ਵਿਧਾਇਕ ਕੁਲਵੰਤ ਸਿੰਘ ਨੇ ਕਿਹਾ: ਸੰਗਤੀ ਰੂਪ ਵਿੱਚ ਜਾਣ ਦਾ ਵੱਖਰਾ ਹੀ ਹੈ ਆਨੰਦ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਾਰਚ:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ 15ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਗੁਰਦੁਆਰਾ ਸਾਚਾ ਧੰਨ ਸਾਹਿਬ ਕੋਲੋਂ ਰਵਾਨਾ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬੇਸ਼ੱਕ ਮੋਹਾਲੀ ਹਲਕੇ ਵਿੱਚ ਹਰ ਕੋਈ ਆਪਣੇ ਪਰਿਵਾਰ ਨਾਲ ਤੀਰਥ ਯਾਤਰਾ ਤੇ ਜਾਣ ਦੇ ਸਮਰੱਥ ਹੈ, ਪ੍ਰੰਤੂ ਫਿਰ ਵੀ ਸੰਗਤੀ ਰੂਪ ਵਿੱਚ ਹੋਰਨਾਂ ਪਰਿਵਾਰਾਂ ਦੇ ਨਾਲ ਯਾਤਰਾ ਤੇ ਜਾਣ ਦਾ ਵੱਖਰਾ ਹੀ ਆਨੰਦ ਹੈ, ਜਿਹੜੇ ਪਰਿਵਾਰ ਇਕੱਠਿਆਂ ਤਿੰਨ ਦਿਨ ਇਸ ਯਾਤਰਾ ਵਿੱਚ ਬਤੀਤ ਕਰਦੇ ਹਨ, ਉਹਨਾਂ ਦੀ ਜਿੱਥੇ ਇੱਕ ਪਾਸੇ ਧਾਰਮਿਕ ਯਾਤਰਾ ਹੁੰਦੀ ਹੈ, ਉੱਥੇ ਨਾਲ ਹੀ ਉਹ ਉਨਾਂ ਪਰਿਵਾਰਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਵੀ ਵਾਧਾ ਹੁੰਦਾ ਹੈ, ਜਿਹੜੇ ਲੋਕੀ ਇਸ ਯਾਤਰਾ ਤੇ ਜਾਂਦੇ ਹਨ। ਉਹ ਵਾਪਸ ਆ ਕੇ ਆਪਸ ਵਿੱਚ ਨਾ ਸਿਰਫ ਇਸ ਤਜਰਬੇ ਨੂੰ ਸਾਂਝਾ ਕਰਦੇ ਹਨ, ਸਗੋਂ ਹੋਰਨਾ ਸਮਾਜਿਕ ਗੱਲਾਂ ਦੇ ਲਈ ਵੀ ਇੱਕ ਦੂਸਰੇ ਨਾਲ ਸਲਾਹ-ਮਸ਼ਵਰਾ ਕਰਦੇ ਹਨ, ਜੋ ਕਿ ਚੰਗੀ ਗੱਲ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਬੱਸ ਵਿੱਚ ਸ਼ਰਧਾਲੂਆਂ ਦੇ ਨਾਲ ਹਰ ਵੇਲੇ ਮੈਡੀਕਲ ਮਾਹਿਰ ਮੌਜੂਦ ਰਹਿੰਦੇ ਹਨ ਅਤੇ ਗਾਈਡ ਵੀ ਹਰ ਵੇਲੇ ਹਾਜ਼ਰ ਮਿਲਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਕੋਲ ਹੁਣ ਬੋਲਣ ਲਈ ਕੁਝ ਨਹੀਂ ਰਹਿ ਗਿਆ, ਪ੍ਰੰਤੂ ਇੱਕ ਧਾਰਮਿਕ ਯਾਤਰਾ ਬਾਰੇ ਵਿੱਚ ਤਨਜ਼ ਕੱਸਣੇ ਕੋਈ ਵਧੀਆ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਜੋ ਵਾਅਦੇ ਅਤੇ ਗਾਰੰਟੀਆਂ ਸੂਬੇ ਦੀ ਜਨਤਾ ਨਾਲ ਕੀਤੀਆਂ ਗਈਆਂ ਸਨ, ਉਹਨਾਂ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਂਹ ਜਾਂਦੇ ਹੋਏ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ 10 ਲੱਖ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਮੰਗ ਤੇ ਹਜੂਰ ਸਾਹਿਬ ਦੀ ਯਾਤਰਾ ਦੇ ਲਈ ਵੀ ਇੱਕ ਦੋ ਬੱਸਾਂ ਜਲਦੀ ਹੀ ਸ਼ੁਰੂ ਕਰ ਲਈਆਂ ਜਾਣਗੀਆਂ ਕਿਉਂਕਿ ਪਹਿਲਾਂ ਸਿਰਫ ਇੱਕ ਬੱਸ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ-ਫੂਲਰਾਜ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਖੁਦ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਨਾਲ ਜਾ ਕੇ ਵਾਪਸ ਪਰਤੇ ਹਨ। ਅੰਮ੍ਰਿਤਸਰ ਵਿਖੇ ਜਦੋਂ ਇੱਕ ਪੱਤਰਕਾਰ ਵੱਲੋਂ ਇਸ ਯਾਤਰਾ ਨੂੰ ਲੈ ਕੇ ਸਵਾਲ ਕੀਤੇ ਗਏ ਸਨ, ਤਾਂ ਇੱਕ 70 ਸਾਲਾਂ ਦੇ ਬਜ਼ੁਰਗ ਮਹਿਲਾ ਨੇ ਪੱਤਰਕਾਰ ਨੂੰ ਇਹ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਉਹ ਪਹਿਲਾਂ ਵੀ ਅਕਾਲੀ ਸਰਕਾਰ ਵੇਲੇ ਇਸ ਯਾਤਰਾ ਤੇ ਆਏ ਸਨ, ਪਰੰਤੂ ਯਾਤਰਾ ਦੌਰਾਨ ਸਿਰਫ ਡਰਾਮੇਬਾਜ਼ੀ ਸੀ। ਸਾਨੂੰ ਬੱਸਾਂ ਵਿੱਚ ਸੁੱਟ ਦਿੱਤਾ ਜਾਂਦਾ ਸੀ ਅਤੇ ਖਾਣ-ਪੀਣ ਲਈ ਕੁਝ ਨਹੀਂ ਦਿੰਦੇ ਸੀ। ਸਾਨੂੰ ਭੁੱਖਣ-ਭਾਣੇ ਹੀ ਘਰ ਵੀ ਵਾਪਸ ਪਰਤਣਾ ਪਿਆ ਸੀ। ਪ੍ਰੰਤੂ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸ਼ਰਧਾਲੂਆਂ ਲਈ ਚੰਗੇ ਪ੍ਰਬੰਧ ਕੀਤੇ ਹਨ ਅਤੇ ਮੈਂ ਇਹਨਾਂ ਦੀ ਸ਼ੁਕਰਗੁਜ਼ਾਰ ਰਹਾਂਗੀ। ਹਲਕਾ ਕੋਆਰਡੀਨੇਟਰ – ਫੂਲਰਾਜ ਸਿੰਘ ਨੇ ਕਿਹਾ ਕਿ ਵਿਰੋਧੀ ਸਿਰਫ ਤਨਜ਼ ਕੱਸਣ ਵਾਲੇ ਹੀ ਹਨ, ਇਹ ਕਰ ਕੁਝ ਨਹੀਂ ਸਕਦੇ। ਇਸ ਮੌਕੇ ਹਲਕਾ ਕੋਆਰਡੀਨੇਟਰ – ਫੂਲਰਾਜ ਸਿੰਘ , ਅਕਬਿੰਦਰ ਸਿੰਘ ਗੋਸਲ (ਚੇਅਰਮੈਨ) ਗਗਨਦੀਪ ਸਿੰਘ ਰਾਜਾ, ਹਰਿੰਦਰ ਸਿੰਘ, ਕੁਲਦੀਪ ਕੌਰ, ਕੁਲਵਿੰਦਰ ਜੀਤ ਕੌਰ, ਸ਼ਰਨਜੀਤ ਕੌਰ ਬਾਲਕ ਪ੍ਰਦਾਨ, ਤਰਲੋਚਨ ਸਿੰਘ, ਡਾਕਟਰ ਕੁਲਦੀਪ ਸਿੰਘ, ਹਰਮੇਸ਼ ਸਿੰਘ, ਗੁਰਪਾਲ ਸਿੰਘ, ਵਿਕਰਮਜੀਤ ਸਿੰਘ ਵਿਕੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਮੋਹਾਲੀ ਹਲਕੇ ਤੋਂ 15ਵੀਂ ਬੱਸ ਨੂੰ ਰਵਾਨਾ ਕਰਨ ਦੇ ਦੌਰਾਨ, ਨਾਲ ਹਨ ਹਲਕਾ ਕੁਆਰਡੀਨੇਟਰ- ਫੂਲਰਾਜ ਸਿੰਘ ਅਤੇ ਹੋਰ।

