Breaking
www.sursaanjh.com > ਸਿੱਖਿਆ > ਪੂਰਾ ਪੰਜਾਬ ਲਹਿਰ ਮੁਹਿੰਮ ਦੌਰਾਨ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ: ਅਜੇਪਾਲ ਸਿੰਘ ਬਰਾੜ

ਪੂਰਾ ਪੰਜਾਬ ਲਹਿਰ ਮੁਹਿੰਮ ਦੌਰਾਨ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ: ਅਜੇਪਾਲ ਸਿੰਘ ਬਰਾੜ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 17 ਫਰਵਰੀ:
ਇਥੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਪੂਰਾ ਪੰਜਾਬ ਲਹਿਰ ਮੁਹਿੰਮ ਦੇ ਸ਼ੁਰੂਆਤ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਇਸ ਮੁਹਿੰਮ ਦੌਰਾਨ ਆਪਾਂ ਸਾਰਿਆਂ ਨੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ। ਪੰਜਾਬ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਢਹਿੰਦੀ ਕਲਾ ਵਿੱਚ ਹੈ, ਪੰਜਾਬ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਮੋਹਰੀ ਸੂਬਾ ਨਹੀਂ ਰਿਹਾ, ਅੱਜ ਆਪਾਂ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਆ। ਆਪਾਂ ਨੌਵੇਂ ਪਾਤਸ਼ਾਹ ਦੇ ਸਲੋਕ ਅਨੁਸਾਰ ਜਿਸ ਤੇ ਗੁਰੂ ਮਹਾਰਾਜ ਦਾ ਥਾਪੜਾ ਹੁੰਦਾ, ਸਿੱਖ ਤੇ ਜੋ ਗੁਰੂ ਮਹਾਰਾਜ ਦਾ ਥਾਪੜਾ ਹੁੰਦਾ ਪੰਜਾਬ ਤੇ ਦੁਨੀਆਂ ਦੀ ਕੋਈ ਵੀ ਐਸੀ ਚੀਜ਼ ਨਹੀ ਹੈ, ਜਿਸ ਦਾ ਆਪਾਂ ਹੱਲ ਨਾ ਕਰ ਸਕੀਏ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਲਹਿਰ ਕੇਵਲ ਇਕ ਅਭਿਆਨ ਨਹੀਂ, ਸਗੋਂ ਪੰਜਾਬ ਦੀ ਆਤਮ-ਗੌਰਵ ਅਤੇ ਰਾਜਨੀਤਿਕ ਖੁਦਮੁਖਤਿਆਰੀ ਦੀ ਨਵੀਂ ਦਿਸ਼ਾ ਹੈ। ਉਨ੍ਹਾਂ ਦੱਸਿਆ ਕਿ “ਪੂਰਾ ਪੰਜਾਬ ਲਹਿਰ” ਤਹਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਦੋ ਹਫ਼ਤਿਆਂ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ, ਜਿੱਥੇ ਵੱਖ-ਵੱਖ ਖੇਤਰਾਂ ਦੇ ਬੁੱਧੀਜੀਵੀ, ਸਮਾਜ ਸੇਵੀ, ਨੌਜਵਾਨ ਅਤੇ ਸਚੇਤ ਨਾਗਰਿਕ ਇਕੱਠੇ ਹੋ ਕੇ ਪੰਜਾਬ ਦੇ ਮੌਜੂਦਾ ਸੰਕਟਾਂ ਅਤੇ ਭਵਿੱਖੀ ਰਾਹਦਾਰੀਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕਰਨਗੇ। ਮੁਹਿੰਮ ਦੇ ਸ਼ੁਰੂਆਤੀ ਸਮਾਗਮ ਵਿੱਚ ਦਵਿੰਦਰ ਸਿੰਘ ਸੇਖੋਂ ਜਨਰਲ ਸਕਤਰ ਮਿਸਲ ਸਤਲੁਜ, ਹਰਪ੍ਰੀਤ ਕੌਰ ਚੱਡਾ ਇਸਤਰੀ ਵਿੰਗ ਮਿਸਲ ਸਤਲੁਜ, ਯਾਦਵਿੰਦਰ ਸਿੰਘ ਯਾਦੂ, ਯੂਥ ਵਿੰਗ ਮਿਸਲ ਸਤਲੁਜ ਦਵਿੰਦਰ ਸਿੰਘ ਸੇਖੋਂ, ਹਰਦੀਪ ਸਿੰਘ ਡੋਡ, ਸੁਖਵਿੰਦਰ ਸਿੰਘ ਗਗਨ ਸਿੱਧੂ, ਰਣਪਿੰਦਰਜੀਤ ਸਿੰਘ ਗੋਲਡੀ, ਹਰਦੇਵ ਸਿੰਘਘਣੀਏਵਾਲਾ, ਅਮਰਿੰਦਰ ਸਿੰਘ ਤੁੜ ਅਤੇ ਕਈ ਸਖ਼ਸ਼ੀਅਤਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ-ਕੇਂਦਰਿਤ ਰਾਜਨੀਤਿਕ ਢਾਂਚੇ ਦੀ ਲੋੜ ‘ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪੰਜਾਬ ਦੇ ਮੂਲ ਮਸਲਿਆਂ ਨੂੰ ਕੇਂਦਰ ਵਿੱਚ ਰੱਖ ਕੇ ਇਕ ਦੂਰਦਰਸ਼ੀ ਅੰਦੋਲਨ ਖੜ੍ਹਾ ਕੀਤਾ ਜਾਵੇ।
“ਪੂਰਾ ਪੰਜਾਬ ਲਹਿਰ” ਦੀਆਂ ਪ੍ਰਮੁੱਖ ਮੰਗਾਂ ਵਿੱਚ ਕੇਂਦਰ ਅਤੇ ਪੰਜਾਬ ਦੇ ਸੰਬੰਧਾਂ ਨੂੰ ਭਾਰਤੀ ਸੰਵਿਧਾਨ ਦੇ ਫੈਡਰਲ ਢਾਂਚੇ ਅਨੁਸਾਰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ‘ਤੇ ਪੰਜਾਬ ਦਾ ਅਟੁੱਟ ਹੱਕ ਮਨਵਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਵਿੱਤੀ ਇਨਸਾਫ, ਕਰਜ਼ਾ ਮੁਕਤੀ, ਸਰਹੱਦਾਂ ਪਾਰ ਵਪਾਰ ਦੀ ਮੁੜ ਸ਼ੁਰੂਆਤ, ਸਿੱਖ ਕੌਮ ਦੇ ਲੰਬਿਤ ਧਾਰਮਿਕ ਮਸਲਿਆਂ ਦਾ ਤੁਰੰਤ ਅਤੇ ਨਿਆਂਪੂਰਕ ਹੱਲ, ਪ੍ਰਦੂਸ਼ਣ ਰੋਕਥਾਮ ਅਤੇ ਨਸ਼ਾ-ਮੁਕਤ ਪੰਜਾਬ ਦੀ ਸਥਾਪਨਾ ਲਈ ਢੁਕਵੇਂ ਅਤੇ ਕਾਰਗਰ ਉਪਰਾਲਿਆਂ ਦੀ ਮੰਗ ਵੀ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦਰਦੀਆਂ, ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀਆਂ ਅਤੇ ਨੌਜਵਾਨਾਂ ਨੂੰ ਇਸ ਲਹਿਰ ਨਾਲ ਜੁੜ ਕੇ ਪੰਜਾਬ ਦੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਣ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਬੁਲਾਰਿਆਂ ਨੇ “ਪੂਰਾ ਪੰਜਾਬ ਲਹਿਰ” ਪੰਜਾਬ ਦੇ ਹੱਕਾਂ ਦੀ ਪੁਨਰਪ੍ਰਾਪਤੀ ਅਤੇ ਸਨਮਾਨ ਦੀ ਬਹਾਲੀ ਲਈ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੈ। ਇਹ ਲਹਿਰ ਪੰਜਾਬ ਦੀ ਆਤਮਿਕ, ਆਰਥਿਕ ਅਤੇ ਰਾਜਨੀਤਿਕ ਪੁਨਰਜਾਗਰਤੀ ਵੱਲ ਇਕ ਦ੍ਰਿੜ ਅਤੇ ਇਤਿਹਾਸਕ ਕਦਮ ਸਾਬਤ ਹੋਵੇਗੀ। ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਅਨੁਸਾਰ ਇਸ ਮੌਕੇ ਪੂਰਾ ਪੰਜਾਬ ਮੁਹਿੰਮ ਤਹਿਤ ਪੰਜਾਬ ਦੇ ਹੱਕਾਂ ਅਤੇ ਸੁਨਹਿਰੀ ਭਵਿੱਖ ਲਈ ਇਕ ਮੰਗ ਪੱਤਰ ਦਸਤਖਤ ਪਟੀਸ਼ਨ “ਸਾਡਾ ਸੁਪਨਾ ਖ਼ੁਸ਼ਹਾਲ ਪੰਜਾਬ ਸਮਰੱਥ ਪੰਜਾਬ ਦੇ ਰੂਪ ਵਿੱਚ ਸ਼ੁਰੂ ਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਵੰਬਰ 2026  ਤੱਕ ਇਕ ਲੱਖ ਦਸਤਖਤ ਪਟੀਸ਼ਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜੀਆਂ ਜਾਣਗੀਆ। ਉਨ੍ਹਾਂ ਵਖ ਵਖ ਰਾਜਸੀ ਪਾਰਟੀਆਂ ਨੂੰ ਇਸ ਲਈ ਸਹਿਯੋਗ ਦੀ ਅਪੀਲ ਕੀਤੀ ਹੈ। ਬੀਕੇਯੂ ਪੰਜਾਬ ਦੀ ਸਮਾਜਿਕ ਮੁਦਿਆਂ ਪ੍ਰਤੀ ਸਰਗਰਮ ਜਥੇਬੰਦੀ ਲੋਕ ਹਿੱਤ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸਾਟੂ, ਰਵਿੰਦਰ ਸਿੰਘ ਵਜੀਦਪੁਰ ਅਤੇ ਮਨਦੀਪ ਸਿੰਘ ਨੇ ਮਿਸਲ ਸਤਲੁਜ ਦੀ ਪੂਰਾ ਪੰਜਾਬ ਲਹਿਰ ਦੀ ਸਫਲਤਾ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *