Breaking
www.sursaanjh.com > ਅੰਤਰਰਾਸ਼ਟਰੀ > ਚੀਨ ਦੀ ਬੀਜਿੰਗ ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾਉਣ ਦਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਭਰਪੂਰ ਸਵਾਗਤ

ਚੀਨ ਦੀ ਬੀਜਿੰਗ ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾਉਣ ਦਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਭਰਪੂਰ ਸਵਾਗਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਮਾਰਚ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਵਿੱਚ ਚੀਨ ਦੀ ਬੀਜਿੰਗ ਫੋਰਨ ਸਟੱਡੀਜ਼ ਯੂਨੀਵਰਸਿਟੀ ਵਲੋਂ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ ਕੀਤੇ ਜਾਣ ਦਾ ਸੰਸਥਾ ਵਲੋਂ ਭਰਪੂਰ ਸਵਾਗਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਮੁੱਖ ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ (ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ), ਬਲਵਿੰਦਰ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਭੁਪਿੰਦਰ ਸਿੰਘ ਭਾਗੋਮਾਜਰੀਆ ਵਲੋਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਗਈ ਕਿ ਚੀਨ ਦੀ ਇਸ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਨੂੰ ਮਹੱਤਤਾ ਦੇਂਦੇ ਹੋਏ ਇਸਨੂੰ 102ਵੀਂ ਭਾਸ਼ਾ ਵਜੋਂ ਸਤਿਕਾਰ ਦਿੱਤਾ ਗਿਆ ਹੈ ਅਤੇ ਹੁਣ ਦੂਜੀਆਂ ਭਾਸ਼ਾਵਾਂ ਦੇ ਨਾਲ਼ ਨਾਲ਼ ਚੀਨ ਦੀ ਬੀਜਿੰਗ ਯੂਨੀਵਰਸਿਟੀ ਵਿੱਚ ਪੰਜਾਬੀ ਬੜੇ ਹੀ ਉਤਸ਼ਾਹ ਨਾਲ ਪੜ੍ਹਾਈ ਜਾਵੇਗੀ। ਉਨ੍ਹਾਂ ਨੇ ਸੰਸਾਰ ਦੀਆਂ ਬਾਕੀ ਯੂਨੀਵਰਸਿਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਬੀਜਿੰਗ ਯੂਨੀਵਰਸਿਟੀ ਦੀ ਤਰ੍ਹਾਂ ਪੰਜਾਬੀ ਨੂੰ ਪੜ੍ਹਾਉਣ ਲਈ ਪਹਿਲ ਕਦਮੀ ਕਰਨ। ਉਨ੍ਹਾਂ ਕਿਹਾ ਕਿ ਪੰਜਾਬੀ ਪੜ੍ਹਾਈ ਦਾ ਇਹ ਕੋਰਸ ਮੁੱਖ ਤੌਰ ‘ਤੇ ਚੀਨੀ ਵਿਦਿਆਰਥੀਆਂ, ਡਿਪਲੋਮੈਂਟਸ ਅਤੇ ਸਰਕਾਰੀ ਅਧਿਕਾਰੀਆਂ ਲਈ ਵਿਦੇਸ਼ਾਂ ਵਿਚ ਕੰਮ ਕਰਨ ਲਈ ਸਹਾਈ ਸਿੱਧ ਹੋਵੇਗਾ।  

ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਹੁਣ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਇਹ ਭਾਸ਼ਾ ਮਨੁੱਖਤਾ ਦੇ ਪਿਆਰ ਅਤੇ ਭਾਈਚਾਰੇ ਲਈ ਇਕ ਕੜੀ ਦਾ ਕੰਮ ਕਰਦੀ ਹੈ ਅਤੇ ਵਿਦੇਸ਼ੀ ਲੋਕਾਂ ਨੂੰ ਸਿੱਖ ਅਧਿਆਤਮਿਕ ਗੁਰੂਆਂ ਦੀ ਬਾਣੀ ਨਾਲ ਜੋੜਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਵਿੱਚ ਪੰਜਾਬੀ ਨੂੰ ਯੋਗ ਸਥਾਨ ਦੇ ਕੇ ਇਸ ਭਾਸ਼ਾ ਦਾ ਲਾਜ਼ਮੀ ਵਿਸ਼ਾ ਜ਼ਰੂਰ ਸ਼ੁਰੂ ਕਰਨ। ਉਨ੍ਹਾਂ ਨੇ ਦੇਸ਼ ਦੇ ਸਿੱਖਿਆ ਬੋਰਡਾਂ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ ਅਤੇ ਸਮੇਂ-ਸਮੇਂ ਤੇ ਪੰਜਾਬੀ ਪੁਸਤਕਾਂ ਦਾ ਪ੍ਰਕਾਸ਼ਿਤ ਹੋਣਾ ਯਕੀਨੀ ਬਣਾਉਣ। ਸੰਸਥਾ ਦੇ ਸਮੂਹ ਮੈਂਬਰਾਂ ਨੇ ਇਕ ਜੁੱਟ ਹੋ ਕੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੇ ਉਪਰਾਲੇ ਉਲੀਕਣ ਲਈ ਵੀ ਆਪਣੇ ਯਤਨ ਜ਼ਾਰੀ ਰੱਖਣ ਦਾ ਮਤਾ ਪਾਸ ਕੀਤਾ।

ਫੋਟੋ ਕੈਪਸ਼ਨ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ . ਬਹਾਦਰ ਸਿੰਘ ਗੋਸਲ ਦੀ ਤਸਵੀਰ।

Leave a Reply

Your email address will not be published. Required fields are marked *