ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ:


ਸਾਡੇ ਸਮਾਜ ਵਿੱਚ ਲੜਕੇ ਤੇ ਲੜਕੀ ਦੇ ਪਾਲਣ ਪੋਸ਼ਣ ਨੂੰ ਲੈ ਕੇ ਵੀ ਵੱਡਾ ਅੰਤਰ ਵੇਖਣ ਨੂੰ ਅਕਸਰ ਹੀ ਮਿਲਦਾ ਹੈ। ਲੜਕੇ ਨੂੰ ਜਨਮ ਤੋਂ ਹੀ ਕੁਝ ਜ਼ਿਆਦਾ ਲਾਡ ਪਿਆਰ ਕੀਤਾ ਜਾਂਦਾ ਹੈ ਤੇ ਲੋਕ ਚਾਅ ਚਾਅ ਵਿੱਚ ਉਸਨੂੰ ਦੁਨਿਆਵੀ ਤੌਰ ਤਰੀਕੇ ਸਿਖਾਉਣੇ ਹੀ ਭੁੱਲ ਜਾਂਦੇ ਹਨ। ਨਤੀਜਤਨ ਉਹ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੀ ਬਜਾਏ ਇੱਕ ਆਲਸੀ ਤੇ ਦੂਜੇ ‘ਤੇ ਨਿਰਭਰ ਰਹਿਣ ਵਾਲਾ ਬਣ ਜਾਂਦਾ ਹੈ ਤੇ ਵਿਆਹ ਪਿੱਛੋਂ ਵੀ ਉਸਦੀਆਂ ਆਦਤਾਂ ਬਦਲਣ ਦੀ ਬਜਾਏ ਹੋਰ ਪਕੇਰੀਆਂ ਹੁੰਦੀਆਂ ਜਾਂਦੀਆਂ ਹਨ। ਲੜਕੇ ਨੂੰ ਸਵੈ-ਨਿਰਭਰ ਹੋ ਕੇ ਜੀਵਨ ਜਿਊਣ ਦਾ ਵਲ ਸਾਰੀ ਉਮਰ ਨਹੀਂ ਆਉਂਦਾ। ਕਿਸੇ ਦੂਜੇ ‘ਤੇ ਲੋੜ ਤੋਂ ਵੱਧ ਨਿਰਭਰਤਾ ਬਹੁਤੀ ਵਾਰ ਕਾਟੋ ਕਲੇਸ਼ ਦਾ ਕਾਰਨ ਵੀ ਬਣ ਜਾਂਦੀ ਹੈ। ਲੜਕੀ ਨੂੰ ਤਾਂ ਬੜਾ ਹੁੱਬ ਕੇ ਕਿਹਾ ਜਾਂਦਾ ਹੈ ਕਿ ਤੂੰ ਕੋਈ ਚੱਜ ਸਿੱਖ ਲੈ, ਤੂੰ ਵਿਆਹ ਪਿੱਛੋਂ ਸਹੁਰੇ ਘਰ ਜਾਣਾ ਹੈ ਤੇ ਉੱਥੇ ਤੇਰਾ ਵਾਸਤਾ, ਸੱਸ ਨਾਲ ਪੈਣਾ ਹੈ। ਇਸ ਤਰ੍ਹਾਂ ਡਰ ਭਰੇ ਮਾਹੌਲ ਵਿੱਚ ਲੜਕੀ ਦਾ ਬਚਪਨ ਤੇ ਜਵਾਨੀ ਬੀਤਦੀ ਹੈ ਤੇ ਸਹੁਰੇ ਘਰ ਜੇ ਉਸ ਤੋਂ ਕੋਈ ਕੰਮ ਵਿਗੜ ਜਾਵੇ ਤਾਂ ਤਾਹਨੇ ਮਿਹਣੇ ਤੇ ਖੱਟੀਆਂ ਕੌੜੀਆਂ ਵੀ ਸੁਣਨੀਆਂ ਪੈਂਦੀਆਂ ਨੇ। ਉਸ ਦੇ ਮਾਪਿਆਂ ਨੂੰ ਵੀ ਬੁਰਾ ਭਲਾ ਕਿਹਾ ਜਾਂਦਾ ਹੈ ਤੇ ਉਸਦੀ ਜ਼ਿੰਦਗੀ ਆਪਣੇ ਘਰ ਵਿੱਚ ਹੀ ਦੂਜੇ ਨੰਬਰ ਦੇ ਸ਼ਹਿਰੀ ਵਾਲੀ ਬਣ ਜਾਂਦੀ ਹੈ। ਉਪਰੋਂ ਜਿਸ ਆਸਰੇ ਉਹ ਸਹੁਰੇ ਗਈ ਹੁੰਦੀ ਹੈ, ਉਸ ਦਾ ਸਾਥ ਵੀ ਉਸ ਨੂੰ ਨਸੀਬ ਨਹੀਂ ਹੁੰਦਾ। ਉੱਥੇ ਉਸਦਾ ਦਮ ਘੁੱਟਣ ਲੱਗਦਾ ਤੇ ਉਹ ਇਹੋ ਜਿਹੇ ਜ਼ਿੱਲਤ ਭਰੇ ਮਾਹੌਲ ਵਿੱਚੋਂ ਜਾਨ ਛੁਡਾਉਣ ਦਾ ਹੀਲਾ ਕਰਨ ਲੱਗ ਪੈਂਦੀ ਹੈ। ਕਾਟੋ ਕਲੇਸ਼ ਤੇ ਇੱਕ ਦੂਜੇ ‘ਤੇ ਤੋਹਮਤਾਂ ਦਾ ਦੌਰ ਆਰੰਭ ਹੋ ਜਾਂਦਾ ਹੈ। ਉਹ ਸਹੁਰੇ ਪਰਿਵਾਰ ਨੂੰ ਮਜ਼ਾ ਚਖਾਉਣ ਦੇ ਮਨਸ਼ੇ ਨਾਲ ਉਹਨਾਂ ਨੂੰ ਦਹੇਜ ਦੀ ਘੁੰਮਣਘੇਰੀ ਵਿੱਚ ਫਸਾ ਕੇ, ਕਈ ਵਾਰ ਕੋਰਟਾਂ ਤੇ ਥਾਣਿਆਂ ਦੇ ਚੱਕਰ ਵੀ ਲਗਵਾ ਦਿੰਦੀ ਹੈ। ਇੱਕ ਦੂਜੇ ਪ੍ਰਤੀ ਨਫਰਤ ਦੇ ਬੀਜ, ਪੌਦੇ ਦਾ ਰੂਪ ਲੈ ਲੈਂਦੇ ਨੇ ਤੇ ਨਵੀਂ ਪੀਹੜੀ ਦੇ ਬੱਚੇ ਵੀ ਰੁਲ ਜਾਂਦੇ ਨੇ। ਕਾਸ਼ ਜਿਹੜੀ ਨਸੀਹਤ ਜਨਮ ਤੋਂ ਲੜਕੀ ਨੂੰ ਦਿੱਤੀ ਜਾਂਦੀ ਹੈ ਉਹੋ ਨਸੀਹਤ ਲੜਕੇ ਨੂੰ ਵੀ ਬਰਾਬਰ ਦਿੱਤੀ ਜਾਂਦੀ ਕਿ ਬੇਟਾ ਤੂੰ ਵੀ ਆਤਮ ਨਿਰਭਰ ਹੋ, ਕਿਉਂਕਿ ਕਿਸੇ ਲੜਕੀ ਨੇ ਆਪਣਾ ਘਰ ਛੱਡ ਕੇ ਤੇਰੇ ਕੋਲ ਤੇਰਾ ਸਾਥ ਦੇਣ ਲਈ ਆਉਣਾ ਹੈ ਤੇ ਤੂੰ ਉਸ ਨੂੰ ਨੌਕਰ ਨਹੀਂ ਸਗੋਂ ਆਪਣਾ ਜੀਵਨ ਸਾਥੀ ਮੰਨਣਾ ਹੈ। ਇਸ ਲਈ ਤੂੰ ਆਪਣੇ ਆਪ ਨੂੰ ਉਸ ਜ਼ਿੰਮੇਵਾਰੀ ਦੇ ਯੋਗ ਬਣਾ।
ਜੇਕਰ ਬੇਟੇ ਤੇ ਬੇਟੀ ਨੂੰ ਜੀਵਨ ਜਿਊਣ ਦਾ ਹੁਨਰ ਬਚਪਨ ਤੋਂ ਹੀ ਸਿਖਾਇਆ ਜਾਵੇਗਾ ਤਾਂ ਅੱਗੇ ਚੱਲ ਕੇ ਉਹਨਾਂ ਦੀ ਗ੍ਰਹਿਸਥੀ ਗੱਡੀ ਲੀਹ ਤੇ ਰਹੇਗੀ ਭਾਵ ਘਰਾਂ ਦਾ ਮਾਹੌਲ ਖੁਸ਼ਨੁਮਾ ਰਹੇਗਾ। ਲੜਕੀ ਨੂੰ ਵੀ ਘਰ, ਘਰ ਲੱਗੇਗਾ, ਜੇਲ੍ਹਖਾਨਾ ਨਹੀਂ। ਗੱਲ ਭਾਵੇਂ ਛੋਟੀ ਹੈ ਪਰ ਜੇ ਸਮਝ ਪੈ ਜਾਵੇ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਕੋਰਟ, ਕਚਹਿਰੀ ਤੇ ਥਾਣਿਆ ਦੇ ਚੱਕਰ ਤੋਂ ਬਚ ਕੇ ਸਾਵਾਂ ਤੇ ਖੁਸ਼ੀ ਭਰਿਆ ਜੀਵਨ ਜਿਉ ਸਕਣਗੀਆਂ। ਜੇਕਰ ਔਰਤ ਤੋਂ ਘਰ ਦੇ ਕੰਮ ਦੇ ਨਾਲ ਨਾਲ, ਨੌਕਰੀ ਵੀ ਕਰਵਾਉਣੀ ਅੱਜ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ ਤਾਂ ਉਸ ਨਾਲ ਘਰ ਦੇ ਕੰਮ ਵਿੱਚ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਰਲ਼ ਕੇ ਕੰਮ ਵਿੱਚ ਪੂਰਨ ਤੌਰ ਤੇ ਸਹਿਯੋਗ ਵੀ ਦੇਣਾ ਪਵੇਗਾ ਨਹੀਂ ਤਾਂ ਲੜਕੀ ਨੂੰ ਆਪਣੀ ਜ਼ਿੰਦਗੀ ਬੋਝ ਲੱਗਣ ਲੱਗ ਜਾਵੇਗੀ ਤੇ ਨਤੀਜਾ ਉਹ ਡਿਪ੍ਰੈਸ਼ਨ, ਬੀ. ਪੀ ਤੇ ਹੋਰ ਨਾਮੁਰਾਦ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਵੇਗੀ ਤੇ ਡਾਕਟਰਾਂ ਦੇ ਚੱਕਰ ਕੱਟਣੇ ਪੈਣਗੇ, ਜਿਸ ਨਾਲ ਧਨ ਤੇ ਸਮੇਂ ਦੀ ਬਰਬਾਦੀ ਬੰਦੇ ਦਾ ਕਚੁੰਮਰ ਕੱਢ ਦੇਵੇਗੀ ਤੇ ਜ਼ਿੰਦਗੀ ਇੱਕ ਸਰਾਪ ਬਣ ਜਾਵੇਗੀ। ਇੱਥੇ ਇੱਕ ਗੱਲ ਹੋਰ ਵੀ ਕਾਬਲ-ਏ-ਗੌਰ ਹੈ ਕਿ ਔਰਤ ਨੂੰ ਵੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਨਾ ਕਿ ਤਰ੍ਹਾਂ ਤਰ੍ਹਾਂ ਦੇ ਗਹਿਣੇ ਤੇ ਮਹਿੰਗੇ ਮਹਿੰਗੇ ਤੋਹਫੇ ਤੇ ਨਿੱਤ ਦਿਹਾੜੇ ਨਵੇਂ ਸੂਟਾਂ ਦੀ ਮੰਗ ਕਰਕੇ ਆਪਣੇ ਪਤੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਚਾਹੀਦਾ ਹੈ। ਕੰਮ ਤੋਂ ਜਦੋਂ ਪਤੀ ਪਰਤੇ ਤਾਂ ਔਰਤ ਵੱਲੋਂ ਖਿੜ੍ਹੇ ਮੱਥੇ ਉਸਦਾ ਕੀਤਾ ਸਵਾਗਤ ਤੇ ਸਤਿਕਾਰ ਉਸਨੂੰ ਪਰਿਵਾਰ ਲਈ ਹੋਰ ਵੀ ਵਧੇਰੇ ਜਜ਼ਬੇ ਨਾਲ ਕੰਮ ਕਰਨ ਲਈ ਪ੍ਰੇਰਤ ਕਰੇਗਾ, ਘਰ ਵਿੱਚ ਧਨ ਆਵੇਗਾ ਤੇ ਜੀਵਨ ਖੁਸ਼ਹਾਲ ਹੋਵੇਗਾ। ਮੋਟਾ ਗਿਆਨ ਸੂਤਰ ਹੈ ਕਿ “ਜੇ ਇੱਕ ਦੂਜੇ ਨਾਲ ਪਿਆਰ ਹੈ ਤਾਂ ਹੀ ਪਰਿਵਾਰ ਹੈ, ਨਹੀਂ ਤਾਂ ਘਰ ਇੱਕ ਸੁੰਨਸਾਨ ਬੀਆਬਾਨ ਹੈ।” ਇਸ ਤੋਂ ਇਲਾਵਾ ਸਿਆਣੇ ਇਹ ਵੀ ਕਹਿੰਦੇ ਨੇ ਕਿ ਜੇਬ ਵੇਖ ਕੇ ਆਪਣੇ ਵਿਤ ਅਨੁਸਾਰ ਕੁਝ ਹੱਥੋਂ ਲੋੜਵੰਦ ਨੂੰ ਦੇਣ, ਹੰਕਾਰ ਦਾ ਤਿਆਗ ਕਰਨ ਤੇ ਹਰ ਵੇਲੇ ਗਿਆਨ ਅਰਜਿਤ ਕਰਦੇ ਰਹਿਣ ਨਾਲ ਜੀਵਨ ਸੁੰਦਰ ਬਣਦਾ ਹੈ। ਆਕੜ ਇੱਕ ਅਜੇਹੀ ਮਾਨਸਿਕ ਬੀਮਾਰੀ ਹੈ ਜੋ ਨਾ ਤਾਂ ਬੰਦੇ ਨੂੰ ਕਿਸੇ ਦਾ ਹੋਣ ਦਿੰਦੀ ਹੈ ਤੇ ਨਾ ਹੀ ਕਿਸੇ ਹੋਰ ਨੂੰ ਉਸਦਾ ਹੀ ਹੋਣ ਦਿੰਦੀ ਹੈ। ਬੰਦਾ ਘੁੰਮਣ ਘੇਰੀਆਂ ਵਿੱਚ ਗੋਤੇ ਖਾਂਦਾ ਜੀਵਨ ਬੇਅਰਥ ਗਵਾ ਕੇ, ਸੰਸਾਰ ਤੋਂ ਕੂਚ ਕਰ ਜਾਂਦਾ ਹੈ।
ਰਾਜ ਕੁਮਾਰ ਸਾਹੋਵਾਲ਼ੀਆ

