ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਾਰਚ:


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ 15 ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੀ ਚੋਣ ਦੇ ਮੱਦੇਨਜ਼ਰ ਸਾਹਿਤਕ ਹਲਕਿਆਂ ਵਿੱਚ ਚਰਚਾ ਤੇ ਸਰਗਰਮੀ ਤੇਜ਼ ਹੋ ਗਈ ਹੈ। ਇੱਥੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਕਈ ਪ੍ਰਮੁੱਖ ਸਾਹਿਤਕਾਰਾਂ ਨੇ ਅਕਾਡਮੀ ਦੀ ਪ੍ਰਧਾਨਗੀ ਲਈ ਉਮੀਦਵਾਰ ਡਾ. ਸਰਬਜੀਤ ਸਿੰਘ ਨੂੰ ਵੋਟ ਪਾਉਣ, ਉਨ੍ਹਾਂ ਦੀ ਹਮਾਇਤ ਕਰਨ ਅਤੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ। ਜਾਰੀ ਬਿਆਨ ਵਿੱਚ ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਕਵੀ ਦਰਸ਼ਨ ਬੁੱਟਰ, ਸ਼ੇਖ਼ ਬਾਬਾ ਫ਼ਰੀਦ ਚੇਅਰ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ, ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਪੰਜਾਬੀ ਲੋਕ-ਧਾਰਾ ਦੇ ਵਿਦਵਾਨ ਡਾ. ਕਰਮਜੀਤ ਸਿੰਘ, ਮੈਟਾ ਆਲੋਚਕ ਡਾ. ਸ਼ਿੰਦਰਪਾਲ ਸਿੰਘ, ਗ਼ਜ਼ਲਕਾਰ ਮੱਖਣ ਕੁਹਾੜ, ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਬਲਵਿੰਦਰ ਸੰਧੂ, ਸੁਰਿੰਦਰਪ੍ਰੀਤ ਸਿੰਘ ਘਣੀਆ, ਜੈਨਿੰਦਰ ਚੌਹਾਨ ਅਤੇ ‘ਕੌਮੀ ਸਵਤੰਤਰ’ ਦੇ ਮੁੱਖ ਸੰਪਾਦਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਡਾ. ਸਰਬਜੀਤ ਸਿੰਘ ਪੰਜਾਬੀ ਸਾਹਿਤ ਅਤੇ ਸਭਿਆਚਾਰ ਪ੍ਰਤੀ ਵਚਨਬੱਧ, ਸਰਗਰਮ ਅਤੇ ਦੂਰਦਰਸ਼ੀ ਚਿੰਤਕ ਹਨ।
ਉਨ੍ਹਾਂ ਕਿਹਾ ਕਿ ਡਾ. ਸਰਬਜੀਤ ਸਿੰਘ ਨੇ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਲੋਕ-ਸਭਿਆਚਾਰ ਦੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪਿਛਲੇ ਦੋ ਵਰ੍ਹਿਆਂ ਦੌਰਾਨ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਕਈ ਅਹਿਮ ਸਾਹਿਤਕ ਕਾਰਜ ਕੀਤੇ ਗਏ ਹਨ। ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਅਕਾਡਮੀ ਦੀਆਂ ਸਰਗਰਮੀਆਂ ਹੋਰ ਵੀ ਤੇਜ਼ ਅਤੇ ਸਹੀ ਦਿਸ਼ਾ ਵਿਚ ਹੋਣਗੀਆਂ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਢੰਗਸਾਰ ਉਪਰਾਲੇ ਕੀਤੇ ਜਾਣਗੇ। ਸਾਂਝੇ ਬਿਆਨ ਵਿੱਚ ਅਕਾਡਮੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 15 ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਣ ਵਾਲੀ ਚੋਣ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਡਾ. ਸਰਬਜੀਤ ਸਿੰਘ ਦੇ ਹੱਕ ਵਿੱਚ ਵੋਟ ਪਾਉਣ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ।
ਜਾਰੀ ਕਰਤਾ: ਸੁਸ਼ੀਲ ਦੁਸਾਂਝ
ਸੰਪਰਕ ਨੰਬਰ-98887-99870

