www.sursaanjh.com > Uncategorized > ਪ੍ਰਿੰ. ਗੋਸਲ ਦੇ ਵਿਲੱਖਣ ਸਨਮਾਨ ਲਈ ਪੁਰਾਣੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਮਿਲਣੀ

ਪ੍ਰਿੰ. ਗੋਸਲ ਦੇ ਵਿਲੱਖਣ ਸਨਮਾਨ ਲਈ ਪੁਰਾਣੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਮਿਲਣੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜਨਵਰੀ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ  ਸੈਕਟਰ-41 (ਬਡਹੇੜੀ) ਸਥਿਤ ਦਫਤਰ ਵਿਖੇ ਉਸ ਸਮੇਂ ਚਹਿਲ-ਪਹਿਲ ਦਾ ਵਿਸ਼ੇਸ਼ ਵਾਤਾਵਰਣ ਬਣ ਗਿਆ, ਜਦੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੇ 25 ਸਾਲ ਪਹਿਲਾਂ ਸਰਕਾਰੀ ਹਾਈ ਸਕੂਲ ਸੈਕਟਰ-40 ਵਿਚ ਰਹੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਪ੍ਰਿੰ. ਗੋਸਲ ਨੂੰ ਵਿਲੱਖਣ ਸਨਮਾਨ ਦੇਣ ਲਈ ਉਨ੍ਹਾਂ ਨਾਲ ਵਿਸ਼ੇਸ਼ ਮਿਲਣੀ ਕੀਤੀ। ਉਨ੍ਹਾਂ  ਨੇ ਦਫਤਰ ਵਿਖੇ ਪ੍ਰਿੰ. ਗੋਸਲ ਦੇ ਸਨਮਾਨ ਵਿਚ ਵਿਸ਼ੇਸ਼ ਚਾਹ-ਪਾਰਟੀ ਦਾ ਪ੍ਰਬੰਧ ਕਰਕੇ, ਉਨ੍ਹਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਨਮਾਨ ਭੇਟ ਕਰਦੇ ਹੋਏ ਉਨ੍ਹਾਂ ਦੀ ਰਹਿਨੁਮਾਈ ਦੀਆਂ ਗੱਲਾਂ ਦੱਸੀਆਂ। ਉਨ੍ਹਾਂ ਕਿਹਾ ਕਿ ਅੱਜ ਉਹ ਸਾਰੇ ਵਿਦਿਆਰਥੀ ਚੰਗਾ ਰੁਜ਼ਗਾਰ ਲੈ ਕੇ ਵਧੀਆ ਜੀਵਨ ਬਤੀਤ ਕਰ ਰਹੇ ਹਨ।

ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਅੱਜ ਮਿਲਣ ਲਈ ਆਏ ਵਿਦਿਆਰਥੀਆਂ ਵਿੱਚ ਅਮਰਪ੍ਰੀਤ ਸਿੰਘ, ਸ਼ਲਿੰਦਰ ਸਿੰਘ, ਤਰਸੇਮ ਸਿੰਘ, ਕੁਲਵੀਰ ਸਿੰਘ, ਸਤਵਿੰਦਰ ਸਿੰਘ, ਇੰਦਰਜੀਤ ਸਿੰਘ ਸ਼ਾਮਲ ਸਨ। ਪ੍ਰਿੰ. ਗੋਸਲ ਨੇ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਮਿਲ ਕੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਇਹ ਉਹ ਵਿਦਿਆਰਥੀ ਸਨ, ਜਿਨ੍ਹਾਂ ਨੇ ਉਨ੍ਹਾਂ ਵਲੋਂ ਲਿਖੇ ਨਾਟਕ ਯਮਰਾਜ ਦੀ ਅਦਾਲਤ  ਵਿੱਚ ਵੱਖ-ਵੱਖ ਪਾਤਰਾਂ ਦਾ ਰੋਲ ਅਦਾ ਕਰਕੇ ਚੰਡੀਗੜ੍ਹ ਟ੍ਰੈਫਿਕ ਪੁਲੀਸ ਵਲੋਂ ਟੈਗੋਰ ਥੀਏਟਰ ਵਿਚ ਕਰਵਾਏ ਗਏ ਸਮਾਗਮ ਵਿਚ ਪਹਿਲਾ ਇਨਾਮ ਪ੍ਰਾਪਤ ਕੀਤਾ ਸੀ। ਪ੍ਰਿੰ. ਗੋਸਲ ਨੇ ਦੱਸਿਆ ਕਿ ਕਿਸੇ ਵੀ ਅਧਿਆਪਕ ਲਈ ਉਨ੍ਹਾਂ ਦੇ ਮਾਣਮੱਤੇ ਵਿਦਿਆਰਥੀ ਉਮਰ ਭਰ ਲਈ ਪੂੰਜੀ ਬਣ ਜਾਂਦੇ ਹਨ। ਉਹ ਵੀ ਅੱਜ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਮਿਲ ਕੇ ਗਦ-ਗਦ ਹੋ ਗਏ ਹਨ ਅਤੇ ਉਨ੍ਹਾਂ  ਨੂੰ ਸਮਾਜ ਸੇਵਾ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਜੁੜ ਕੇ ਜੀਵਨ ਨੂੰ ਸਾਰਥਕ ਬਣਾਉਣ ਲਈ ਪ੍ਰੇਰਣਾ ਦਿੱਤੀ।

ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ ਅਤੇ ਪ੍ਰਸਿੱਧ ਸਾਹਿਤਕਾਰ ਸਰਦਾਰਾ ਸਿੰਘ ਚੀਮਾ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਜਗਤਾਰ ਸਿੰਘ ਜੋਗ ਨੇ ਉਨ੍ਹਾਂ ਨੌਜਵਾਨਾਂ ਨੂੰ ਦੱਸਿਆ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਹੁਣ ਤੱਕ 117 ਪੁਸਤਕਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਦੇ ਰਚਿਤ ਗੀਤ ਸੁਣ ਨੀ ਪੜ੍ਹਾਈਏ -ਵੇਲੇ ਕਿਹੋ ਜਿਹੇ ਆ ਗਏ-ਕਾਇਦੇ ਖੋਹ ਜੁਆਕਾਂ ਹੱਥੋ, ਮੁਬਾਈਲ ਹੱਥਾਂ ਚ ਫੜ੍ਹਾ ਗਏ ਅਤੇ ਹੋਰ ਪੰਜਾਬੀ ਗੀਤ ਗਾ ਕੇ ਮਾਹੌਲ ਨੂੰ ਹੋਰ ਖੁਸ਼ਗਵਾਰ ਬਣਾ ਦਿੱਤਾ। ਪ੍ਰਿੰ. ਗੋਸਲ ਨੇ ਆਪਣੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਨਵੀਂ ਰਚਿਤ ਪੁਸਤਕ ‘‘ਆ ਨੀ ਚਿੜੀਏ ਪਾਣੀ ਪੀ” ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੇ ਵਧੀਆ ਜੀਵਨ ਲਈ ਵਧਾਈ ਦਿੱਤੀ ਅਤੇ ਮਿਲਣ ਆਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *