Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮਿਸਲ ਸਤਲੁਜ ਦੀ “ਪੂਰਾ ਪੰਜਾਬ ਲਹਿਰ” ਮੁਹਿੰਮ ਨੂੰ ਮਿਲ ਰਿਹਾ ਜ਼ਬਰਦਸਤ ਸਮਰਥਨ: ਅਜੇਪਾਲ ਸਿੰਘ ਬਰਾੜ

ਮਿਸਲ ਸਤਲੁਜ ਦੀ “ਪੂਰਾ ਪੰਜਾਬ ਲਹਿਰ” ਮੁਹਿੰਮ ਨੂੰ ਮਿਲ ਰਿਹਾ ਜ਼ਬਰਦਸਤ ਸਮਰਥਨ: ਅਜੇਪਾਲ ਸਿੰਘ ਬਰਾੜ

ਮਿਸਲ ਸਤਲੁਜ ਦੀ “ਪੂਰਾ ਪੰਜਾਬ ਲਹਿਰ” ਮੁਹਿੰਮ  ਨੂੰ ਮਿਲ ਰਿਹਾ ਜ਼ਬਰਦਸਤ ਸਮਰਥਨ: ਅਜੇਪਾਲ ਸਿੰਘ ਬਰਾੜ 
ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨਾਲ ਬਦਲਾਅ ਦੀ ਨਵੀਂ ਲਹਿਰ
ਗੁਰਮੁੱਖ ਸਿੰਘ ਗੰਧੋ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਨਿਯੁਕਤ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਾਰਚ:
ਮਿਸਲ ਸਤਲੁਜ, ਜੋ ਕਿ ਇੱਕ ਸਰਗਰਮ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਹੈ ਅਤੇ ਪੰਜਾਬ-ਕੇਂਦਰਿਤ ਮਜ਼ਬੂਤ ਰਾਜਨੀਤਿਕ ਵਿਕਲਪ ਖੜ੍ਹਾ ਕਰਨ ਲਈ ਵਚਨਬੱਧ ਹੈ, ਵੱਲੋਂ 17 ਫਰਵਰੀ ਤੋਂ ਸ਼ੁਰੂ ਕੀਤੀ ਗਈ “ਪੂਰਾ ਪੰਜਾਬ ਲਹਿਰ” ਮੁਹਿੰਮ ਨੂੰ ਪੰਜਾਬ ਭਰ ਵਿੱਚ ਵੱਡਾ ਅਤੇ ਪ੍ਰਭਾਵਸ਼ਾਲੀ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪੜ੍ਹੇ-ਲਿਖੇ ਅਤੇ ਜਾਗਰੂਕ ਨੌਜਵਾਨ ਇਸ ਮੁਹਿੰਮ ਨਾਲ ਜੁੜ ਰਹੇ ਹਨ, ਜੋ ਸੂਬੇ ਦੀ ਰਾਜਨੀਤੀ ਵਿੱਚ ਨਵੇਂ ਬਦਲਾਅ ਦੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ। ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਹੈ ਕਿ ਮਿਸਲ ਸਤਲੁਜ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਕਈ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਤਹਿਤ ਕਿੱਤੇ ਵਜੋਂ ਅਧਿਆਪਕ  ਸਰਦਾਰ ਗੁਰਮੁਖ ਸਿੰਘ ਗੰਧੋ ਨੂੰ ਮਿਸਲ ਸਤਲੁਜ ਦਾ ਜ਼ਿਲ੍ਹਾ  ਰੋਪੜ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਰੋਪੜ, ਸਰਦਾਰ ਅਰਜਨ ਸਿੰਘ ਨੂੰ ਯੂਥ ਪ੍ਰਧਾਨ ਰੋਪੜ ਅਤੇ ਸਰਦਾਰ ਤੇਜਵਿੰਦਰ ਸਿੰਘ ਤੇਜੀ ਮਾਗੰਟ ਨੂੰ ਦੋਆਬਾ ਰੀਜਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨ ਦੇ ਤੌਰ ‘ਤੇ ਸਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬੀਬੀ ਜਸਮੀਤ ਕੌਰ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਸਾਫ਼-ਸੁਥਰੀ ਅਤੇ ਲੋਕ-ਕੇਂਦਰਿਤ ਦਿਸ਼ਾ ਲਿਆਉਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, ਕਿਉਂਕਿ ਨੌਜਵਾਨ ਵਰਗ ਹੀ ਮੌਜੂਦਾ ਗੰਧਲੀ ਰਾਜਨੀਤੀ ਵਿੱਚ ਅਸਲ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ‘ਤੇ ਸਰਦਾਰ ਹਰਪਿੰਦਰ ਸਿੰਘ, ਯੂਥ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਅਤੇ ਲੱਕੀ ਝੰਜੇਰੀ ਸਮੇਤ ਹੋਰ ਆਗੂ ਵੀ ਮੌਜੂਦ ਸਨ। ਸਰਦਾਰ ਬਰਾੜ ਨੇ ਦੱਸਿਆ ਕਿ ਪੰਜਾਬ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ “ਪੂਰਾ ਪੰਜਾਬ ਲਹਿਰ” ਮੁਹਿੰਮ ਦੇ ਤਹਿਤ ਇੱਕ ਵਿਸ਼ਾਲ ਦਸਤਖ਼ਤ ਪਟੀਸ਼ਨ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਮੁਹਿੰਮ ਤਹਿਤ 5 ਲੱਖ ਦੀ ਗਿਣਤੀ ਵਿੱਚ ਦਸਤਖ਼ਤ ਇਕੱਠੇ ਕਰਕੇ ਨਵੰਬਰ 2026 ਤੱਕ ਨਵੀਂ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤੇ ਜਾਣਗੇ। ਇਸ ਸਬੰਧੀ ਮਿਸਲ ਸਤਲੁਜ ਵੱਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਿਯੁਕਤ ਅਹੁਦੇਦਾਰ ਬਹੁਤ ਸਰਗਰਮੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਲੋਕਾਂ ਦੇ ਵਧਦੇ ਸਮਰਥਨ ਅਤੇ ਨੌਜਵਾਨਾਂ ਦੀ ਭਰਪੂਰ ਭਾਗੀਦਾਰੀ ਨਾਲ ਇਹ ਲਹਿਰ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਨਵੀਂ ਮਜ਼ਬੂਤੀ ਦੇਵੇਗੀ।

Leave a Reply

Your email address will not be published. Required fields are marked *