Breaking
www.sursaanjh.com > Uncategorized > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਚੰਨ ਗੁਰਾਇਆ ਵਾਲਾ ਨੂੰ ਸ਼ਰਧਾਂਜਲੀ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਚੰਨ ਗੁਰਾਇਆ ਵਾਲਾ ਨੂੰ ਸ਼ਰਧਾਂਜਲੀ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਚੰਨ ਗੁਰਾਇਆ ਵਾਲਾ ਨੂੰ ਸ਼ਰਧਾਂਜਲੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਈ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫਤਰ ਵਿਖੇ ਸੰਸਥਾ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਸਿੱਧ ਸਾਹਿਤਕਾਰ ਅਤੇ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਰਾਜ ਕੁਮਾਰ ਸਾਹੋਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 97 ਸਾਲਾ ਪੰਜਾਬੀ ਮਾਂ ਬੋਲੀ ਦੇ ਸਿਰਕੱਢ ਗੀਤਕਾਰ ਭੁੱਲਾ ਰਾਮ ਉਰਫ ਚੰਨ ਗੁਰਾਇਆ ਵਾਲਿਆਂ ਦੀ ਬੇ-ਵਕਤੀ ਹੋਈ ਮੌਤ ‘ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੇ ਸਮੂਹ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਇਸ ਮਹਾਨ ਸ਼ਖਸ਼ੀਅਤ ਨੂੰ ਭਾਵ ਭਿੰਨੀ ਸ਼ਰਧਜਲੀ ਭੇਟ ਕੀਤੀ।

ਚੰਨ ਗੁਰਾਇਆਂ ਵਾਲ਼ਾ ਦੀ ਗੀਤਕਾਰੀ ਦੀ ਵੱਡਮੁੱਲੀ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਇਸ ਮੌਕੇ ‘ਤੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਚੰਨ ਗੁਰਾਇਆ ਵਾਲੇ ਦੀ ਅਚਾਨਕ ਮੌਤ ਕਾਰਨ ਪੰਜਾਬੀ ਸਾਹਿਤ ਅਤੇ ਖਾਸ ਕਰਕੇ ਗੀਤਕਾਰੀ ਨੂੰ ਇੱਕ ਵੱਡਾ ਧੱਕਾ ਲੱਗਿਆ ਹੈ, ਜਿਸ ਕਾਰਨ ਸਮੂਹ ਪੰਜਾਬੀ ਪ੍ਰੇਮੀਆਂ ਦੇ ਮਨਾਂ ਵਿੱਚ ਸ਼ੋਕ ਦੀ ਲਹਿਰ ਉਤਪਨ ਹੋਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਉਨ੍ਹਾਂ ਦੁਆਰਾ ਲਿਖੇ ਗਏ ਬਹੁਤੇ ਗੀਤ ਹੁਣ ਲੋਕ ਗੀਤ ਬਣ ਕੇ ਲੋਕਾਂ ਦੀ ਜ਼ੁਬਾਨ ‘ਤੇ ਹਨ। ਉਨ੍ਹਾਂ ਵੱਲੋਂ ਲਿਖੇ ਗੀਤਾਂ ਵਿੱਚ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ/ ਨੀ ਚੰਡੀਗੜ੍ਹ ਰਹਿਣ ਵਾਲੀਏ, ਦੇ ਦੇ ਪਾਸਪੋਰਟ ਮੇਰਾ/ ਵੇ ਮੈਂ ਚੱਲੀ ਆਂ ਵਲੈਤ ਨੂੰ, ਸੱਸੀ ਸੁੱਤੀ ਨਾਲ ਪਾ ਗਿਓਂ ਜੁਦਾਈ ਪੁੰਨਣਾ (ਹੰਸ ਰਾਜ ਹੰਸ),
ਅਸੀੰ ਕੱਲੇ ਰਹਿ ਗਏ ਤੇਰਾ ਨੀ ਵਿਆਹ ਹੋ ਗਿਆ (ਹੰਸ ਰਾਜ ਹੰਸ), ਸਾਡੀ ਮਿੱਟੀ ਵਿੱਚ ਰੋਲ਼ ਕੇ ਜਵਾਨੀ (ਨਰਿੰਦਰ ਬੀਬਾ), ਲੋਕੋ ਵੱਢਿਆ ਗੰਡਾਸਿਆਂ ਦੇ ਨਾਲ (ਮਹਿੰਦਰ ਕਪੂਰ ਫ਼ਿਲਮ ਬਟਵਾਰਾ), ਚੰਡੀਗੜ੍ਹ ਰਹਿਣ ਵਾਲੀਏ/ ਅਸੀਂ ਪੇਂਡੂ ਨਈਂ ਦਿਲਾਂ ਦੇ ਮਾੜੇ (ਨਰਿੰਦਰ ਬੀਬਾ-ਰਣਬੀਰ ਰਾਣਾ) ਤੇ ਹੋਰ ਕਈ ਗੀਤ, ਗੀਤਾਂ ਦੇ ਅੰਬਰ ਤੇ “ਚੰਨ” ਨੂੰ ਹਮੇਸ਼ਾ ਚਮਕਦਾ ਰੱਖਣਗੇ। ਸ਼ਰਧਾਂਜਲੀ ਦੇਣ ਵਾਲ਼ੇ ਵਿਅਕਤੀਆਂ ਵਿੱਚ ਅਵਤਾਰ ਸਿੰਘ ਮਹਿਤਪੁਰੀ, ਬਲਵਿੰਦਰ ਸਿੰਘ, ਕ੍ਰਿਸਨ ਰਾਹੀ, ਪਿਆਰਾ ਸਿੰਘ ਰਾਹੀ, ਬਲਜਿੰਦਰ ਸ਼ੇਰਗਿੱਲ, ਅਮਰਜੀਤ ਸਿੰਘ ਬਠਲਾਣਾ ਅਤੇ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *