Breaking
www.sursaanjh.com > ਅੰਤਰਰਾਸ਼ਟਰੀ > ਪੁਸਤਕ “ਕੁੱਜਿਆਂ ਦੀ ਮਹਿਕ” ਪੰਜਾਬੀ ਜੀਵਨ-ਜਾਂਚ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਸ਼ੀਸ਼ਾ – ਜਸਵਿੰਦਰ ਸਿੰਘ ਕਾਈਨੌਰ

ਪੁਸਤਕ “ਕੁੱਜਿਆਂ ਦੀ ਮਹਿਕ” ਪੰਜਾਬੀ ਜੀਵਨ-ਜਾਂਚ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਸ਼ੀਸ਼ਾ – ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਪ੍ਰੈਲ:
ਪੰਜਾਬ ਦੇ ਜੰਮਪਲ ਭਾਵੇਂ ਬਾਹਰਲੇ ਮੁਲਕਾਂ ’ਚ ਵੀ ਜਾ ਵਸੇ ਹਨ, ਪਰ ਉਹ ਆਪਣੇ ਪੰਜਾਬ ਦੀ ਮਿੱਟੀ ਅਤੇ ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਹੀਂ ਭੁੱਲਦੇ। ਕੁਝ ਇਸੇ ਤਰ੍ਹਾਂ ਦੀ ਮਿਸਾਲ ਪਿੰਡ ਸੇਮਾਂ ਕਲਾਂ, ਤਹਿਸੀਲ ਨਥਾਣਾ (ਜ਼ਿਲ੍ਹਾ ਬਠਿੰਡਾ) ਦੀ ਜੰਮਪਲ ਅਤੇ ਹੁਣ ਕੈਨੇਡਾ ਦੀ ਵਸਨੀਕ ਨੌਜਵਾਨ ਸੁਖਪ੍ਰੀਤ ਕੌਰ ਸਿੱਧੂ ਨੇ ਆਪਣੀ ਪਲੇਠੀ ਪੁਸਤਕ ‘ਕੁੱਜਿਆਂ ਦੀ ਮਹਿਕ’ ਪ੍ਰਕਾਸ਼ਿਤ ਕਰਵਾ ਕੇ ਪੇਸ਼ ਕੀਤੀ ਹੈ। ਸੁਖਪ੍ਰੀਤ ਕੌਰ ਸਿੱਧੂ ਦੁਆਰਾ ਰਚਿਤ ਪਲੇਠਾ ਕਾਵਿ-ਸੰਗ੍ਰਹਿ “ਕੁੱਜਿਆਂ  ਦੀ ਮਹਿਕ” ਪੰਜਾਬੀ ਸਾਹਿਤ ਜਗਤ ਵਿੱਚ ਇੱਕ ਅਜਿਹੀ ਰਚਨਾ ਹੈ ਜੋ ਪੰਜਾਬ ਦੀ ਮਿੱਟੀ, ਵਿਰਸੇ ਅਤੇ ਮਾਨਵੀ ਜਜ਼ਬਾਤਾਂ ਦੀ ਗੂੜ੍ਹੀ ਤਰਜਮਾਨੀ ਕਰਦੀ ਹੈ। ਲੇਖਿਕਾ ਨੇ ਇਸ ਪੁਸਤਕ ਨੂੰ ਆਪਣੀ ਮਾਤਾ ਦੇ ਨਾਮ ਸਮਰਪਿਤ ਕੀਤਾ ਹੈ, ਜਿਸ ਦੀ ਪ੍ਰੇਰਨਾ ਸਦਕਾ ਉਹ ਸ਼ਬਦਾਂ ਦੇ ਇਸ ਰੂਹਾਨੀ ਸਫ਼ਰ ‘ਤੇ ਤੁਰਨ ਦੇ ਕਾਬਿਲ ਹੋਈ। ਇਹ ਪੁਸਤਕ ਕੇਵਲ ਕਵਿਤਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਲੇਖਿਕਾ ਦੇ ਜੀਵਨ ਅਨੁਭਵਾਂ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਉਸ ਦੇ ਅਥਾਹ ਮੋਹ ਦਾ ਪ੍ਰਗਟਾਵਾ ਹੈ। ਪੁਸਤਕ ਨੂੰ 15 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ 13 ਭਾਗਾਂ ’ਚ ਕਵਿਤਾਵਾਂ ਅਤੇ ਅਗਲੇ 2 ਭਾਗਾਂ ’ਚ ਛੋਟੇ-ਛੋਟੇ ਜਜ਼ਬਾਤੀ ਲੇਖ ਜਾਂ ਵਾਰਤਕ ਰਚਨਾਵਾਂ ਹਨ। “ਪੰਜਾਬ ਜਿਹਾ ਮੁੰਡਾ” ਅਤੇ “ਗੱਲ ਮੇਰੀ ਮਿੱਟੀ ਦੀ” ਵਰਗੇ ਭਾਗਾਂ ਰਾਹੀਂ ਲੇਖਿਕਾ ਨੇ ਪੰਜਾਬੀ ਕਿਰਦਾਰਾਂ ਦੀ ਸਾਦਗੀ, ਖੇਤਾਂ ਦੀ ਮਹਿਕ ਅਤੇ ਪੁਰਾਤਨ ਨਿਸ਼ਾਨੀਆਂ ਨੂੰ ਬਹੁਤ ਹੀ ਸੁਹਿਰਦਤਾ ਨਾਲ ਉਲੀਕਿਆ ਹੈ।”ਇੱਕ ਕੁੜੀ ਦੇ ਜਜ਼ਬਾਤ” ਅਤੇ “ਉਹ ਕੁੜੀਆਂ ਜੋ ਚਿੜੀਆਂ ਨੀ” ਅਧਿਆਇ ਧੀਆਂ ਦੇ ਹੱਕਾਂ, ਉਨ੍ਹਾਂ ਦੇ ਸੁਪਨਿਆਂ ਅਤੇ ਸਮਾਜਿਕ ਚੁਣੌਤੀਆਂ ਨੂੰ ਬਹੁਤ ਹੀ ਬਾਰੀਕੀ ਨਾਲ ਪੇਸ਼ ਕਰਦੇ ਹਨ। “ਕਲਮ ਦੇ ਜ਼ਰੂਰੀ ਫ਼ਰਜ਼” ਅਧੀਨ ਲੇਖਿਕਾ ਨੇ ਮਰਿਆਦਾ, ਜ਼ਮੀਰ ਦੀ ਮੌਤ ਅਤੇ ਸਬਰ ਵਰਗੇ ਗੰਭੀਰ ਵਿਸ਼ਿਆਂ ‘ਤੇ ਆਪਣੀ ਕਲਮ ਚਲਾਈ ਹੈ, ਜੋ ਪਾਠਕ ਨੂੰ ਸਵੈ-ਪੜਚੋਲ ਲਈ ਪ੍ਰੇਰਿਤ ਕਰਦੀ ਹੈ।
ਪੁਸਤਕ ਵਿੱਚ ਮਾਂ-ਪੁੱਤ ਦੇ ਰਿਸ਼ਤੇ, ਪਰਦੇਸ ਦੀ ਤੜਫ਼ ਅਤੇ “ਅਨਮੋਲ ਰਿਸ਼ਤੇ” ਜਿਹੇ ਵਿਸ਼ਿਆਂ ਰਾਹੀਂ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਫਰੋਲੀਆਂ ਗਈਆਂ ਹਨ। ਸੁਖਪ੍ਰੀਤ ਕੌਰ ਸਿੱਧੂ ਦੀ ਲਿਖਣ ਸ਼ੈਲੀ ਬਹੁਤ ਹੀ ਸਰਲ, ਸਪੱਸ਼ਟ ਅਤੇ ਦਿਲ ਨੂੰ ਛੂਹ ਲੈਣ ਵਾਲੀ ਹੈ। ਉਹ ਵਾਰਤਕ ਨੂੰ ਆਪਣੀ “ਰੂਹ ਦੀ ਖ਼ੁਰਾਕ” ਮੰਨਦੇ ਹਨ ਅਤੇ ਕਵਿਤਾ ਰਾਹੀਂ ਆਪਣੇ ਅੰਦਰਲੇ ਵਲਵਲਿਆਂ ਨੂੰ ਖੁੱਲ੍ਹ ਕੇ ਬਿਆਨ ਕਰਦੇ ਹਨ। ਪੁਸਤਕ ਦੇ ਅਖੀਰਲੇ ਹਿੱਸੇ ਵਿੱਚ ਸ਼ਾਮਿਲ “ਕੁਝ ਖ਼ਤ ਉਹਦੇ ਨਾਮ” ਪਾਠਕ ਨੂੰ ਇੱਕ ਬਹੁਤ ਹੀ ਨਿੱਜੀ ਅਤੇ ਰੂਹਾਨੀ ਅਹਿਸਾਸ ਨਾਲ ਜੋੜਦੇ ਹਨ। “ਕੁੱਜਿਆਂ ਦੀ ਮਹਿਕ” ਪੰਜਾਬੀ ਜੀਵਨ-ਜਾਂਚ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਸ਼ੀਸ਼ਾ ਹੈ। ਇਹ ਪੁਸਤਕ ਪਾਠਕ ਨੂੰ ਆਪਣੇ ਅੰਦਰਲੇ ਅਹਿਸਾਸਾਂ ਨਾਲ ਜੁੜਨ ਅਤੇ ਪੰਜਾਬੀ ਸੱਭਿਆਚਾਰ ਦੀ ਮੂਲ ਸੁਗੰਧ ਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕਰਦੀ ਹੈ। ਪੁਸਤਕ ਦੇ ਮੁਢਲੇ ਸ਼ਬਦਾਂ ਵਿੱਚ ਲੇਖਿਕਾ ਸਪੱਸ਼ਟ ਕਰਦੀ ਹੈ ਕਿ ਪੰਜਾਬ ਦੀ ਮਿੱਟੀ ਵਿੱਚ ਜਨਮ ਲੈਣਾ ਉਸ ਲਈ ਇੱਕ ਵੱਡੀ ਅਸੀਸ ਹੈ। ਪੰਜਾਬ ਦੀ ਮਿੱਟੀ ਨਾਲ ਅਥਾਹ ਰੱਖਣ ਵਾਲੀ ਇਹ ਸ਼ਾਇਰਾ ਖ਼ੂਬਸੂਰਤ ਲਿਖਦੀ ਹੈ; ‘ਵਿਰਸਾ ਪੁਰਾਣਾ ਬੇਹਿਸਾਬ ਸਾਂਭੀ ਬੈਠੀ ਆਂ/ ਮੇਰੇ ਚੇਤਿਆਂ ’ਚ ਸਾਰਾ ਮੈਂ ਪੰਜਾਬ ਸਾਂਭੀ ਬੈਠੀ ਆਂ।’  ਸੁਖਪ੍ਰੀਤ ਕੌਰ ਸਿੱਧੂ ਦੀ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਇੱਕ ਨਿੱਘਾ ਅਤੇ ਸੁਗੰਧਿਤ ਵਾਧਾ ਹੈ ਜੋ ਹਰ ਪਾਠਕ ਦੇ ਮਨ ‘ਤੇ ਆਪਣੀ ਅਮਿੱਟ ਛਾਪ ਛੱਡਣ ਦੀ ਸਮਰੱਥਾ ਰੱਖਦੀ ਹੈ।
ਜਸਵਿੰਦਰ ਸਿੰਘ ਕਾਈਨੌਰ – ਮੇਬਾਈਲ 98888-42244

Leave a Reply

Your email address will not be published. Required fields are marked *