ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਾਰਚ:


ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੈਕਟਰ 16 ਦੇ ਕਲਾ ਭਵਨ ਵਿਖੇ ‘ਇਕ ਸ਼ਾਮ’ ਤਹਿਤ ਨੌਜਵਾਨ ਸ਼ਾਇਰ ਸੁਰਖ਼ਾਬ ਦੀ ਕਾਵਿ-ਕਿਤਾਬ ‘ਵੈਤਰਨੀ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਫਾਊਂਡੇਸ਼ਨ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸੁਮਨ ਨੇ ਸਭ ਆਏ ਦੋਸਤਾਂ ਦਾ ਸਵਾਗਤ ਕਰਦੇ ਹੋਏ, ਸੰਸਥਾ ਵੱਲੋਂ ਕੀਤੇ ਕਾਰਜਾਂ ‘ਤੇ ਚਾਨਣਾ ਪਾਇਆ। ਇਸ ਉਪਰੰਤ ‘ਵੈਤਰਨੀ’ ਦੇ ਲੇਖਕ ਸੁਰਖ਼ਾਬ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਅਤੇ ਕਾਵਿ ਯਾਤਰਾ ਬਾਬਤ ਦੱਸਿਆ। ਇਸ ਤੋੱ ਬਾਅਦ ਸ਼ਾਇਰ ਧਰਮਿੰਦਰ ਸੇਖੋਂ ਨੇ ਕਿਹਾ ਕਿ ਸੁਰਖ਼ਾਬ ਦੀ ਕਵਿਤਾ ਆਚੰਭਿਤ ਕਰਦੀ ਹੈ ਅਤੇ ਲੱਗਦਾ ਹੈ ਕਿ ਕਵੀ ਵਿਚ ਇੱਕ ਰਿਸ਼ੀ ਬੈਠਾ ਹੈ। ਸਮਾਗਮ ਦੇ ਅਗਲੇ ਦੌਰ ਵਿਚ ਕਵਿਤਾ ਦੇ ਉੱਘੇ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ਕਵੀ ਦੀ ਵੱਖਰੀ ਕਿਸਮ ਦੀ ਕਵਿਤਾ ਹੈ ਅਤੇ ਕਾਵਿ-ਉਡਾਣ ਬਹੁਤ ਵੱਡੀ ਹੈ। ਸੁਰਖ਼ਾਬ ਸ਼ਬਦਾਂ ਰਾਹੀ ਫੋਟੋਆਂ ਖਿੱਚ ਕੇ ਤੁਹਾਡੇ ਅੱਗੇ ਰੱਖ ਦਿੰਦਾ ਹੈ। ਉਹਨਾਂ ਅਗਾਂਹ ਕਿਹਾ ਕਿ ਕਵੀ ਨੇ ਦਰਸ਼ਨ ਤੇ ਬਹੁਤ ਕੁਝ ਸਿੱਖਣਾ ਹੈ, ਜਿਹੜਾ ਉਸਨੇ ਉਮਰ ਦੇ ਹਿਸਾਬ ਨਾਲ ਸਿੱਖਣਾ ਹੈ, ਭਾਵੇਂ ਉਸਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਯੂਨੀਵਰਸਿਟੀ ਤੋਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਜੇਕਰ ਕਵੀ ਦੀ ਉਮਰ ਛੋਟੀ ਹੈ ਤਾਂ ਉਸਨੂੰ ਕਿਸੇ ਤੁਲਣਾ ਵਿਚ ਨਾ ਪਾਇਆ ਜਾਵੇ, ਅਜਿਹਾ ਕਹਿਣਾ ਉਸਦੀ ਕਵਿਤਾ ਨੂੰ ਛੋਟਾ ਕਰਨਾ ਹੈ।
ਨੌਜਵਾਨ ਆਲੋਚਕਾ ਜਸ਼ਨਪ੍ਰੀਤ ਕੌਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਕਵੀ ਦੇ ਅੰਦਰ ਜਦੋਂ ਕਵਿਤਾ ਦਾ ਪਿਟਾਰਾ ਖੁੱਲ੍ਹਦਾ ਹੈ ਤਾਂ ਦੇਖਣਾ ਬਣਦਾ ਹੈ ਕਿ ਇਸ ਸਿਰਜਣਾਤਮਕਤਾ ਦੇ ਕੀ ਕਾਰਨ ਹਨ? ਸੋ ਸੁਰਖ਼ਾਬ ਨੂੰ ਘਰ ਦੇ ਮਾਹੌਲ ਨੇ ਕਵੀ ਬਣਾਇਆ ਹੈ। ਉਹਨਾਂ ਨੇ ਕਵੀ ਦੇ ਧੁਨੀ ਬਿੰਬ ਤੋਂ ਦ੍ਰਿਸ਼ ਬਿੰਬ ਦੀ ਵੀ ਗੱਲ ਕੀਤੀ। ਜਸਪਾਲ ਫਿਰਦੌਸੀ ਨੇ ਕਿਹਾ ਕਿ ਕਵੀ ਨੂੰ ਵਧੀਆ ਪੜ੍ਹਤ ਹੀ ਸਿਰਜਣਾਤਮਕ ਤੌਰ ‘ਤੇ ਬਚਾਏਗੀ। ਡਾ. ਹਰਮੇਲ ਨੇ ਕਿਹਾ ਕਿ ਕਵਿਤਾ ਪੜ੍ਹ ਕੇ ਡਰ ਲੱਗਿਆ ਕਿ ਕਵੀ ਅੱਗ ਦੀ ਉਮਰ ਵਿਚ, ਅੱਗ ਵਰਗੀ ਕਵਿਤਾ ਲਿਖ ਰਿਹਾ ਹੈ। ਉਹਨਾਂ ਅਗਾਂਹ ਕਿਹਾ ਕਿ ਉਹ ਅਜੇ ਇਸ ਕਵਿਤਾ ‘ਤੇ ਕੰਮ ਕਰ ਰਹੇ ਹਨ।ਨਿਰਲੇਪ ਸਿੰਘ ਹੋਰਾਂ ਨੇ ਕਿਹਾ ਕਿ ਕਵੀ ਨੂੰ ਇਸ ਤਰ੍ਹਾਂ ਦੀਆਂ ਕਈ ਰੁਕਾਵਟਾਂ ਤੋਂ ਬਚਾਉਣਾ ਪੈਣਾ ਹੈ, ਜਿਸ ਨਾਲ ਉਸ ਦੇ ਲੇਖਨ ਨੂੰ ਨੁਕਸਾਨ ਪਹੁੰਚੇ। ਸ਼ਾਇਰਾ ਰਮਾ ਰਤਨ ਨੇ ਕਿਹਾ ਕਿ ਉਹਨਾਂ ਨੂੰ ਸੁਰਖ਼ਾਬ ਦੇ ਉਮਰ ਦੇ ਹਿਸਾਬ ਨਾਲ ਅਹਿਸਾਸਾਂ ਦੇ ਧੁੰਦਲੇ ਪੈ ਜਾਣ ਦੀ ਫ਼ਿਕਰ ਹੈ। ਡਾ. ਤੇਜਿੰਦਰ ਨੇ ਕਵੀ ਦੇ ਅਤਿ ਸੂਖ਼ਮ ਅਹਿਸਾਸ ਹਨ ਅਤੇ ਉਸ ਨੂੰ ਆਪਣੀ ਸ਼ੋਹਰਤ ਨੂੰ ਮਾਨਣਾ ਚਾਹੀਦਾ ਹੈ। ਉੱਘੇ ਕਵੀ ਗੁਲ ਚੌਹਾਨ ਨੇ ਕਵੀ ਦੀ ਛੋਟੀ ਉਮਰ ਵਿਚ ਏਨੀ ਉਮਦਾ ਪੜ੍ਹਤ ਤੇ ਲਿਖਤ ਬਾਰੇ ਹੈਰਾਨੀ ਪ੍ਰਗਟ ਕੀਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਉੱਘੇ ਲੇਖਕ ਤੇ ਅਨੁਵਾਦਕ ਜੰਗ ਬਹਾਦਰ ਗੋਇਲ ਨੇ ਅੱਜ ਦੀ ਵਿਚਾਰ ਚਰਚਾ ਨੂੰ ਸਾਰਥਕ ਦੱਸਿਆ। ਉਹਨਾਂ ਅਗਾਂਹ ਕਿਹਾ ਕਿ ਕਵੀ ਜ਼ਰੂਰ ਹੀ ਚੰਗਾ ਪੜ੍ਹੇਗਾ ਵੀ। ਸਾਰੇ ਸਮਾਗਮ ਦਾ ਸੰਚਾਲਨ ਸ਼ਾਇਰ ਤੇ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਕੀਤਾ। ਇਸ ਚਰਚਾ ਵਿਚ ਪਾਲ ਅਜਨਬੀ, ਸੁਖਵਿੰਦਰ ਸਿੱਧੂ, ਸ਼ਾਇਰ ਭੱਟੀ, ਵਰਿਂੰਦਰ ਸਿੰਘ, ਮਾਲਦੀਪ ਸਿੱਧੂ, ਬਲਜੀਤ ਕੌਰ, ਅਵਤਾਰ ਸਿੰਘ ਪਤੰਗ, ਚਰਨਜੀਤ ਬਾਠ, ਡਾ. ਸੰਦੀਪ ਸ਼ਰਮਾ, ਕੋਮਲ ਸ਼ਰਮਾ, ਸ਼ਮਸ਼ੇਰ ਸਾਹਿਲ, ਰਮਨ ਸੰਧੂ, ਸੁਰਿੰਦਰ ਸ਼ਰਮਾ ਅਦਿ ਨੇ ਸ਼ਮੂਲੀਅਤ ਕੀਤੀ।

