Breaking
www.sursaanjh.com > ਚੰਡੀਗੜ੍ਹ/ਹਰਿਆਣਾ > “ਪੂਰਾ ਪੰਜਾਬ” ਲਹਿਰ ਦਾ ਤੀਜਾ ਦਿਨ

“ਪੂਰਾ ਪੰਜਾਬ” ਲਹਿਰ ਦਾ ਤੀਜਾ ਦਿਨ

ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਸਮੇਤ ਵਿਧਾਇਕਾਂ ਅਤੇ ਸਾਂਸਦਾਂ ਨੂੰ ਭੇਜੀ ਜਾਵੇਗੀ ਜਨਤਕ ਦਸਤਖ਼ਤ ਪਟੀਸ਼ਨ ਦੀ ਕਾਪੀ
ਮਰਹੂਮ ਜੱਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਤੁੜ ਦੇ ਪੋਤਰੇ ਅਮਰਿੰਦਰ ਸਿੰਘ ਤੁੜ “ਪੂਰਾ ਪੰਜਾਬ” ਲਹਿਰ ਦੇ ਕੌਮੀ ਕਨਵੀਨਰ ਨਿਯੁਕਤ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ:
ਮਿਸਲ ਸਤਲੁਜ ਵੱਲੋਂ ਜਾਰੀ “ਪੂਰਾ ਪੰਜਾਬ” ਲਹਿਰ ਦੇ ਮੰਚ ਨੂੰ ਤੀਜੇ ਦਿਨ ਵੀ ਵੱਡਾ ਹੁੰਗਾਰਾ ਮਿਲਿਆ। ਅੱਜ ਮੰਚ ਤੋਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਿਆਸਤਦਾਨਾਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਅੱਜ ਪੰਜਾਬ ਦੀਆਂ ਸਿਆਸੀ ਜਮਾਤਾਂ ਨੂੰ ਸਿਰਫ ਦਾਅਵਿਆਂ ਵਿੱਚ ਹੀ ਨਹੀ, ਸਗੋਂ ਹਕੀਕਤ ਅਤੇ ਅਮਲੀ ਰੂਪ ਵਿੱਚ ਪੰਜਾਬ ਦੇ ਵਡੇਰੇ ਮਸਲਿਆਂ ਨੂੰ ਲੈ ਕੇ ਆਪਣਾ ਨਜ਼ਰੀਆ ਸਾਫ ਕਰਨਾ ਚਾਹੀਦਾ ਹੈ। ਮਿਸਲ ਸਤਲੁਜ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਜਾਣਾਕਰੀ ਦਿੰਦਿਆਂ ਕਿਹਾ ਕਿ “ਪੂਰਾ ਪੰਜਾਬ” ਲਹਿਰ ਨੂੰ ਅੱਗੇ ਵਧਾਉਂਦੇ ਹੋਏ, ਸਾਰੀਆਂ ਸਿਆਸੀ ਜਮਾਤਾਂ ਦੇ ਆਗੂਆਂ (ਪ੍ਰਧਾਨ ਸਾਹਿਬਾਨ) ਪੰਜਾਬ ਦੇ ਸਮੂਹ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਓਹਨਾਂ ਦੇ ਸਟੈਂਡ ਨੂੰ ਸਪੱਸ਼ਟਤਾ ਨਾਲ ਪੰਜਾਬ ਦੇ ਸਾਹਮਣੇ ਪੇਸ਼ ਕਰਨ ਲਈ ਪੱਤਰ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਜਨਤਕ ਦਸਤਖ਼ਤ ਪਟੀਸ਼ਨ ਦੀ ਕਾਪੀ ਵੀ ਭੇਜੀ ਜਾਵੇਗੀ। ਸਰਦਾਰ ਸੇਖੋਂ ਨੇ ਕਿਹਾ ਕਿ ਐਤਵਾਰ ਦਾ ਦਿਨ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਲਈ ਰਾਖਵਾਂ ਰੱਖਿਆ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਦਫਤਰ ਬਕਾਇਦਾ ਚਿੱਠੀ ਭੇਜ ਕੇ ਓਹਨਾ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ, ਤਾਂ ਜੋ ਸਾਰੀਆਂ ਸਿਆਸੀ ਧਿਰਾਂ ਆਪੋ ਆਪਣੇ ਨੁਮਾਇੰਦਿਆਂ ਨੂੰ ਮੰਚ ਤੋਂ ਪੰਜਾਬ ਦੇ ਇਹਨਾਂ ਮੁੱਦਿਆਂ ਪ੍ਰਤੀ ਆਪਣੀ ਪਾਰਟੀ ਦੇ ਸਟੈਂਡ ਨੂੰ ਸਪੱਸ਼ਟਤਾ ਨਾਲ ਰੱਖ ਸਕਣ।
ਸਰਦਾਰ ਅਜੇਪਾਲ ਸਿੰਘ ਬਰਾੜ ਨੇ ਇੱਕ ਮਹੱਤਵਪੂਰਨ ਨਿਯੁਕਤੀ ਕਰਦੇ ਹੋਏ, ਮਰਹੂਮ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਤੁੜ ਦੇ ਪੋਤਰੇ, ਮਰਹੂਮ ਮੈਂਬਰ ਪਾਰਲੀਮੈਂਟ ਜੱਥੇਦਾਰ ਲਹਿਣਾ ਸਿੰਘ ਤੁੜ ਦੇ ਫਰਜ਼ੰਦ ਅਮਰਿੰਦਰ ਸਿੰਘ ਤੁੜ ਨੂੰ “ਪੂਰਾ ਪੰਜਾਬ” ਲਹਿਰ ਦੇ ਕੌਮੀ ਕਨਵੀਨਰ ਨਿਯੁਕਤ ਕੀਤਾ ਹੈ। ਸਰਦਾਰ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਦੇ ਨਾਲ ਅਜਿਹੇ ਪਰਿਵਾਰਾਂ ਦਾ ਜੁੜਨਾ ਸਾਬਿਤ ਕਰਦਾ ਹੈ ਕਿ ਪੰਜਾਬ ਪ੍ਰਤੀ ਸੁਹਿਰਦ ਲੋਕ ਪੂਰਾ ਪੰਜਾਬ ਲਹਿਰ ਨੂੰ ਵੱਡਾ ਹੁਲਾਰਾ ਦੇ ਰਹੇ ਹਨ। ਸਰਦਾਰ ਬਰਾੜ ਨੇ ਕਿਹਾ ਕਿ ਅਮਰਿੰਦਰ ਸਿੰਘ ਤੁੜ ਨੂੰ ਪੂਰਾ ਪੰਜਾਬ ਦੇ ਕੌਮੀ ਕਨਵੀਨਰ ਨਿਯੁਕਤ ਹੋਣ ਤੇ ਉਨ੍ਹਾਂ ਦੀ ਪਿਛਲੀ ਜ਼ਿੰਮੇਵਾਰੀ ਦੇ ਤੌਰ ਤੇ ਹਰਜੀਤ ਸਿੰਘ ਖਿਜ਼ਰਾਬਾਦ ਨੂੰ ਪੁਆਧ ਜ਼ੋਨ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸਰਦਾਰ ਬਰਾੜ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਹ ਮੁਹਿੰਮ ਪੰਜਾਬੀਆਂ ਦੀ ਆਪਣੀ ਮੁਹਿੰਮ ਹੈ। ਇਸ ਨਾਲ ਹਰ ਘਰ ਜੁੜੇ, ਹਰ ਘਰ ਤੋਂ ਇੱਕ ਪਟੀਸ਼ਨ ਜਰੂਰ ਭਰੀ ਜਾਵੇ ਤਾਂ ਜੋ ਕੇਂਦਰ ਸਰਕਾਰ ਸਾਹਮਣੇ ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਜਾ ਸਕੇ। ਅੱਜ ਮੰਚ ਤੋਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਬੀਐਸਪੀ ਤੋਂ ਮਾਸਟਰ ਬਨਵਾਰੀ ਲਾਲ, ਪੰਥਕ ਵਿਚਾਰ ਮੰਚ ਤੋਂ ਬਲਜੀਤ ਸਿੰਘ ਖ਼ਾਲਸਾ, ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਦਲਜਿੰਦਰ ਸਿੰਘ ਸੰਧੂ, ਸੀਨੀਅਰ ਐਡਵੋਕੇਟ ਅਨਮੋਲ ਜੀ ਅਤੇ ਐਡਵੋਕੇਟ ਅਰੁਣਪਾਲ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ।

Leave a Reply

Your email address will not be published. Required fields are marked *