Breaking
www.sursaanjh.com > ਚੰਡੀਗੜ੍ਹ/ਹਰਿਆਣਾ > ਨੌਜਵਾਨ ਪੀੜ੍ਹੀ ਖ਼ਾਲਸਾ ਸਾਜਨਾ ਦਿਵਸ ਦੀ ਮਹਾਨਤਾ ਨੂੰ ਸਮਝਦਿਆਂ ਅੰਮ੍ਰਿਤ ਛੱਕਣ: ਹਰਮੀਤ ਸਿੰਘ ਕਾਲਕਾ

ਨੌਜਵਾਨ ਪੀੜ੍ਹੀ ਖ਼ਾਲਸਾ ਸਾਜਨਾ ਦਿਵਸ ਦੀ ਮਹਾਨਤਾ ਨੂੰ ਸਮਝਦਿਆਂ ਅੰਮ੍ਰਿਤ ਛੱਕਣ: ਹਰਮੀਤ ਸਿੰਘ ਕਾਲਕਾ

ਡੀਐਸਜੀਐਮਸੀ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਸੰਚਾਰ ਸਮਾਗਮਾਂ ਦੀ ਤਿਆਰੀਆਂ ਲਈ ਮੀਟਿੰਗ
ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 18 ਫਰਵਰੀ:
ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਮੌਕੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮਾਂ ਦੀ ਰੂਪਰੇਖਾ ਤੈਅ ਕਰਨ ਲਈ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਹੈੱਡ ਗ੍ਰੰਥੀ ਸਾਹਿਬਾਨਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮਾਗਮਾਂ ਦੀ ਸਫਲਤਾ ਲਈ ਵੱਡੇ ਪੱਧਰ ’ਤੇ ਸੰਗਤ ਦੀ ਸ਼ਮੂਲੀਅਤ ਯਕੀਨੀ ਬਣਾਉਣ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਕਾਲਕਾ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਸਿਰਫ਼ ਇਕ ਇਤਿਹਾਸਕ ਘਟਨਾ ਨਹੀਂ, ਬਲਕਿ ਸਿੱਖ ਕੌਮ ਦੀ ਆਤਮਿਕ ਨਵੀਂ ਜਾਗਰਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ  ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਮੂਹ ਸੰਗਤਾਂ ਇਸ ਪਵਿੱਤਰ ਮੌਕੇ ਨੂੰ ਆਪਣੀ ਜ਼ਿੰਦਗੀ ਦਾ ਅਨਮੋਲ ਸਮਝਦਿਆਂ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨ ਅਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖ਼ਾਲਸਾ ਰੂਪ ਧਾਰਣ ਕਰਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਅੰਮ੍ਰਿਤ ਸੰਚਾਰ ਸਮਾਗਮ ਸਿਰਫ਼ ਇਕ ਰਸਮ ਨਹੀਂ, ਸਗੋਂ ਗੁਰੂ ਸਾਹਿਬਾਨਾਂ ਦੀ ਬਖ਼ਸ਼ੀ ਹੋਈ ਰਹਿਤ-ਮਰਿਆਦਾ ਨੂੰ ਅਪਣਾਉਣ ਅਤੇ ਨੈਤਿਕਤਾ, ਸੇਵਾ ਅਤੇ ਸ਼ਹੀਦੀ ਦੀ ਰੂਹ ਨਾਲ ਜੀਵਨ ਬਤੀਤ ਕਰਨ ਦਾ ਦ੍ਰਿੜ ਨਿਸ਼ਚਾ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਤੌਰ ’ਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਖ਼ਾਲਸਾ ਸਾਜਨਾ ਦਿਵਸ ਦੀ ਮਹਾਨਤਾ ਨੂੰ ਸਮਝਦਿਆਂ ਅੰਮ੍ਰਿਤ ਛੱਕਣ ਅਤੇ ਆਪਣੀ ਆਤਮਿਕ ਯਾਤਰਾ ਦੀ ਨਵੀਂ ਸ਼ੁਰੂਆਤ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਜਾਰੀ ਕੀਤੇ ਜਾਣਗੇ। ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪਵਿੱਤਰ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਕਿਰਪਾ ਦੇ ਹਕਦਾਰ ਬਣਨ ਅਤੇ ਹੋਰਨਾਂ ਨੂੰ ਵੀ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਨ।

Leave a Reply

Your email address will not be published. Required fields are marked *