ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਪ੍ਰੈਲ:
ਖਾਲਸਾ ਪੰਥ ਦੀ ਸਿਰਜਣਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤ੍ਰਤਾ, ਖਾਲਸਾ ਸਕੂਲ ਖਰੜ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਕਹਾਣੀਕਾਰ ਗੁਰਮੀਤ ਸਿੰਗਲ ਦਾ ਰੂ-ਬ-ਰੂ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮਨਮੋਹਨ ਸਿੰਘ ਦਾਉਂ, ਪਰਮਜੀਤ ਮਾਨ, ਡਾ਼ ਜਸਪਾਲ ਜੱਸੀ, ਨਕਸ਼ਦੀਪ ਪੰਜਕੋਹਾ ਤੇ ਗੁਰਮੀਤ ਸਿੰਗਲ, ਸ਼ਾਮਿਲ ਹੋਏ। ਡਾ. ਜਸਪਾਲ ਜੱਸੀ ਨੇ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਗੁਰਮੀਤ ਸਿੰਗਲ ਦੀ ਕਹਾਣੀ ਕਲਾ ਅਤੇ ਉਸ ਦੇ ਹੋਏ ਮਾਣ-ਸਨਮਾਨਾਂ ਬਾਰੇ ਭਰਪੂਰ ਚਰਚਾ ਕੀਤੀ।


ਗੁਰਮੀਤ ਸਿੰਗਲ ਦੀ ਕਹਾਣੀ ਬਾਰੇ ਨਾਵਲਕਾਰ ਸੰਤਵੀਰ, ਨਕਸ਼ਦੀਪ ਪੰਜਕੋਹਾ, ਸਰੂਪ ਸਿਆਲਵੀ, ਡਾ਼ ਹਰਨੇਕ ਸਿੰਘ ਕਲੇਰ, ਜਰਨੈਲ ਹੁਸ਼ਿਆਰਪਰੀ, ਕਾਲਾ ਸਿੰਘ ਸੈਣੀ, ਰੂਪ ਦਿਓਲ, ਰਾਜਵਿੰਦਰ ਗੱਡੂ, ਰੋਮੀ ਘੜਾਮਾ, ਸੁਰਜੀਤ ਸੁਮਨ ਤੇ ਮੁਲਾਜ਼ਮ ਆਗੂ ਕੁਲਵੰਤ ਸਿੰਘ ਨੇ ਆਪਣੇ ਆਪਣੇ ਵਿਚਾਰ ਪ੍ਰਗਟਾਏ। ਇੰਜ. ਜਸਪਾਲ ਸਿੰਘ ਦੇਸੂਵੀ ਨੇ ਸਿੰਗਲ ਦੀ ਕਹਾਣੀ ਕਲਾ ਤੇ ਅੱਜ ਦੇ ਲੇਖਕਾਂ ਦੀ ਲਿਖਣ-ਸ਼ੈਲੀ ਬਾਰੇ ਮੁੱਲਵਾਨ ਨੁਕਤਿਆਂ ਵੱਲ ਧਿਆਨ ਕੇਂਦਰਿਤ ਕੀਤਾ। ਗੁਰਮੀਤ ਸਿੰਗਲ ਨੇ ਆਪਣੀਆਂ ਕਹਾਣੀਆਂ ਨੂੰ ਮਿਲੇ ਮਾਣ-ਸਨਮਾਨ ਤੇ ਕਹਾਣੀ ਸਫਰ ਬਾਰੇ ਸਰੋਤਿਆਂ ਨੂੰ ਭਾਵਪੂਰਤ ਢੰਗ ਨਾਲ਼ ਜਾਣੂੰ ਕਰਵਾਇਆ ਤੇ ਸਭਾ ਦਾ ਵੀ ਧੰਨਵਾਦ ਕੀਤਾ। ਪਰਮਜੀਤ ਮਾਨ ਨੇ ਪ੍ਰਧਾਨਗੀ ਭਾਸ਼ਣ ਵਿੱਚ ਸਾਹਿਤ ਤੇ ਲੇਖਣ ਦੀ ਭੁਮਿਕਾ ਉੱਤੇ ਜ਼ੋਰ ਦਿੱਤਾ। ਸਭਾ ਦੇ ਸਰਪ੍ਰਸਤ ਸ੍ਰ ਮਨਮੋਹਨ ਸਿੰਘ ਦਾਊਂ ਨੇ ਧੰਨਵਾਦੀ ਸ਼ਬਦ ਆਖੇ ਤੇ ਸਿੰਗਲ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਸ੍ਰ. ਰਘਵੀਰ ਸਿੰਘ ਮੋਦੀ, ਚੇਅਰਮੈਨ, ਬਲਾਕ ਸੰਮਤੀ ਖਰੜ ਵਿਸੇ਼ਸ਼ ਤੌਰ ਤੇ ਹਾਜ਼ਰ ਹੋਏ। ਮੰਚ ਸੰਚਾਲਨ ਸਭਾ ਦੇ ਪ੍ਰਧਾਨ ਤੇ ਉੱਘੇ ਗਾਇਕ ਡਾ. ਜਸਪਾਲ ਜੱਸੀ ਨੇ ਬੁਖੂਬੀ ਨਿਭਾਇਆ। ਕਾਵਿ-ਮਹਿਫਿਲ ਦੌਰਾਨ ਮਲਕੀਤ ਨਾਗਰਾ ਨੇ ਦਸ਼ਮੇਸ਼ ਪਿਤਾ ਦੀ ਕਾਵਿ ਕਥਾ ਪੇਸ਼ ਕੀਤੀ। ਹਰਜਿੰਦਰ ਗੁਪਾਲੋਂ, ਮੰਦਰ ਗਿੱਲ ਸਾਹਿ਼ਬਚੰਦੀਆ, ਪਾਲੀ ਗਿੱਦੜਵਾਹਾ, ਰਾਜੂ ਨਾਹਰ, ਜਸਪ੍ਰੀਤ, ਪ੍ਰਤਾਪ ਪਾਰਸ ਗੁਰਦਾਸਪੁਰੀਆ, ਧਿਆਨ ਸਿੰਘ ਕਾਹਲੋਂ ਤੇ ਰਘਵੀਰ ਭੁੱਲਰ ਨੇ ਕਾਵਿ ਰਚਨਾਵਾਂ ਤੇ ਗੀਤ ਪੇਸ਼ ਕੀਤੇ।

