Breaking
www.sursaanjh.com > ਚੰਡੀਗੜ੍ਹ/ਹਰਿਆਣਾ > ਨਗਰ ਨਿਗਮ ਚੋਣਾਂ ਦਾ ਐਲਾਨ ਜਲਦ ਹੋਣ ਦੀ ਸੰਭਾਵਨਾ ਪ੍ਰਬਲ: ਕੁਲਵੰਤ ਸਿੰਘ

ਨਗਰ ਨਿਗਮ ਚੋਣਾਂ ਦਾ ਐਲਾਨ ਜਲਦ ਹੋਣ ਦੀ ਸੰਭਾਵਨਾ ਪ੍ਰਬਲ: ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ: ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੇ ਬਹੁਮਤ ਨਾਲ ਜਿੱਤਣਗੇ
ਵਿਧਾਇਕ ਕੁਲਵੰਤ ਸਿੰਘ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ 13 ਪੰਚਾਇਤਾਂ ਨੂੰ 65 ਲੱਖ ਰੁਪਏ ਦੇ ਚੈਕ ਵੰਡੇ 
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਾਰਚ:
ਅੱਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਦੇ ਉਹਨਾਂ 13 ਪਿੰਡਾਂ ਦੇ ਸਰਪੰਚਾਂ ਨੂੰ 5-5 ਲੱਖ ਰੁਪਏ ਦੇ ਚੈਕ ਵੰਡੇ ਗਏ, ਜਿਨ੍ਹਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਸਨ। ਸੈਕਟਰ-79 ਵਿਖੇ ਆਪਣੇ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਹੀ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਅਤੇ ਗਾਰੰਟੀਆਂ ਇਕ-ਇਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਚਾਇਤਾਂ ਬਣੀਆਂ ਸਨ ਤਾਂ ਸਰਕਾਰ ਦੀ ਇੱਛਾ ਸੀ ਕਿ ਪਿੰਡਾਂ ਵਿੱਚ ਕੋਈ ਲੜਾਈ-ਝਗੜਾ ਨਾ ਹੋਵੇ ਅਤੇ ਆਪਸੀ ਭਾਈਚਾਰਾ ਬਣਿਆ ਰਹੇ। ਇਸ ਲਈ ਐਲਾਨ ਕੀਤਾ ਗਿਆ ਸੀ ਕਿ ਜੋ ਵੀ ਪਿੰਡ ਸਰਬਸੰਮਤੀ ਨਾਲ ਪੰਚਾਇਤ ਬਣਾਏਗਾ, ਉਸਨੂੰ ਇਨਾਮ ਵਜੋਂ 5 ਲੱਖ ਰੁਪਏ ਦਿੱਤੇ ਜਾਣਗੇ, ਤਾਂ ਜੋ ਪਿੰਡਾਂ ਦੇ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇ। ਉਨ੍ਹਾਂ ਦੱਸਿਆ ਕਿ ਧੀਰਪੁਰ, ਰਾਇਪੁਰ ਖੁਰਦ, ਗਿੱਧੜਪੁਰ, ਮਿੱਡੇ ਮਾਜਰਾ, ਸਫੀਪੁਰ, ਮਟਰਾਂ, ਸੈਣੀ ਮਾਜਰਾ, ਕੇਲੋ, ਦਾਇਰਾ, ਜਗਤਪੁਰਾ ਅਤੇ ਨਿਊ ਲਾਂਡਰਾਂ ਸਮੇਤ ਕੁੱਲ 13 ਪਿੰਡਾਂ ਨੂੰ ਇਹ ਰਕਮ ਜਾਰੀ ਕੀਤੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਇਨ੍ਹਾਂ ਪਿੰਡਾਂ ਦੇ ਸਰਪੰਚ ਆਪਣੇ ਪੰਚਾਇਤ ਮੈਂਬਰਾਂ ਸਮੇਤ ਇੱਥੇ ਮੌਜੂਦ ਹਨ ਅਤੇ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਪਿੰਡਾਂ ਵਿੱਚ ਸਾਂਝੀਆਂ ਪੰਚਾਇਤਾਂ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਸੰਤੋਖ ਜਤਾਉਂਦੇ ਹੋਏ ਕਿਹਾ ਕਿ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੇਰਾ ਹਲਕਾ ਇੱਕ ਸ਼ਰੀਫ਼ ਹਲਕੇ ਵਜੋਂ ਜਾਣਿਆ ਜਾਂਦਾ ਹੈ ਅਤੇ ਪਿੰਡਾਂ ਵਿੱਚ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਵਿੱਚ ਸਾਡੀ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ। ਕਿਸੇ ਵੀ ਪਿੰਡ ਵਿੱਚ ਧੱਕੇਸ਼ਾਹੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਉਮੀਦਵਾਰ ਨੂੰ ਥੋਪਿਆ ਗਿਆ। ਜਿਸ ਉਮੀਦਵਾਰ ਨੂੰ ਲੋਕਾਂ ਨੇ ਵੋਟਾਂ ਦਿੱਤੀਆਂ, ਉਹੀ ਪੰਚਾਇਤ ਮੈਂਬਰ ਜਾਂ ਸਰਪੰਚ ਬਣਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਈ ਕਥਿਤ ਵੱਡੇ ਨੇਤਾਵਾਂ ਨੂੰ ਵੀ ਘਰ ਬਿਠਾ ਦਿੱਤਾ ਹੈ, ਕਿਉਂਕਿ ਜੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਤਾਂ ਹੀ ਉਹ ਮੁੜ ਲੋਕਾਂ ਕੋਲ ਜਾ ਸਕਦੇ ਸਨ। ਲੋਕਾਂ ਵੱਲੋਂ ਆਮ ਪਰਿਵਾਰਾਂ ਦੇ 92 ਉਮੀਦਵਾਰਾਂ ਨੂੰ ਵਿਧਾਨ ਸਭਾ ਵਿੱਚ ਜਿਤਾ ਕੇ ਭੇਜਿਆ ਗਿਆ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਪੁਰਾਣੇ ਨੇਤਾਵਾਂ ਨੇ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ 65 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਹ  ਅੱਗੇ ਵੀ ਜਾਰੀ ਰਹੇਗੀ। ਹੈਲਥੀ ਪੰਜਾਬ ਦੇ ਮਕਸਦ ਨਾਲ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਲਈ ਵੱਡੇ ਪੱਧਰ ’ਤੇ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ। ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ ਬੈਦਵਾਨ, ਗੁਰਪ੍ਰੀਤ ਸਿੰਘ ਬਲਿਆਲੀ, ਹਰਜਿੰਦਰ ਸਿੰਘ ਸਰਪੰਚ, ਹਰਵਿੰਦਰ ਸਿੰਘ ਰਿੰਕੂ, ਤਲਵਿੰਦਰ ਸਿੰਘ ਸਰਪੰਚ, ਸਪਿੰਦਰ ਸਿੰਘ ਹੈਪੀ, ਗਿਆਨ ਕੌਰ ਸਰਪੰਚ, ਅਵਤਾਰ ਸਿੰਘ ਸਰਪੰਚ, ਮੋਨਿਕਾ ਸਰਪੰਚ, ਹਰਜਿੰਦਰ ਕੌਰ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਤਰਲੋਚਨ ਸਿੰਘ ਟੋਚੀ ਸਰਪੰਚ, ਮੰਦੀਪ ਸਿੰਘ ਸਰਪੰਚ, ਬਲਜੀਤ ਸਿੰਘ ਡੇਰੀ ਸਰਪੰਚ ਅਤੇ ਸਤਨਾਮ ਸਿੰਘ ਗੀਗੇ ਮਾਜਰਾ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਚੈਕ ਵੰਡਦੇ ਹੋਏ।

Leave a Reply

Your email address will not be published. Required fields are marked *