ਡਾ. ਗੁਰਮਿੰਦਰ ਸਿੱਧੂ, ਡਾ. ਯਤਿੰਦਰ ਮਾਹਲ, ਡਾ. ਸੁਖਜਿੰਦਰ ਸਿੰਘ ਨੇ ਰੱਖੇ ਬਹੁਮੁੱਲੇ ਵਿਚਾਰ
ਇਹ ਕਿਤਾਬ ਰੂਹ ਦੇ ਸਫ਼ਰ ਦੀ ਕਹਾਣੀ ਹੈ: ਡਾ. ਨੀਨਾ ਸੈਣੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਾਰਚ:
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ਵਿਖੇ ਇੱਕ ਭਰਵੇਂ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੇ ਨਵੇਂ ਕਾਵਿ-ਸੰਗ੍ਰਿਹ ‘ਦਿਲ ਦਰਗਾਹ’ ਨੂੰ ਰਿਲੀਜ਼ ਕੀਤਾ ਅਤੇ ਇਸ ਤੇ ਬੜੀ ਸਾਰਥਕ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਸਾਹਿਤਕਾਰਾ ਡਾ. ਗੁਰਮਿੰਦਰ ਸਿੱਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਾਮਵਰ ਆਲੋਚਕ ਅਤੇ ਲੇਖਿਕਾ ਡਾ. ਯਤਿੰਦਰ ਮਾਹਲ ਨੇ ਸ਼ਿਰਕਤ ਕੀਤੀ, ਜਦਕਿ ਪੁਸਤਕ ‘ਤੇ ਪਰਚਾ ਪ੍ਰਸਿੱਧ ਆਲੋਚਕ ਅਤੇ ਪੰਜਾਬੀ ਵਿਸ਼ੇ ਦੇ ਮਾਹਿਰ ਡਾ. ਸੁਖਜਿੰਦਰ ਸਿੰਘ ਨੇ ਪੜ੍ਹਿਆ। ’ਦਿਲ ਦਰਗਾਹ‘ ਦੇ ਲੋਕ-ਅਰਪਣ ਸਮੇਂ ਲੇਖਿਕਾ ਡਾ. ਨੀਨਾ ਸੈਣੀ ਤੋਂ ਇਲਾਵਾ ਡਾ. ਗੁਰਮਿੰਦਰ ਸਿੱਧੂ, ਡਾ. ਯਤਿੰਦਰ ਮਾਹਲ, ਡਾ. ਸੁਖਜਿੰਦਰ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਅਜੀਤ ਸਿੰਘ ਧਨੋਤਾ, ਟਿਨਜੀਤ ਧਨੋਤਾ, ਡਾ. ਜੋਤਵੀਰ ਦੰਦੀਵਾਲ ਅਤੇ ਨਰਿੰਦਰ ਸਿੰਘ ਸੈਣੀ ਸ਼ਾਮਿਲ ਹੋਏ। ਡਾ. ਨੀਨਾ ਸੈਣੀ ਦੀ ਇਹ ਸੱਤਵੀਂ ਮੌਲਿਕ ਪੁਸਤਕ ਹੈ। ਹੁਣ ਤੱਕ ਉਹਨਾਂ ਦੀਆਂ ਛਪੀਆਂ ਕਿਤਾਬਾਂ ਵਿੱਚ ਕਾਵਿ-ਸੰਗ੍ਰਿਹ, ਕਹਾਣੀ ਸੰਗ੍ਰਿਹ, ਸ਼ਿਅਰ-ਸੰਗ੍ਰਿਹ ਅਤੇ ਜੀਵਨੀ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨਾਂ ਨੇ ਤੇਰਾਂ ਸਾਂਝੀਆਂ ਕਿਤਾਬਾਂ ਵਿੱਚ ਵੀ ਕਲਮਸਾਜ਼ੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੇਵਾ ਮੁਕਤ ਅਧਿਆਪਕਾ ਨੀਨਾ ਸੈਣੀ ਇੱਕ ਲੇਖਿਕਾ ਹੋਣ ਦੇ ਨਾਲ਼-ਨਾਲ਼ ਜੋਤਿਸ਼ੀ, ਟੈਰੋ ਕਾਰਡ ਰੀਡਰ, ਵਾਸਤੂ ਮਾਹਿਰ ਅਤੇ ਰੇਕੀ ਗ੍ਰੈਂਡ ਮਾਸਟਰ ਵੀ ਹਨ। ਸਮਾਗਮ ਵਿਚ ਆਏ ਪ੍ਰਾਹੁਣਿਆਂ ਦਾ ਸੁਆਗਤ ਕਰਦਿਆਂ ਸਭਾ ਦੀ ਸਕੱਤਰ ਸਿਮਰਜੀਤ ਗਰੇਵਾਲ ਨੇ ਕਿਹਾ ਕਿ ਨੀਨਾ ਸੈਣੀ ਦੀ ਕਲਮ ਭਾਵਨਾਵਾਂ ਅਤੇ ਸੰਭਾਵਨਾਵਾਂ ਨਾਲ਼ ਭਰੀ ਹੋਈ ਹੈ।


ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਨੀਨਾ ਸੈਣੀ ਇਸੇ ਤਰਾਂ ਚੰਗੀਆਂ ਸਾਹਿਤਕ ਕਿਰਤਾਂ ਸਿਰਜਦੇ ਰਹਿਣਗੇ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਜਜ਼ਬਾਤ ਜਦੋਂ ਸ਼ਬਦ ਰੂਪ ਲੈ ਲੈਣ ਤਾਂ ਮਿਆਰੀ ਕਵਿਤਾ ਦੀ ਸਿਰਜਣਾ ਹੁੰਦੀ ਹੈ। ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਚੋਂ ਖ਼ੂਬਸੂਰਤ ਗੀਤ ‘ਤੇਰੇ ਲਈ ਨਿੱਤ ਕਰਾਂ ਅਰਦਾਸ ਮੇਰੇ ਦਿਲ ਕੋਲੋਂ ਪੁੱਛ ਚੰਨ ਵੇ’ ਸੁਣਾਇਆ।
ਸੁਰਜੀਤ ਸਿੰਘ ਧੀਰ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ‘ਤੇਰੀਆਂ ਪ੍ਰੀਤਾਂ ਸੰਗ ਗੁਜ਼ਾਰਿਆ’ ਗੀਤ ਸੁਣਾਇਆ, ਜਿਸ ਨੂੰ ਬਹੁਤ ਦਾਦ ਮਿਲੀ। ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਵਿਲੱਖਣ ਅੰਦਾਜ਼ ਵਿੱਚ ਗੀਤ ‘ਤੂੰ ਗੋਲ਼ਦਾ ਨਹੀਂ ਤੂੰ ਸੁਣਦਾ ਨਹੀਂ ਆਪਣੀ ਸੁਣਾ ਜਾਨੈ’ ਗਾ ਕੇ ਚੰਗੀ ਵਾਹ ਵਾਹ ਖੱਟੀ। ਪਰਮਜੀਤ ਪਰਮ ਨੇ ਨੀਨਾ ਸੈਣੀ ਦੀ ਕਵਿਤਾ ਨੂੰ ਪਿਆਰ ਦੇ ਸਮਰਪਣ ਦਾ ਦਸਤਾਵੇਜ਼ ਦੱਸਿਆ। ਪੁਸਤਕ ‘ਤੇ ਪਰਚਾ ਪੜ੍ਹਦਿਆਂ ਡਾ. ਸੁਖਜਿੰਦਰ ਸਿੰਘ ਨੇ ਬੜੇ ਹੀ ਸਹਿਜ ਸ਼ਬਦਾਂ ਵਿੱਚ ਕਿਹਾ ਕਿ ’ਦਿਲ ਦਰਗਾਹ‘ ਪੁਸਤਕ ਰੂਹਾਨੀਅਤ ਨਾਲ਼ ਮੁੜ ਜੁੜਨ ਦਾ ਸੁਨੇਹਾ ਦੇਂਦੀ ਹੈ। ਡਾ. ਨੀਨਾ ਸੈਣੀ ਨੇ ਇਹ ਕਹਿੰਦਿਆਂ ਸਾਰਿਆਂ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਇਹ ਕਿਤਾਬ ਉਹਨਾਂ ਦੀ ਅੰਦਰਲੀ ਯਾਤਰਾ ਦਾ ਅਹਿਮ ਮੋੜ ਹੈ, ਜਿਹੜੀ ਰੂਹ ਦੇ ਸਫ਼ਰ ਦੀ ਕਹਾਣੀ ਹੋ ਕੇ ਹਰ ਅਹਿਸਾਸ ਦੀ ਅਰਦਾਸ ਹੈ।
ਵਿਸ਼ੇਸ਼ ਮਹਿਮਾਨ ਡਾ. ਯਤਿੰਦਰ ਮਾਹਲ ਨੇ ਕਿਹਾ ਕਿ ਦਿਲ ਦੀ ਦਰਗਾਹ ਸ਼ਬਦਾਂ ਦੇ ਦੀਵਿਆਂ ਨਾਲ਼ ਹੀ ਰੌਸ਼ਨ ਹੁੰਦੀ ਹੈ ਜੋ ਇਸ ਕਿਤਾਬ ਵਿੱਚ ਗੁੰਨ੍ਹੀ ਵੇਦਨਾ ਅਤੇ ਸੰਵੇਦਨਾ ਰਾਹੀਂ ਆਪ ਮੁਹਾਰੇ ਵਿਦਮਾਨ ਹੋ ਜਾਂਦੀ ਹੈ। ਮੁੱਖ ਮਹਿਮਾਨ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਕਲਮ ਅਤੇ ਅਰਦਾਸ ਦਾ ਗੂੜ੍ਹਾ ਸਬੰਧ ਹੈ I ਉਹਨਾਂ ਲੇਖਿਕਾ ਦੇ ਸ਼ੁਕਰ ਅਤੇ ਸੰਤੋਖ ਦੇ ਅਹਿਸਾਸ ਨੂੰ ਖੁਦ ਨਾਲ਼ ਸੰਵਾਦ ਰਚਾਉਣ ਦੇ ਵਿਲੱਖਣ ਅੰਦਾਜ਼ ਰਾਹੀਂ ਜ਼ਿੰਦਗੀ ਦੇ ਹਰ ਰੰਗ-ਢੰਗ ਪ੍ਰਤੀ ਸਮਰਪਣ ਦੱਸਿਆ।
ਉੱਘੇ ਸੂਫ਼ੀਆਨਾ ਗਾਇਕ ਸੂਫ਼ੀ ਬਲਬੀਰ ਨੇ ਪ੍ਰਧਾਨਗੀ ਮੰਡਲ ਅਤੇ ਆਪਣੇ ਵਿਚਾਰ ਰੱਖਣ ਵਾਲ਼ੇ ਸਾਹਿਤਕਾਰਾਂ ਦੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਧਨੋਤਾ ਪਰਿਵਾਰ ਵੱਲੋਂ ਪੋਤਰੀ ਨਾਨਕੀ ਧਨੋਤਾ ਨੇ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਧੰਨਵਾਦ ਕਰਦਿਆਂ ਕਿਹਾ ਕਿ ਸਾਰਾ ਪਰਿਵਾਰ ਅੱਜ ਇਸ ਕਰਕੇ ਬਹੁਤ ਖੁਸ਼ ਹੈ ਕਿ ਸਮਾਗਮ ਵਿੱਚ ਬੜੀਆਂ ਰੌਣਕਾਂ ਲੱਗੀਆਂ। ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਅਜਿਹੇ ਸਮਾਗਮ ਸਭਾ ਦਾ ਵੀ ਹਾਸਿਲ ਹਨ,
ਜਿਨ੍ਹਾਂ ਹੋਰ ਸਾਹਿਤਕਾਰਾਂ, ਬੁੱਧੀਜੀਵੀਆਂ, ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੇ ਇਸ ਸਮਾਗਮ ਦੀਆਂ ਰੌਣਕਾਂ ਵਧਾਈਆਂ ਉਹਨਾਂ ਵਿੱਚ ਜੰਗ ਬਹਾਦਰ ਗੋਇਲ, ਹਰਜਿੰਦਰ ਸਿੰਘ ਦਿਲਗੀਰ, ਕਰਨਲ ਦਲਜੀਤ ਸਿੰਘ ਚੀਮਾ, ਬਲਕਾਰ ਸਿੱਧੂ, ਰਜਿੰਦਰ ਕੌਰ, ਡਾ. ਅਵਤਾਰ ਸਿੰਘ ਪਤੰਗ, ਨੀਲਮ ਗੋਇਲ, ਪੰਮੀ ਸਿੱਧੂ ਸੰਧੂ, ਵਿਜੇ ਅਖ਼ਤਰ, ਪ੍ਰਭਜੋਤ ਕੌਰ ਜੋਤ, ਪ੍ਰੋ. ਜੀਤ ਦਵਿੰਦਰ ਕੌਰ, ਪ੍ਰਭਜੋਤ ਕੌਰ ਢਿੱਲੋਂ, ਡਾ. ਬਲਦੇਵ ਸਿੰਘ ਖਹਿਰਾ, ਤੇਜਾ ਸਿੰਘ ਥੂਹਾ, ਆਰ.ਡੀ. ਕੈਲੇ, ਮਲਕੀਅਤ ਬਸਰਾ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਵਰਿੰਦਰ ਸਿੰਘ ਚੱਠਾ, ਸ਼ੀਨੂ ਵਾਲੀਆ, ਅਜਾਇਬ ਸਿੰਘ ਔਜਲਾ, ਏਕਤਾ, ਰੇਖਾ ਮਿੱਤਲ, ਕੁਲਦੀਪ ਵਰਮਾ, ਆਰ. ਕੇ. ਭਗਤ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਇੰਦਰਮੋਹਣ ਕੌਰ, ਜਤਿੰਦਰ ਕੌਰ, ਵਿਮਲ ਸੈਣੀ, ਦਮਨ ਸੈਣੀ, ਦਿਵਨੂਰ, ਅਸ਼ੋਕ ਕੁਮਾਰ ਜੱਸਲ, ਗੌਰਵ ਸ਼ਰਮਾ, ਨਰਿੰਦਰ ਧਨੋਤਾ, ਕਮਲੇਸ਼ ਕੁਮਾਰੀ, ਸੁੱਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਵਿੰਦਰ ਮਾਝੀ, ਹਰਮੋਹਿੰਦਰ ਕੌਰ, ਸੰਨਜੀਤ ਕੁਮਾਰ, ਸ਼ਾਲਿਨੀ ਮੁੰਜਾਲ, ਪਰਮਜੀਤ ਕੌਰ, ਰਜਿੰਦਰ ਰੇਨੂੰ, ਸਵਿਤਾ, ਸੁਨੀਤਾ, ਸੁਖਮਿੰਦਰ ਕੌਰ, ਬਬਿਤਾ, ਰੀਤਿੰਦਰ, ਸੁਰਿੰਦਰ ਕੌਰ ਬੋਪਾਰਾਏ, ਸੀਮਾ ਜੈਨ, ਜਗਤਾਰ ਸਿੰਘ ਜੋਗ, ਦੇਸ਼ਕਰਨ ਸਿੰਘ, ਨਰਿੰਦਰ ਕੌਰ ਲੌਂਗੀਆ, ਸੰਜੋਗਿਤਾ, ਉਪਾਸਨਾ, ਮਧੂ ਸ਼ਰਮਾ, ਰਾਬਿਕਾ, ਨਿਸ਼ਾਂਤ, ਸਮਿਕਾ, ਸੋਨਿਕਾ, ਰੇਨੂੰ ਬਾਲਾ, ਮਨਪ੍ਰੀਤ ਕੌਰ, ਹਰਜੀਤ ਸਿੰਘ, ਗੁਰਜੰਟ ਸਿੰਘ, ਅਮਰਜੀਤ ਕੌਰ, ਮਨਜੀਤ ਕੌਰ, ਕੁਲਵੰਤ ਗਰੇਵਾਲ ਅਤੇ ਗੁਰਨੇਕ ਸਿੰਘ ਦੇ ਨਾਮ ਵਰਨਣ ਯੋਗ ਹਨ।

