ਡੀਐਸਜੀਐਮਸੀ ਵੱਲੋਂ ਸਿਹਤ ਸੇਵਾਵਾਂ ਵਿੱਚ ਇਤਿਹਾਸਕ ਪ੍ਰਾਪਤੀ
ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 9 ਮਈ:


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ, ਸਮਰਪਣ ਅਤੇ ਮਨੁੱਖਤਾ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦਿਆਂ ਸਿਹਤ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਐਲਾਨ ਕੀਤਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਵਿੱਚ ਆਧੁਨਿਕ ਇੰਡੋਸਕੋਪੀ ਯੂਨਿਟ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਅਤੇ ਮਿੰਨੀ ਓਪਰੇਸ਼ਨ ਥੀਏਟਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੀਐਸਜੀਐਮਸੀ ਹਮੇਸ਼ਾ ਧਾਰਮਿਕ, ਵਿਦਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸੰਗਤ ਦੀ ਭਲਾਈ ਲਈ ਵਡਮੁੱਲਾ ਯੋਗਦਾਨ ਪਾ ਰਹੀ ਹੈ। ਉਨਾਂ ਦਸਿਆ ਕਿ ਇਸੇ ਲੜੀ ਵਿੱਚ ਅੱਜ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਪਹਿਲਾਂ ਹੀ ਸਸਤੀ ਅਤੇ ਉੱਚ ਮਿਆਰੀ ਮੈਡੀਕਲ ਸੇਵਾਵਾਂ ਲਈ ਪ੍ਰਸਿੱਧ ਹੈ, ਜਿੱਥੇ ਸੀਟੀ ਸਕੈਨ, ਐਮਆਰਆਈ, ਮੈਮੋਗ੍ਰਾਫੀ ਅਤੇ ਵੱਖ-ਵੱਖ ਲੈਬ ਟੈਸਟ ਬਹੁਤ ਹੀ ਘੱਟ ਖਰਚੇ ਖਰਚ ‘ਤੇ ਕੀਤੇ ਜਾਂਦੇ ਹਨ। ਉਨਾਂ ਦਸਿਆ ਕਿ ਇਸ ਨਵੀ ਇੰਡੋਸਕੋਪੀ ਮਸ਼ੀਨ ਰਾਹੀਂ ਗੈਸਟ੍ਰੋਸਕੋਪੀ ਅਤੇ ਕੋਲੋਨੋਸਕੋਪੀ ਵਰਗੀਆਂ ਅਗੇਤੀ ਜਾਂਚਾਂ ਸੰਭਵ ਹੋਣਗੀਆਂ, ਜਿਸ ਨਾਲ ਪੇਟ ਸੰਬੰਧੀ ਬਿਮਾਰੀਆਂ ਦੀ ਸਹੀ ਅਤੇ ਸਮੇਂ ਸਿਰ ਪਛਾਣ ਹੋਵੇਗੀ। ਇਸਦੇ ਨਾਲ ਹੀ ਮਿੰਨੀ ਓਪਰੇਸ਼ਨ ਥੀਏਟਰ ਵਿੱਚ 25 ਤੋਂ ਵੱਧ ਛੋਟੇ ਓਪਰੇਸ਼ਨ ਕਰਨਾ ਸੰਭਵ ਹੋਵੇਗਾ, ਜੋ ਮਰੀਜ਼ਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ।
ਸਰਦਾਰ ਕਾਲਕਾ ਨੇ ਖੁਸ਼ੀ ਜਤਾਈ ਕਿ ਇਹ ਸਹੂਲਤਾਂ ਸੰਗਤ ਦੇ ਦਸਵੰਧ ਨਾਲ ਸਹੀ ਢੰਗ ਨਾਲ ਅਤੇ ਮਨੁੱਖਤਾ ਦੀ ਭਲਾਈ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਮਾਰਕੀਟ ਵਿੱਚ ਇੰਡੋਸਕੋਪੀ ਟੈਸਟ ਦੀ ਕੀਮਤ 10,000 ਤੋਂ 25,000 ਰੁਪਏ ਤੱਕ ਹੁੰਦੀ ਹੈ, ਉੱਥੇ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਵਿੱਚ ਇਹ ਸੇਵਾ ਲਗਭਗ 1,000 ਰੁਪਏ ਵਿੱਚ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਗੁਗਲਾਨੀ ਪਰਿਵਾਰ – ਸਰਦਾਰ ਹਰਜੀਤ ਸਿੰਘ ਗਗੁਲਾਨੀ, ਭੁਪਿੰਦਰ ਕੌਰ ਅਤੇ ਰਮਨਜੀਤ ਕੌਰ – ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ, ਕਾਰ ਸੇਵਾ ਨਾਲ ਜੁੜੀ ਬਾਬਾ ਬਚਨ ਸਿੰਘ ਜੀ ਦੀ ਜਥੇਬੰਦੀ ਅਤੇ ਬਾਬਾ ਸਤਨਾਮ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਢਾਂਚਾਗਤ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਗੁਰਦੁਆਰਾ ਕਾਲਜ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਜਸਵਿੰਦਰ ਸਿੰਘ ਜੌਲੀ, ਡਾ. ਲਾਂਬਾ ਅਤੇ ਡਾ. ਸੱਗੂ ਸਮੇਤ ਸਮੂਹ ਮੈਡੀਕਲ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਰਦਾਰ ਕਾਲਕਾ ਨੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਡੀਐਸਜੀਐਮਸੀ ਭਵਿੱਖ ਵਿੱਚ ਵੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਉੱਚ ਮਿਆਰੀ ਅਤੇ ਸਸਤੀ ਸਿਹਤ ਸੇਵਾਵਾਂ ਮਿਲ ਸਕਣ।

