ਬੀਬੀ ਜਸਮੀਤ ਕੌਰ ਛੀਨਾ ਨੂੰ ਪ੍ਰਧਾਨ ਇਸਤਰੀ ਵਿੰਗ ਦੀ ਜ਼ਿੰਮੇਂਵਾਰੀ
ਯਾਦਵਿੰਦਰ ਸਿੰਘ ਯਾਦੂ ਅਲਾਲ ਪ੍ਰਧਾਨ ਯੂਥ ਵਿੰਗ ਨਿਯੁਕਤ
ਪੂਰਾ ਪੰਜਾਬ ਲਹਿਰ ਦੇ ਕਨਵੀਨਰ ਅਮਰਿੰਦਰ ਸਿੰਘ ਤੂੜ ਦੀ ਸ਼ਲਾਘਾ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚਾ:


ਪੰਜਾਬ ਦੇ ਹਿੱਤਾਂ ‘ਤੇ ਕੇਂਦਰਿਤ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਧਾਰਾ ਖੜ੍ਹੀ ਕਰਨ ਲਈ ਵਚਨਬੱਧ ਰਾਜਨੀਤਿਕ ਜਥੇਬੰਦੀ ਮਿਸਲ ਸਤਲੁਜ ਵੱਲੋਂ ਪੰਜਾਬ ਭਰ ਵਿੱਚ ਆਪਣੀ ਸੰਗਠਨਾਤਮਕ ਸਰਗਰਮੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹੋਏ ਅੱਜ ਜਥੇਬੰਦੀ ਦੇ ਢਾਂਚੇ ਵਿੱਚ ਵਿਸਥਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਸੇਖੋਂ ਜਰਨਲ ਸਕੱਤਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਅਤੇ ਮਿਸਲ ਸਤਲੁਜ ਦੀ ਹੋਰ ਮਜ਼ਬੂਤੀ ਲਈ ਵੱਖ-ਵੱਖ ਵਿੰਗਾਂ ਵਿੱਚ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀਬੀ ਜਸਮੀਤ ਕੌਰ ਛੀਨਾ ਨੂੰ ਪ੍ਰਧਾਨ ਇਸਤਰੀ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਸਰਦਾਰ ਰਮਨਦੀਪ ਸਿੰਘ ਸਿੱਧੂ ਕਨਵੀਨਰ ਕਾਨੂੰਨ ਵਿੰਗ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੂੰ ਜਰਨਲ ਸਕੱਤਰ ਕਾਨੂੰਨ ਵਿੰਗ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਰਦਾਰ ਹਰਦੀਪ ਸਿੰਘ ਡੋਡ (ਮੀਤ ਪ੍ਰਧਾਨ) ਨੂੰ ਕਨਵੀਨਰ ਜਥੇਬੰਦਕ ਢਾਂਚਾ, ਸਰਦਾਰ ਗਗਨਦੀਪ ਸਿੰਘ ਸਿੱਧੂ ਨੂੰ ਕਨਵੀਨਰ ਧਾਰਮਿਕ ਵਿੰਗ, ਸਰਦਾਰ ਰਣਪਿੰਦਰ ਸਿੰਘ ਗੋਲਡੀ (ਸੂਬਾ ਸਕੱਤਰ) ਨੂੰ ਕਨਵੀਨਰ ਕਿਸਾਨ ਵਿੰਗ, ਸਰਦਾਰ ਹਰਦੇਵ ਸਿੰਘ ਘਣੀਏਵਾਲਾ ਨੂੰ ਜਰਨਲ ਸਕੱਤਰ ਕਿਸਾਨ ਵਿੰਗ, ਸਰਦਾਰ ਗੁਰਬੀਰ ਸਿੰਘ ਬੱਬੂ ਖੋਸਾ (ਜਰਨਲ ਸਕੱਤਰ) ਨੂੰ ਕਨਵੀਨਰ ਮੀਡੀਆ ਸੈੱਲ ਅਤੇ ਸਰਦਾਰ ਯਾਦਵਿੰਦਰ ਸਿੰਘ ਯਾਦੂ ਅਲਾਲ ਨੂੰ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਵਿਸ਼ਵਾਸ ਜਤਾਇਆ ਕਿ ਇਹ ਨਵੀਆਂ ਨਿਯੁਕਤੀਆਂ ਜਥੇਬੰਦੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਨੌਜਵਾਨਾਂ, ਕਿਸਾਨਾਂ, ਮਹਿਲਾਵਾਂ ਅਤੇ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਕਰਕੇ ਪੰਜਾਬ ਦੇ ਹੱਕਾਂ ਅਤੇ ਹਿਤਾਂ ਲਈ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਮਿਸਲ ਸਤਲੁਜ ਵੱਲੋਂ ਚਲਾਈ ਜਾ ਰਹੀ “ਪੂਰਾ ਪੰਜਾਬ ਲਹਿਰ” ਮੁਹਿੰਮ ਪੰਜਾਬ ਭਰ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਸਰਦਾਰ ਅਮਰਿੰਦਰ ਸਿੰਘ ਤੂੜ, ਕਨਵੀਨਰ “ਪੂਰਾ ਪੰਜਾਬ ਲਹਿਰ” ਮੁਹਿੰਮ ਦੀ ਸੰਸਥਾ ਪ੍ਰਤੀ ਨਿਭਾਈ ਜਾ ਰਹੀ ਲਗਨ, ਦੂਰਦਰਸ਼ੀ ਸੋਚ ਅਤੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਜਲਦ ਹੀ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਪੱਧਰ ਤੱਕ ਆਪਣਾ ਸੰਗਠਨਾਤਮਕ ਢਾਂਚਾ ਮਜ਼ਬੂਤ ਕਰਕੇ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਖਰਾ ਉਤਰਦਿਆਂ ਪੰਜਾਬ-ਕੇਂਦਰਿਤ ਮਜ਼ਬੂਤ ਰਾਜਨੀਤਿਕ ਵਿਕਲਪ ਵਜੋਂ ਉਭਰੇਗੀ।

