Breaking
www.sursaanjh.com > ਚੰਡੀਗੜ੍ਹ/ਹਰਿਆਣਾ > ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਵਿੱਚ ਪੰਜਾਬ ਸਰਕਾਰ ਦੀ ਮਿਲੀ-ਭੁਗਤ ਦੀ ਨਿਖੇਧੀ; ਕਥਿਤ ‘ਕੱਟੜ ਇਮਾਨਦਾਰ’ ਸਰਕਾਰ ਤੋਂ ਇਨਸਾਫ਼ ਦੀ ਮੰਗ

ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਵਿੱਚ ਪੰਜਾਬ ਸਰਕਾਰ ਦੀ ਮਿਲੀ-ਭੁਗਤ ਦੀ ਨਿਖੇਧੀ; ਕਥਿਤ ‘ਕੱਟੜ ਇਮਾਨਦਾਰ’ ਸਰਕਾਰ ਤੋਂ ਇਨਸਾਫ਼ ਦੀ ਮੰਗ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਾਰਚ:

”ਅਸੀਂ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਖੁਦਕੁਸ਼ੀ ‘ਤੇ ਡੂੰਘੇ ਦੁੱਖ ਅਤੇ ਸਖ਼ਤ ਨਿਖੇਧੀ  ਕਰਦੇ ਹਾਂ। ਇਸ ਮਾਮਲੇ ਵਿੱਚ ਸਾਹਮਣੇ ਆਏ ਮੁੱਢਲੇ ਸਬੂਤ ਸਿਸਟਮ ਵਿੱਚ ਫੈਲੇ ਭ੍ਰਿਸ਼ਟਾਚਾਰ, ਧੱਕੇਸ਼ਾਹੀ ਅਤੇ ਇੱਕ ਇਮਾਨਦਾਰ ਅਧਿਕਾਰੀ ਨੂੰ ਸਰਕਾਰੀ ਸਰਪ੍ਰਸਤੀ ਹੇਠ ਪ੍ਰੇਸ਼ਾਨ ਕੀਤੇ ਜਾਣ ਦੀ ਭਿਆਨਕ ਤਸਵੀਰ ਪੇਸ਼ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਸਵਰਗੀ ਸ੍ਰੀ ਰੰਧਾਵਾ ਵੱਲੋਂ ਮੌਤ ਤੋਂ ਪਹਿਲਾਂ ਦਾ ਬਿਆਨ, ਜਿਸ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਾਮ ਸ਼ਾਮਲ ਹੈ, ਮੌਜੂਦਾ ਪ੍ਰਸ਼ਾਸਨ ‘ਤੇ ਸਿੱਧਾ ਦੋਸ਼ ਹੈ।” ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੇ ਚੇਅਰਮੈਨ ਮਨਜੀਤ ਸਿੰਘ ਰੰਧਾਵਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਬੰਧਤ ਮੰਤਰੀ ਨੇ ਆਪਣੇ ਪਿਤਾ ਅਤੇ ਹੋਰਾਂ ਨਾਲ ਮਿਲ ਕੇ ਮਰਹੂਮ ਅਧਿਕਾਰੀ ਨੂੰ ਲਗਾਤਾਰ ਮਾਨਸਿਕ ਤਸੀਹੇ ਦਿੱਤੇ, ਮੰਤਰੀ ਦੀ ਰਿਹਾਇਸ਼ ‘ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ਟੈਂਡਰ ਅਲਾਟ ਕਰਵਾਉਣ ਲਈ ਉਸ ਨੂੰ ਪਿਸਤੌਲ ਦੀ ਨੋਕ ‘ਤੇ ਧਮਕਾਇਆ, ਜੋ ਬਹੁਤ ਹੀ ਨਿੰਦਣਯੋਗ ਵਰਤਾਰਾ ਹੋ ਨਿਬੜਿਆ ਹੈ। ਇਸ ਤਰ੍ਹਾਂ ਇੱਕ ਇਮਾਨਦਾਰ ਅਧਿਕਾਰੀ ਦੇ ਪਰਿਵਾਰ ਦਾ ਭਵਿੱਖ ਤਬਾਹ ਹੋ ਕੇ ਰਹਿ ਗਿਆ ਹੈ।

ਸੁਰ ਸਾਂਝ ਡਾਟ ਕਾਮ ਬਿਊਰੋ ਨਾਲ਼ ਗੱਲਬਾਤ ਕਰਦਿਆਂ ਸ੍ਰ. ਰੰਧਾਵਾ ਨੇ ਕਿਹਾ ਕਿ ਮੰਤਰੀ ਵਿਰੁੱਧ ਜਬਰਨ ਵਸੂਲੀ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਇਹ ਕੇਸ ਤੁਰੰਤ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਿਆ ਜਾਵੇ ਤਾਂ ਜੋ ਸਥਾਨਕ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਸੀਨੀਅਰ ਅਧਿਕਾਰੀ ਵੱਲੋਂ ਮਦਦ ਲਈ ਵਾਰ ਵਾਰ ਕੀਤੀਆਂ ਗਈਆਂ ਅਪੀਲਾਂ ਨੂੰ ਪ੍ਰਸ਼ਾਸਨ ਵੱਲੋਂ ਅਣਗੌਲਿਆ ਕਰਨਾ ਬਹੁਤ ਮੰਦਭਾਗਾ ਹੈ, ਜਿਸ ਕਾਰਨ ਉਸ ਨੂੰ ਇਹ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਸਰਕਾਰ ਅਜਿਹੇ ਹੋਰ ਕੇਸਾਂ ਦੇ ਖ਼ਾਸ ਧਿਆਨ ਦੇਵੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਅਸੀਂ ਮਰਹੂਮ ਅਧਿਕਾਰੀ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਸਰਕਾਰ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਏ, ਕਿਉਂਕਿ ਕਨਸੋਆਂ ਹਨ ਕਿ ਮੁਲਜ਼ਮਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਸਬੰਧਤ ਮੰਤਰੀ ਦੇ ਅਜਿਹੇ ਕਿਰਦਾਰ ਕਾਰਨ ਮੌਜੂਦਾ ਸਰਕਾਰ ਦਾ “ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ” ਦਾ ਨਾਅਰਾ “ਕੱਟੜ ਇਮਾਨਦਾਰ ਸਰਾਕਰ” ਖੋਖਲਾ ਦਿਖਾਵਾ ਸਾਬਤ ਹੋਇਆ ਹੈ, ਕਿਉਕਿ ਪੰਜਾਬ ਸਰਕਾਰ ਵਿੱਚ ਬੈਠੇ ਕੈਬਨਿਟ ਮੰਤਰੀ ‘ਤੇ ਆਪਣੇ ਪਰਿਵਾਰਕ ਕਾਰੋਬਾਰ ਨੂੰ ਫਾਇਦਾ ਪਹੁੰਚਾਉਣ ਲਈ ਕਿਸੇ ਗੈਂਗਸਟਰ ਵਾਂਗ ਕੰਮ ਕਰਨ ਦੇ ਦੋਸ਼ ਲੱਗੇ ਹਨ ਅਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਕੀਤੀਆਂ ਗਈਆਂ ਸਿਰਫ਼ “ਦਿਖਾਵੇ ਦੀਆਂ ਕਾਰਵਾਈਆਂ” ਨਾਕਾਬਿਲ-ਏ-ਬਰਦਾਸ਼ਤ ਹਨ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਤੱਕ ਪਰਿਵਾਰ ਅਤੇ ਪੰਜਾਬ ਦੇ ਇਮਾਨਦਾਰ ਕਰਮਚਾਰੀਆਂ ਦੇ ਨਾਲ ਖੜ੍ਹੇ ਰਹਾਂਗੇ, ਜਦੋਂ ਤੱਕ ਮੁਕੰਮਲ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਸਰਕਾਰ ਨੂੰ ਮਰਹੂਮ ਅਧਿਕਾਰੀ ਦੇ ਪਰਿਵਾਰ ਨੁੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *