ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਪ੍ਰੈਲ:


ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਤੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸੰਧੂ ਨਾਲ ਸੂਤਰਧਾਰ ਨਵਦੀਪ ਗਿੱਲ, ਖੇਡ ਲੇਖਕ ਅਤੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਖੁੱਲ੍ਹੀਆਂ ਗੱਲਾਂ ਤਹਿਤ ‘ਯਾਰ ਬੋਲਦਾ’ ਸਮਾਗਮ 12 ਅਪ੍ਰੈਲ, ਦਿਨ ਐਤਵਾਰ, ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16 ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਦੱਸਿਆ ਕਿ ਇਸ ਮੌਕੇ ਸ਼ਮਸ਼ੇਰ ਸੰਧੂ ਦੇ ਗੀਤਾਂ ਦਾ ਗਾਇਨ ਵੀ ਹੋਵੇਗਾ।
ਪੰਜਾਬੀ ਗੀਤਕਾਰੀ ਦੇ ਇਤਿਹਾਸ ਵਿੱਚ ਸ਼ਮਸ਼ੇਰ ਸੰਧੂ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੇ ‘ਤੇਰੇ ਚੋਂ ਤੇਰਾ ਯਾਰ ਬੋਲਦਾ, ਜੱਟ ਦੀ ਪਸੰਦ, ਤਿੜਕੇ ਘੜੇ ਦਾ ਪਾਣੀ’ ਆਦਿ ਗੀਤ ਮੇਸ਼ਾ ਸਰੋਤਿਆਂ ਦੇ ਚੇਤਿਆਂ ਵਿੱਚ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ‘ਲੋਕ ਸੁਰਾਂ, ਸੁਰ ਦਰਿਆਉਂ ਪਾਰ ਦੇ, ਚੋਣਵੇਂ ਗੀਤ, ਇੱਕ ਪਾਸ਼ ਇਹ ਵੀ, ਤੇਰੇ ਚੋਂ ਤੇਰਾ ਯਾਰ ਬੋਲਦਾ’ ਆਦਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਪੱਤਰਕਾਰੀ ਤੇ ਗੀਤਕਾਰੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਉਣ ਵਾਲ਼ੇ ਸ਼ਮਸ਼ੇਰ ਸੰਧੂ ਦੀ ਸੁਰਜੀਤ ਬਿੰਦਰਖੀਆ ਨਾਲ਼ ਬਣੀ ਅਹਿਮ ਜੋੜੀ ਵੱਲੋਂ ਦਿੱਤੇ ਗੀਤਾਂ ਦੀ ਗਲੋਬਲ ਪੱਧਰ ‘ਤੇ ਅੱਜ ਵੀ ਪ੍ਰਸੰਗਿਕ ਮੰਨੀ ਜਾਂਦੀ ਹੈ।

