ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:


‘ਖੇਡਾਂ ਮਨੁੱਖੀ ਜੀਵਨ ਵਿੱਚ ਨਵਾਂ ਉਤਸ਼ਾਹ ਤੇ ਖੇੜਾ ਲੈ ਕੇ ਆਉਂਦੀਆਂ ਹਨ, ਬਸ਼ਰਤੇ ਖੇਡ ਜਗਤ ਦੇ ਰਾਹ-ਦਸੇਰੇ ਦਿਆਨਤਦਾਰ, ਇਮਾਨਦਾਰ ਤੇ ਹਾਂ-ਪੱਖੀ ਊਰਜਾ ਨੂੰ ਪਰਣਾਏ ਹੋਣ। ਖੇਡਾਂ ਨੌਜਵਾਨ ਪੀੜ੍ਹੀ ਦਾ ਭਵਿੱਖ ਸਿਰਜਦੀਆਂ ਹਨ ਤੇ ਇਸੇ ਨੌਜਵਾਨ ਪੀੜ੍ਹੀ ਨੇ ਅੱਗੇ ਜਾ ਕੇ ਇੱਕ ਚੰਗੇ ਸਮਾਜ, ਰਾਜ ਤੇ ਦੇਸ਼ ਦੀ ਉੱਚ ਦੁਮਾਲੜੇ ਦੀ ਸ਼ਾਨ ਨੂੰ ਚਾਰ ਚੰਨ ਲਾਉਣੇ ਹੁੰਦੇ ਹਨ’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਊ ਚੰਡੀਗੜ੍ਹ ਕ੍ਰਿਕਟ ਅਕੈਡਮੀ ਦੇ ਰਹਿਨੁਮਾ ਗੁੰਨਤਾਸ਼ ਨੇ ਅਕੈਡਮੀ ਵੱਲੋਂ ਕਰਵਾਏ ਗਏ ਪਹਿਲੇ ਕ੍ਰਿਕਟ ਕੱਪ- 2026 ਦੇ ਫਾਈਨਲ ਮੈਚ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਤੇ ਨੌਜਵਾਨਾਂ ਨੂੰ ਇੱਕ ਚੰਗੇ ਸ਼ਹਿਰੀ ਬਣਾਉਣ ਦੇ ਨਾਲ਼ ਨਾਲ਼ ਮਾੜੀਆਂ ਅਲਾਮਤਾਂ ਜਿਵੇਂ ਨਸ਼ੇ ਆਦਿ ਤੋਂ ਦੂਰ ਰੱਖਦੀਆਂ ਹਨ ਅਤੇ ਨਾਲ਼ ਹੀ ਸਮਾਜ ਵਿੱਚ ਰਲ਼-ਮਿਲ਼ ਕੇ ਰਹਿਣਾ ਸਿਖਾਉਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਅਕੈਡਮੀ ਵੱਲੋਂ ਸੇਂਟ ਸਟੀਫਨ ਕ੍ਰਿਕਟ ਅਕੈਡਮੀ ਸੈਕਟਰ 45, ਚੰਡੀਗੜ੍ਹ ਅਤੇ ਹਿਮਾਚਲ ਕ੍ਰਿਕਟ ਅਕੈਡਮੀ ਸੈਕਟਰ 39, ਚੰਡੀਗੜ੍ਹ ਦਰਮਿਆਨ ਹੋਏ ਇਸ ਫਾਈਨਲ ਮੈਚ ਦੌਰਾਨ ਮੈਨ ਆਫ ਦਾ ਮੈਚ – ਦਕਸ਼ ਰੈਡੂ, ਫਾਈਟਰ ਆਫ ਦਾ ਮੈਚ – ਰਿਆਨ, ਮੈਨ ਆਫ ਦਾ ਸੀਰੀਜ਼ – ਦਕਸ਼ ਰੈਡੂ, ਬੈੱਸਟ ਬੈਟਸਮੈਨ – ਅਸ਼ਮਿਤ, ਬੈੱਸਟ ਬਾਲਰ – ਸ਼ਿਵਅੰਸ ਗੋਇਲ, ਬੈੱਸਟ ਫੀਲਡਰ – ਜਸ਼ਨਦੀਪ ਸਿੰਘ ਅਤੇ ਬੈੱਸਟ ਵਿਕਟ ਕੀਪਰ – ਫਲਿਤ ਸ਼ਰਮਾ ਨੂੰ ਐਲਾਨਿਆ ਗਿਆ।

