Breaking
www.sursaanjh.com > ਅੰਤਰਰਾਸ਼ਟਰੀ > ‘ਜੰਗ ਨੂੰ ਸਮਝਦਿਆਂ; ਦਾਰਸ਼ਨਿਕ, ਇਤਿਹਾਸਕ ਅਤੇ ਸਮਕਾਲੀ ਪਰਿਪੇਖ’ ਵਿਸ਼ੇ ‘ਤੇ ਹੋਇਆ ਸੈਮੀਨਾਰ

‘ਜੰਗ ਨੂੰ ਸਮਝਦਿਆਂ; ਦਾਰਸ਼ਨਿਕ, ਇਤਿਹਾਸਕ ਅਤੇ ਸਮਕਾਲੀ ਪਰਿਪੇਖ’ ਵਿਸ਼ੇ ‘ਤੇ ਹੋਇਆ ਸੈਮੀਨਾਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿੳ੍ਵਰੋ), 7 ਅਪ੍ਰੈਲ:
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਕਲਾ ਭਵਨ ਸੈਕਟਰ 16 ਵਿਖੇ ‘ਜੰਗ ਨੂੰ ਸਮਝਦਿਆ; ਦਾਰਸ਼ਨਿਕ, ਇਤਿਹਾਸਕ ਅਤੇ ਸਮਕਾਲੀ ਪਰਿਪੇਖ’  ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਨ।
ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਜੰਗ ਸਾਡੇ ਸਭਿਆਚਾਰ ਨੂੰ ਬਦਲਦੀ ਹੈ। ਸਾਡੀ ਆਰਥਿਕਤਾ ਨੂੰ ਤਬਾਹ ਕਰਦੀ ਹੈ, ਵਾਤਾਵਰਣ ਬਰਬਾਦ ਕਰਦੀ ਹੈ। ਜੰਗੀ ਟਕਰਾਅ, ਨਕਸ਼ਿਆ ਨੂੰ ਬਦਲ ਦਿੰਦਾ। ਡਾ. ਸ਼ੈਲੀ ਵਾਲ਼ੀਆ ਨੇ ਕਿਹਾ ਕਿ ਜੰਗ ਬਾਰੇ ਗੱਲ ਕਰਨਾ ਹੀ ਆਪਣੇ ਆਪ ਵਿਚ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਜੰਗ ਦਾ ਅੰਜ਼ਾਮ ਅਸੀਂ ਦੋ ਵਿਸ਼ਵ ਯੁੱਧਾਂ ਵਿਚ ਦੇਖ ਲਿਆ ਹੈ। ਉਹਨਾਂ ਅਮਰੀਕਾ ਤੇ ਇਰਾਨ ਦੀ ਪਹੁੰਚ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਸਾਮਰਾਜ ਦਾ ਕੰਮ ਹੀ ਕੁਦਰਤੀ ਸਰੋਤਾਂ ‘ਤੇ ਕਾਬਜ਼ ਹੋਣਾ ਹੁੰਦਾ ਹੈ। ਪ੍ਰੋ. ਰੌਣਕੀ ਰਾਮ ਨੇ ਇਕ ਦਾਰਸ਼ਨਿਕ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਦ ਤਾਕਤ ਪੂਰੇ ਜੋਬਨ ‘ਤੇ ਹੁੰਦੀ ਹੈ, ਤਾਂ ਉਹ ਅਮਰੀਕਾ ਵਾਂਗ ਕਰਦਾ। ਇਰਾਨ ‘ਤੇ ਹਮਲੇ ਦਾ ਮੁੱਖ ਕਾਰਨ ਤੇਲ ਤੇ ਹਥਿਆਰ ਬਣਾਉਣ ਤੋਂ ਰੋਕਣਾ ਹੈ। ਉਹਨਾਂ ਕਿਹਾ ਕਿ ਚੌਥਾ ਵਿਸ਼ਵ ਯੁੱਧ ਪੱਥਰਾਂ ਨਾਲ ਲੜਿਆ ਜਾਵੇਗਾ। ਡਾ. ਮਨਮੋਹਨ ਨੇ ਕਿਹਾ ਕਿ ਭਾਰਤੀ ਪਰੰਪਰਾ ਵਿਚ ਜੰਗ ਨੂੰ ਧਰਮਯੁੱਧ ਵਜੋ ਲਿਆ ਜਾਂਦਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਜੰਗ ਕਿਸ ਕਾਰਨ ‘ਚੋਂ ਨਿਕਲੀ ਹੈ? ਜੰਗ ਦੇ ਔਜ਼ਾਰ ਬਦਲਦੇ ਰਹਿੰਦੇ ਨੇ। ਉਨ੍ਹਾਂ ਕਿਹਾ ਕਿ ਆਉਣ ਵਾਲ਼ੇ ਸਮੇਂ ਵਿਚ ਦੇਖਣਾ ਹੋਵੇਗਾ ਕਿ ਜੰਗ ਕਿੱਥੋੱ ਤਕ ਡਿਜ਼ੀਟਲ ਹੁੰਦੀ ਹੈ। ਡਾ. ਪ੍ਰਤਿਭਾ ਦਿਓਲ ਨੇ ਆਰਥਿਕ ਪਹਿਲੂਆਂ ਦੇ ਹਵਾਲੇ ਨਾਲ਼ ਅਮਰਜੀਤ ਗਰੇਵਾਲ ਦੀ ਕਵਿਤਾ ਦਾ ਉਦਾਹਰਨ ਦਿੰਦੇ ਹੋਏ ਲੋੜ ਤੇ ਹੋੜ ਦੀ ਗੱਲ ਕੀਤੀ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦਾ ਮਾਣਮੱਤਾ ਇਤਿਹਾਸ ਤਲਵਾਰ ਨਾਲ ਲਿਖਿਆ ਗਿਆ ਹੈ, ਜਦਕਿ ਇਸ ਤੋਂ ਵੀ ਪਹਿਲਾਂ ਸ਼ਬਦ ਨਾਲ ਲਿਖਿਆ ਗਿਆ। ਅੱਜ ਬੰਦੇ ਅੰਦਰਲਾ ਬੱਚਾ ਮਰ ਰਿਹਾ ਹੈ, ਇਸ ਲਈ ਹੀ ਉਹ ਯੁੱਧ ਗ੍ਰਸਤ ਹੈ। ਉਹਨਾਂ ਪੰਜਾਬ ਕਲਾ ਪਰਿਸ਼ਦ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ। ਪਹਿਲੇ ਅਕਾਦਮਿਕ ਸੈਸ਼ਨ ਵਿੱਚ ਇਸ ਵਿਸ਼ੇ ‘ਤੇ ਬੋਲਦਿਆਂ ਡਾ. ਮਨਜ਼ਿੰਦਰ ਸਿੰਘ ਧਨੋਆ ਨੇ ਕਿਹਾ ਕਿ ਸਾਨੂੰ ਜੰਗ ਨੂੰ ਸਮਝਣ ਦੀ ਲੋੜ ਹੈ। ਅਸੀਂ ਜੰਗ ਵਿਚ ਧਿਰ ਬਣ ਜਾਂਦੇ ਹਾਂ। ਸਾਡਾ ਮੀਡੀਆਂ ਖ਼ਬਰਾਂ ਵਿਚ ਇਸ ਤਰ੍ਹਾਂ ਦੇ ਵਾਕ ਵਰਤਦਾ ਹੈ, ਜਿਸ ਤੋਂ ਲੱਗਦਾ ਹੈ ਕਿ ਜੰਗ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਉਹਨਾਂ ਅਗਾਂਹ ਕਿਹਾ ਕਿ ‘ਵਾਰ’ ਸ਼ਾਬਦਿਕ ਅਰਥ ਹੀ ‘ਮੈਂਟਲ ਕਨਫਿਊਜ਼ਨ’ ਹੈ। ਸਾਨੂੰ ਜੰਗ ਵਿਚ ਧਿਰ ਬਣਨ ਤੋਂ ਬਚਣਾ ਚਾਹੀਦਾ ਹੈ। ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਮੈਂ ਤੇਲ ‘ਤੇ ਹੀ ਗੱਲ ਕਰਾਂਗਾ। ਤੇਲ ਨਾਲ ਹੀ ਸਾਰੀ ਦੁਨੀਆ ਚੱਲਦੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਦੁਨੀਆ ਦੇ ਸਾਮਰਾਜਵਾਦ ਦਾ ਲੀਡਰ ਬਣਦਾ ਹੈ ਅਤੇ ਰਾਜ ਕਰਨ ਵਾਸਤੇ ਆਪਣੀ ਕਰੰਸੀ ਨੂੰ ਵਰਲਡ ਮਨੀ ਬਣਾਉਂਦਾ ਹੈ। ਇਸ ਤਰ੍ਹਾਂ ਦੀ ਤਾਕਤ ਹਥਿਆਉਣ ਵਾਸਤੇ ਹੀ ਜੰਗਾਂ ਕੀਤੀਆਂ ਜਾਂਦੀਆਂ ਹਨ। ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਕਿਹਾ ਕਿ ਜੰਗ ਦੀ ਆਪਣੀ ਸਿਆਸਤ ਹੈ। ਸੈਮੀਨਾਰ ਦੇ ਆਖ਼ਰੀ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਯੋਜਨਾ ਰਾਵਤ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸ਼ਾਮਿਲ ਹੋਏ। ਕਵੀਆਂ ਵਿਚ ਗੁਲ ਚੌਹਾਨ, ਗੁਰਪ੍ਰੀਤ, ਅਮਰਜੀਤ ਕੌਂਕੇ, ਬਲਵਿੰਦਰ ਸੰਧੂ, ਦਰਸ਼ਨ ਬੁੱਟਰ, ਤਰਸੇਮ, ਪਰਮਜੀਤ ਸੋਹਲ, ਸਵਰਨਜੀਤ ਸਵੀ ਅਮਰਜੀਤ ਗਰੇਵਾਲ, ਸ਼ਮਸ਼ੇਰ ਸਾਹਿਲ, ਮਨਮੋਹਨ ਆਦਿ ਨੇ ਸ਼ਿਰਕਤ ਕੀਤੀ। ਇਸ ਸੈਮੀਨਾਰ ਦੇ ਕਨਵੀਨਰ ਡਾ. ਪ੍ਰਵੀਨ ਕੁਮਾਰ ਸਨ, ਜਦਕਿ ਮੰਚ ਸੰਚਾਲਨ ਜਗਦੀਪ ਸਿੱਧੂ ਨੇ ਬਾਖੂਬੀ ਕੀਤਾ। ਅੰਤ ਵਿੱਚ ਧੰਨਵਾਦ ਉੱਘੇ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕੀਤਾ।

Leave a Reply

Your email address will not be published. Required fields are marked *