Breaking
www.sursaanjh.com > ਚੰਡੀਗੜ੍ਹ/ਹਰਿਆਣਾ > ਕਿਸਾਨੀ ਖੇਤਰ ਲਈ ਘੱਟ ਬਜਟ ਅਤੇ ਖੇਤੀ ਨੀਤੀ ਵਿੱਚ ਦੇਰੀ ‘ਤੇ ਰਾਣਾ ਗੁਰਜੀਤ ਸਿੰਘ ਦੀ ਚਿੰਤਾ

ਕਿਸਾਨੀ ਖੇਤਰ ਲਈ ਘੱਟ ਬਜਟ ਅਤੇ ਖੇਤੀ ਨੀਤੀ ਵਿੱਚ ਦੇਰੀ ‘ਤੇ ਰਾਣਾ ਗੁਰਜੀਤ ਸਿੰਘ ਦੀ ਚਿੰਤਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਾਰਚ:
ਪੰਜਾਬ ਵਿਧਾਨ ਸਭਾ ਵਿੱਚ ਰਾਜ ਦੇ ਬਜਟ ’ਤੇ ਚੱਲ ਰਹੀ ਚਰਚਾ ਦੌਰਾਨ ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਵਿੱਤੀ ਵਰ੍ਹੇ 2026-27 ਲਈ ਰਾਜ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਲਈ ਰੱਖੇ ਗਏ ਕੇਵਲ ₹15,377 ਕਰੋੜ ਦੇ ਬਜਟ ਪ੍ਰਬੰਧ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਬਜਟ ਵਿੱਚ ਫਸਲੀ ਵਿਭਿੰਨਤਾ (ਕਰਾਪ ਡਾਇਵਰਸੀਫਿਕੇਸ਼ਨ) ਦਾ ਜ਼ਿਕਰ ਕੀਤਾ ਗਿਆ ਹੈ, ਪਰ ਇਹ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਦਿਖਾਈ ਦਿੰਦਾ ਹੈ ਅਤੇ ਇਸ ਨਾਲ ਪੰਜਾਬ ਦੀ ਫਸਲੀ ਪ੍ਰਣਾਲੀ ਵਿੱਚ ਅਸਲ ਬਦਲਾਅ ਲਿਆਉਣ ਲਈ ਲੋੜੀਂਦੀ ਗੰਭੀਰਤਾ ਨਹੀਂ ਦਿਖਦੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਚਾਰ ਸਾਲ ਬੀਤ ਚੁੱਕੇ ਹਨ, ਪਰ ਉਸ ਵੇਲੇ ਵਾਅਦਾ ਕੀਤੀ ਗਈ ਖੇਤੀ ਨੀਤੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਮੁੱਖ ਤੌਰ ’ਤੇ ਖੇਤੀਬਾੜੀ ਉੱਤੇ ਆਧਾਰਿਤ ਰਾਜ ਹੈ ਅਤੇ ਕਿਸਾਨਾਂ ਨੂੰ ਸਪਸ਼ਟ ਦਿਸ਼ਾ ਦੇਣ ਲਈ ਇੱਕ ਮਜ਼ਬੂਤ ਅਤੇ ਵਿਸਥਾਰਪੂਰਕ ਖੇਤੀ ਨੀਤੀ ਦੀ ਤੁਰੰਤ ਲੋੜ ਹੈ। “ਕਿਸਾਨੀ ਖੇਤਰ ਹੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਹੀ ਹੈ” ਉਨ੍ਹਾਂ ਨੇ ਸਭਾ ਵਿੱਚ ਕਿਹਾ।
ਰਾਣਾ ਗੁਰਜੀਤ ਸਿੰਘ ਨੇ ਜ਼ਮੀਨੀ ਪਾਣੀ ਦੀ  ਰਖ ਰਖਾਉ ਨੂੰ ਸਮੇਂ ਦੀ ਵੱਡੀ ਲੋੜ ਦੱਸਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਰਵਾਇਤੀ ਝੋਨਾ ਅਤੇ  ਕਣਕ ਦੀ ਖੇਤੀ ਤੋਂ ਇਲਾਵਾ ਹੋਰ ਫਸਲਾਂ ਵੱਲ ਮੋੜਨ ਲਈ ਮੱਕੀ ਦੀ ਵੱਡੇ ਪੱਧਰ ’ਤੇ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਉਗਾਈ ਜਾਣ ਵਾਲੀ ਮੱਕੀ ਦੀ ਕਿਸਮ ਉੱਤਰੀ ਅਮਰੀਕੀ ਦੇਸ਼ਾਂ ਨਾਲੋਂ ਵੀ ਬਿਹਤਰ ਹੈ, ਜਿੱਥੇ ਜ਼ਿਆਦਾਤਰ ਜੈਨੀਟੀਕਲੀ ਮੋਡੀਵਾਈਡ ਮੱਕੀ ਦੀਆਂ ਕਿਸਮਾਂ ਦੀ ਖੇਤੀ ਹੁੰਦੀ ਹੈ। ਉਨ੍ਹਾਂ ਇਹ ਵੀ ਦਰਸਾਇਆ ਕਿ ਰਾਜ ਵਿੱਚ ਕਣਕ ਅਤੇ ਚੌਲ ਦੀ ਸਟੋਰੇਜ ਲਈ ਥਾਂ ਦੀ ਭਾਰੀ ਕਮੀ ਹੈ, ਕਿਉਂਕਿ ਪਿਛਲੇ ਸੀਜ਼ਨਾਂ ਦਾ ਵੱਡਾ ਅਨਾਜ ਭੰਡਾਰ ਪਹਿਲਾਂ ਹੀ ਗੋਦਾਮਾਂ ਵਿੱਚ ਪਿਆ ਹੈ। ਉਨ੍ਹਾਂ ਕਿਹਾ, “ਸਟੋਰੇਜ ਸੰਕਟ ਦਾ ਪੱਕਾ ਹੱਲ ਫਸਲੀ ਵਿਭਿੰਨਤਾ ਵਿੱਚ ਹੀ ਹੈ।” ਉਨ੍ਹਾਂ ਚੇਤਾਵਨੀ ਦਿੱਤੀ ਕਿ 1 ਅਪ੍ਰੈਲ ਤੋਂ ਜਦੋਂ ਰਬੀ ਦੀ ਕਣਕ ਮੰਡੀਆਂ ਵਿੱਚ ਆਉਣੀ ਸ਼ੁਰੂ ਹੋਵੇਗੀ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਉਨ੍ਹਾਂ ਸਵਾਲ ਕੀਤਾ, “ਇੰਨਾ ਵੱਡਾ ਅਨਾਜ ਭੰਡਾਰ ਰਾਜ ਦੀ ਸਰਕਾਰ ਕਿੱਥੇ ਸੰਭਾਲੇਗੀ?” ਆਪਣੇ ਤਜਰਬੇ ਦਾ ਹਵਾਲਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਸਲਾਹਾਂ ’ਤੇ ਵੀ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਸ਼ੂਗਰ ਬੀਟ, ਮੱਕੀ ਵਰਗੀਆਂ ਨਕਦੀ ਫਸਲਾਂ ਦੀ ਖੇਤੀ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਹੁਣ ੳਲ੍ਹਝਦੀ ਖੇਤੀ ’ਤੇ ਵੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਲੰਬੇ ਸਮੇਂ ਲਈ ਮਜ਼ਬੂਤ ਬਣਾਉਣ ਲਈ ਸਿਆਸੀ ਫ਼ਰਕਾਂ ਤੋਂ ਉੱਪਰ ਉੱਠ ਕੇ ਸਾਂਝੇ ਯਤਨ ਕਰਨ ਦੀ ਲੋੜ ਹੈ। ਰਾਣਾ ਗੁਰਜੀਤ ਸਿੰਘ ਨੇ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਵਿੱਚ ਹੋਏ ਵਾਧੇ ਦਾ ਸਵਾਗਤ ਕਰਦਿਆਂ ਕਿਹਾ ਕਿ ਜੇ ਇਹ ਦਰ 67 ਫੀਸਦੀ ਤੱਕ ਪਹੁੰਚ ਸਕਦੀ ਹੈ ਤਾਂ ਇਸਨੂੰ 100 ਫੀਸਦੀ ਤੱਕ ਕਿਉਂ ਨਹੀਂ ਲਿਆਂਦਾ ਜਾ ਸਕਦਾ? ਉਨ੍ਹਾਂ ਕਿਹਾ ਕਿ ਮੱਕੀ ਦੀ ਖੇਤੀ ਨਹਿਰੀ ਪਾਣੀ ਦੀ ਪ੍ਰਭਾਵਸ਼ਾਲੀ ਵਰਤੋਂ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਅਤੇ ਵਾਤਾਵਰਣ ਦੀ ਰੱਖਿਆ ਕਰਨ ਵਾਲੀਆਂ ਨਵੀਆਂ ਫਸਲਾ ਦੀਆਂ ਕਿਸਮਾਂ ਵਿਕਸਤ ਕਰਨ ’ਤੇ ਹੋਰ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *