤਾਂ ਦਾ ਇੱਕ ਹੋਰ ਪਰਾਗਾ ਆਉਣ ਦੀ ਤਵੱਕੋਂ ਕਰਦਾ ਹਾਂ। ਇਹ ਪੁਸਤਕ ਲਾਇਬਰੇਰੀਆਂ ਦਾ ਸ਼ਿੰਗਾਰ ਬਣਨ ਦੀ ਸਮਰੱਥਾ ਰੱਖਦੀ ਹੈ। ਇਹ ਕਲਾਕਾਰ ਜਦੋਂ ਆਪਣੇ ਲਿਖੇ ਗੀਤ ਖੁਦ ਮਹਿਫ਼ਿਲਾਂ ਵਿੱਚ ਗਾਉਂਦਾ ਹੈ ਤਾਂ ਵੱਖਰਾ ਹੀ ਮਾਹੌਲ ਸਿਰਜ ਦੇਂਦਾ ਹੈ। ਕਲਾਕਾਰ ਦੀ ਲੰਬੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕਰਦਾ ਹੋਇਆ ਮੈਂ ਵਿਦਾ ਲੈਂਦਾ ਹਾਂ।
ਰਾਜ ਕੁਮਾਰ ਸਾਹੋਵਾਲੀਆ –

