Breaking
www.sursaanjh.com > ਚੰਡੀਗੜ੍ਹ/ਹਰਿਆਣਾ > ਯੂਨੀਵਰਸਿਟੀ ਦੇ ਨਾਮ ਵਿਚੋਂ ਰਾਜੀਵ ਗਾਂਧੀ ਦਾ ਨਾਂ ਹਟਾਉਣ ਲਈ ਮਿਸਲ ਸਤਲੁਜ ਦਾ ਵਿਧਾਨ ਸਭਾ ਬਾਹਰ ਪ੍ਰਦਰਸ਼ਨ

ਯੂਨੀਵਰਸਿਟੀ ਦੇ ਨਾਮ ਵਿਚੋਂ ਰਾਜੀਵ ਗਾਂਧੀ ਦਾ ਨਾਂ ਹਟਾਉਣ ਲਈ ਮਿਸਲ ਸਤਲੁਜ ਦਾ ਵਿਧਾਨ ਸਭਾ ਬਾਹਰ ਪ੍ਰਦਰਸ਼ਨ

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦਾ ਨਾਂ ਬਦਲਣ ਦੀ ਮੰਗ, ਵਿਧਾਨ ਸਭਾ ਬਾਹਰ ਪ੍ਰਦਰਸ਼ਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਾਰਚ:
ਅੱਜ ਇੱਥੇ ਮਿਸਲ ਸਤਲੁਜ ਜਥੇਬੰਦੀ ਵੱਲੋਂ ਯੂਥ ਵਿੰਗ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ “ਅਲਾਲ” ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਬਾਹਰ ਵਿਧਾਨ ਸਭਾ ਚੋਕ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ ਦੇ ਨਾਮ ਵਿੱਚੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸਲ ਸਤਲੁਜ ਦੇ ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ “ਅਲਾਲ” ਨੇ ਕਿਹਾ ਕਿ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਵੱਲੋਂ ਉਹਨਾਂ ਦੁਆਰਾ ਕੀਤੇ 2 ਨਵੰਬਰ ਦੇ ਪ੍ਰਦਰਸ਼ਨ ਤੋਂ ਬਾਅਦ ਸੰਸਥਾ ਦੇ ਸਿਰਲੇਖ ਵਿੱਚੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ਹਟਾ ਅਗਲੇਰੀ ਕਾਰਵਾਈ ਲਈ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮਸਲਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆ ਕੇ ਮਨਜ਼ੂਰ ਕਰਵਾਇਆ ਜਾਣਾ ਸੀ, ਪਰ 10 ਦਿਨ ਚੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਇਸ ਮਾਮਲੇ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਸਾਰਾ ਵਿਧਾਨ ਸਭਾ ਦਾ ਸ਼ੈਸਨ ਆਪਸੀ ਦੂਸਣਬਾਜੀ ਵਿੱਚ ਲੰਘਾ ਦਿੱਤਾ ਗਿਆ।
ਯਾਦੂ ਅਲਾਲ ਨੇ ਕਿਹਾ ਕਿ ਨਵੰਬਰ 1984 ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨਾਂ ਨਾਲ ਜੁੜੇ ਵਿਅਕਤੀ ਦੇ ਨਾਮ ‘ਤੇ ਇੱਕ ਸਿੱਖਿਆ ਸੰਸਥਾ ਦਾ ਨਾਮ ਰੱਖਣਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦਿੱਤਾ ਗਿਆ ਬਿਆਨ “ਜਦੋਂ ਵੱਡਾ ਦਰਖ਼ਤ ਡਿੱਗਦਾ ਹੈ, ਧਰਤੀ ਹਿਲਦੀ ਹੈ” — ਸਿੱਖ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਵਾਲਾ ਮੰਨਿਆ ਜਾਂਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਿਰਫ਼ ਦਿੱਲੀ ਵਿੱਚ ਲਗਭਗ 2,800 ਸਿੱਖ ਮਾਰੇ ਗਏ, ਜਦਕਿ ਸੁਤੰਤਰ ਸਰੋਤਾਂ ਮੁਤਾਬਕ ਪੂਰੇ ਦੇਸ਼ ਵਿੱਚ 10,000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਘਰ ਤਬਾਹ ਹੋਏ ਅਤੇ ਲਗਭਗ 50,000 ਤੋਂ 80,000 ਸਿੱਖ ਬੇਘਰ ਹੋਏ। ਹਰਜੀਤ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਵਿਵਾਦਾਂ ਨਾਲ ਜੁੜੇ ਵਿਅਕਤੀ ਦੇ ਨਾਮ ‘ਤੇ ਕਾਨੂੰਨ ਦੀ ਯੂਨੀਵਰਸਿਟੀ ਦਾ ਨਾਮ ਰੱਖਣਾ ਨਿਆਂ ਪ੍ਰਣਾਲੀ ਨਾਲ ਤਮਾਸ਼ੇ ਦੇ ਬਰਾਬਰ ਹੈ। ਕਾਨੂੰਨ ਦੀ ਪੜ੍ਹਾਈ ਇਨਸਾਫ਼, ਜਵਾਬਦੇਹੀ ਅਤੇ ਸੰਵਿਧਾਨਕ ਮਰਯਾਦਾ ਦਾ ਪਾਠ ਪੜ੍ਹਾਉਂਦੀ ਹੈ। ਜੇ ਸੰਸਥਾ ਦਾ ਨਾਮ ਹੀ ਐਸੇ ਵਿਅਕਤੀ ਨਾਲ ਜੋੜਿਆ ਹੋਵੇ, ਜਿਸਦਾ ਨਾਮ ਵੱਡੇ ਵਿਵਾਦਾਂ ਨਾਲ ਜੁੜਿਆ ਰਹਿਆ ਹੋਵੇ, ਤਾਂ ਇਹ ਵਿਦਿਆਰਥੀਆਂ ਲਈ ਗਲਤ ਸੰਦੇਸ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਇੱਜ਼ਤ ਉਸ ਵੇਲੇ ਕਾਇਮ ਰਹਿੰਦੀ ਹੈ ਜਦੋਂ ਨਿਆਂ ਸਿਰਫ਼ ਕਿਤਾਬਾਂ ਵਿੱਚ ਨਹੀਂ, ਸਗੋਂ ਪ੍ਰਤੀਕਾਂ ਅਤੇ ਫੈਸਲਿਆਂ ਵਿੱਚ ਵੀ ਨਜ਼ਰ ਆਵੇ। ਯਾਦੂ ਨੇ ਕਿਹਾ ਕਿ ਇਹ ਸਿਰਫ਼ ਇੱਕ ਨਾਮ ਬਦਲਣ ਦੀ ਗੱਲ ਨਹੀਂ, ਸਗੋਂ ਇਤਿਹਾਸਕ ਨਿਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਸਤਿਕਾਰ ਦਾ ਮਾਮਲਾ ਹੈ। ਮਿਸਲ ਸਤਲੁਜ ਜਥੇਬੰਦੀ ਨੇ ਮੰਗ ਕੀਤੀ ਕਿ ਜਿਨ੍ਹਾਂ ਸੰਸਥਾਵਾਂ ਦੇ ਨਾਮ ਨਾਲ ਰਾਜੀਵ ਗਾਂਧੀ ਦਾ ਨਾਮ ਜੋੜਿਆ ਗਿਆ ਹੈ, ਉਨ੍ਹਾਂ ਵਿੱਚੋਂ ਵੀ ਇਹ ਨਾਮ ਹਟਾਇਆ ਜਾਵੇ ਤਾਂ ਜੋ ਇਤਿਹਾਸਕ ਸੱਚਾਈ ਅਤੇ ਨਿਆਂ ਨੂੰ ਪ੍ਰਾਥਮਿਕਤਾ ਮਿਲ ਸਕੇ।

Leave a Reply

Your email address will not be published. Required fields are marked *