Breaking
www.sursaanjh.com > ਅੰਤਰਰਾਸ਼ਟਰੀ > ਉੱਘੇ ਲੇਖਕ ਮੰਗਾ ਬਾਸੀ ਦੇ ਦੇਹਾਂਤ `ਤੇ ਗਹਿਰਾ ਦੁੱਖ, ਸਾਹਿਤਕ ਜਗਤ ਵਿੱਚ ਸੋਗ

ਉੱਘੇ ਲੇਖਕ ਮੰਗਾ ਬਾਸੀ ਦੇ ਦੇਹਾਂਤ `ਤੇ ਗਹਿਰਾ ਦੁੱਖ, ਸਾਹਿਤਕ ਜਗਤ ਵਿੱਚ ਸੋਗ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ:
ਉੱਘੇ ਲੇਖਕ ਅਤੇ ਸਫਲ ਕਾਰੋਬਾਰੀ ਮੰਗਾ ਬਾਸੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਡੂੰਘਾ ਦੁੱਖ ਅਤੇ ਅਫ਼ਸੋਸ ਪ੍ਰਗਟਾਇਆ ਗਿਆ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਮੰਗਾ ਬਾਸੀ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਮੰਗਾ ਬਾਸੀ ਨੇ ਆਪਣੀਆਂ ਲਿਖਤਾਂ ਰਾਹੀਂ ਮਨੁੱਖੀ ਸੰਵੇਦਨਾਵਾਂ ਨੂੰ ਡੂੰਘਾਈ ਨਾਲ ਪ੍ਰਗਟਾਇਆ ਅਤੇ ਉਹ ਇੱਕ ਸੰਵੇਦਨਸ਼ੀਲ ਤੇ ਸਮਰਪਿਤ ਲੇਖਕ ਵਜੋਂ ਹਮੇਸ਼ਾ ਯਾਦ ਰਹਿਣਗੇ। ਇਸੇ ਦੌਰਾਨ ਅਦਾਰਾ ‘ਹੁਣ’ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸੰਪਾਦਕਾ ਕਮਲ ਦੁਸਾਂਝ, ਸੁਰਿੰਦਰ ਸੋਹਲ ਅਤੇ ਕਿਰਤ ਮੀਤ ਨੇ ਕਿਹਾ ਕਿ ਮੰਗਾ ਬਾਸੀ ਦੀਆਂ ਲਿਖਤਾਂ ਵਿੱਚ ਜ਼ਿੰਦਗੀ ਦੀ ਸੱਚਾਈ ਅਤੇ ਜਜ਼ਬਾਤਾਂ ਦੀ ਨਿਰਮਲਤਾ ਵੱਸਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਸਿਰਫ਼ ਸਾਹਿਤਕ ਨਹੀਂ, ਸਾਂਝੇ ਮਨੁੱਖੀ ਅਨੁਭਵ ਦਾ ਵੀ ਵੱਡਾ ਨੁਕਸਾਨ ਹੈ।
ਇਸੇ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਪੰਜਾਬੀ ਦੇ ਪ੍ਰਸਿੱਧ ਲੇਖਕਾਂ ਅਤੇ ਵਿਦਵਾਨਾਂ ਗੁਰਭਜਨ ਗਿੱਲ, ਡਾ. ਦੀਪਕ ਮਨਮੋਹਨ ਸਿੰਘ, ਡਾ. ਲਖਵਿੰਦਰ ਜੌਹਲ, ਡਾ. ਸ਼ਿੰਦਰਪਾਲ ਸਿੰਘ, ਡਾ. ਕਰਮਜੀਤ ਸਿੰਘ ਅਤੇ ਕੈਨੇਡਾ ਤੋਂ ਪ੍ਰਸਿੱਧ ਗ਼ਜ਼ਲਕਾਰਾਂ ਜਸਵਿੰਦਰ ਅਤੇ ਹਰਦਮ ਮਾਨ ਨੇ ਵੀ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਮੰਗਾ ਬਾਸੀ ਦਾ ਸਾਹਿਤਕ ਅਤੇ ਸਮਾਜਿਕ ਯੋਗਦਾਨ ਲੰਮੇ ਸਮੇਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਜ਼ਿਕਰਯੋਗ ਹੈ ਕਿ 73 ਸਾਲਾ ਮੰਗਾ ਬਾਸੀ ਪਿਛਲੇ ਦਿਨੀਂ ਕੈਨੇਡਾ ਦੇ ਕੈਮਲੂਪਸ ਸਥਿਤ ਰੋਇਲ ਇਨਲੈਂਡ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਕੈਨੇਡਾ ਅਤੇ ਪੰਜਾਬ ਦੇ ਸਾਹਿਤਕ ਗਲਿਆਰਿਆਂ ਵਿੱਚ ਡੂੰਘਾ ਸੋਗ ਪਸਰ ਗਿਆ ਹੈ।

Leave a Reply

Your email address will not be published. Required fields are marked *