ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜੂਨ:


ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਲਾ ਭਵਨ ਸੈਕਟਰ 16 ਵਿਖੇ ਕੁਮਾਰ ਜਗਦੇਵ ਸਿੰਘ ਦੀ ਕਿਤਾਬ ‘ਮੈਲ਼ੇ ਲੱਠੇ ਝਾਲਰ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਫਾਊਂਡੇਸ਼ਨ ਦੇ ਕਾਰਜਕਾਰਨੀ ਮੈਂਬਰ ਤੇ ਖਜਾਨਚੀ ਸੁਖਵਿੰਦਰ ਸਿੱਧੂ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਕੁਮਾਰ ਜਗਦੇਵ ਸਿੰਘ ਦੀ ਕਿਤਾਬ ਵਿਚ ਕੋਈ ਇਤਰਾਜ਼ਯੋਗ ਗੱਲ ਨਹੀਂ ਹੈ ਅਤੇ ਇਹ ਸਾਫਗੋਈ ਦੀ ਵਾਰਤਕ ਹੈ। ਇਸ ਉਪਰੰਤ ਖਾਲਸਾ ਕਾਲਜ, ਚੰਡੀਗੜ੍ਹ ਤੋੱ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਸਿੰਘ ਨੇ ਆਪਣੇ ਮੁੱਖ ਸੁਰ ਭਾਸ਼ਨ ਵਿਚ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਵਾਰਤਕ ਲੇਖਾਂ ਰਾਹੀਂ ਪੰਜਾਬੀ ਬੰਦੇ ਦੇ ਚਰਿੱਤਰ ਦੀ ਪ੍ਰਮਾਣਿਕ ਨਿਸ਼ਾਨਦੇਹੀ ਹੁੰਦੀ ਹੈ। ਬਿਨਾਂ ਕਿਸੇ ਲਾਗ ਲਪੇਟ ਦੇ ਕੋਈ ਫੋਕਾ ਆਦਰਸ਼ਵਾਦ ਨਹੀਂ, ਜੋ ਹੈ ਸੋ ਹੈ। ਜੀਵਨ ਨੂੰ ਬਹੁਤ ਸਪੱਸ਼ਟਤਾ ਨਾਲ ਅਤੇ ਉਸ ਨੂੰ ਸ਼ਿੱਦਤ ਨਾਲ ਜਿਉਣ ਦੀ ਵਾਰਤਕ ਹੈ।ਉਹਨਾਂ ਅਗਾਂਹ ਕਿਹਾ ਵਾਰਤਕ ਸਭ ਤੋਂ ਵੱਧ ਪੜ੍ਹੀ ਜਾਣ ਲਈ ਵਿਧਾ ਹੈ। ਉਹਨਾਂ ਨੂੰ ਦੀ ਵਾਰਤਕ ਘਟਨਾ ਤੋਂ ਘਟਨਾ ਵੱਲ ਜਾਂਦੀ ਹੈ। ਲੇਖਕ ਮਨਜੀਤ ਪੁਰੀ ਨੇ ਕਿਹਾ ਕਿ ਮੈਂ ਇਸ ਕਿਤਾਬ ਦੀ ਸਾਰੀਆਂ ਘਟਨਾਵਾਂ ਦਾ ਗਵਾਹ ਹਾਂ ਤੇ ਇਸ ਵਿਚ ਸ਼ਾਮਿਲ ਵੀ ਹਾਂ।ਉਹਨਾਂ ਅਗਾਂਹ ਕਿਤਾਬ ਦੇ ਕਰਾਫਟ ਬਾਰੇ ਗੱਲਾਂ ਕੀਤੀਆਂ। ਉਹਨਾਂ ਕੁਮਾਰ ਦੀ ਬੇਬਾਕੀ ਬਾਰੇ ਦੱਸਿਆ। ਉੱਘੇ ਆਲੋਚਕ ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਜ਼ਿਆਦਾਤਰ ਖੂਬਸੂਰਤ ਵਾਰਤਕ, ਚੰਗੇ ਕਵੀ ਲਿਖ ਰਹੇ ਨੇ। ਉਹਨਾਂ ਅਗਾਂਹ ਕਿਹਾ ਕਿ ਕੁਮਾਰ ਜਗਦੇਵ ਨੇ ਆਪਣੇ ਆਲ਼ੇ ਦੁਆਲ਼ੇ ਦੇ ਆਪਣੇ ਅਨੁਭਵ ਨੂੰ ਬੜੀ ਪ੍ਰਮਾਣਕਤਾ ਨਾਲ ਪੇਸ਼ ਕੀਤਾ ਤੇ ਉਸ ਵਿਚ ਕੋਈ ਲਾਗ-ਲਪੇਟ ਨਹੀਂ ਹੈ। ਉੱਘੇ ਨਾਟਕਕਾਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਗਦੇਵ ਮੇਰਾ ਕਾਲਜ ਦਾ ਜਮਾਤੀ ਹੈ। ਉਹ ਕਹਿਣ ਵਿਚ ਦਲੇਰ ਹੈ। ਜੂਨ ਚੁਰਾਸੀ ਅਸੀਂ ਕੱਠਿਆਂ ਨੇ ਹੰਢਾਇਆ। ਜਗਦੇਵ ਆਪਣੀ ਗੱਲ ਕਹਿਣ ਦੇ ਨਾਲ ਨਾਲ, ਸਮਾਜਿਕ ਤਾਣੇ-ਬਾਣੇ ਨੂੰ ਬਿਆਨਦਾ ਹੈ। ਉੱਘੇ ਸ਼ਾਇਰ ਵਿਜੈ ਵਿਵੇਕ ਨੇ ਕਿਹਾ ਕਿ ਇਹ ਏਨੀ ਰੌਚਕ ਕਿਤਾਬ, ਇੱਕੋ ਬੈਠਕ ਵਿਚ ਪੜ੍ਹ ਦਿੱਤੀ। ਇਸ ਕਾਵਿਕਤਾ ਭਰੀ ਕਿਤਾਬ ਹਰਿਕ ਪਾਠਕ ਨੂੰ ਜੋੜਦੀ ਹੈ ਤੇ ਇਸ ਦੇ ਜ਼ਿਆਦਾਤਰ ਪਾਠਕ ਮੇਰੇ ਜਾਣੂ ਨੇ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਇਸ ਵਾਰਤਕ ਪੁਸਤਕ ਵਿਚ ਅਸੀਂ ਦੇਖਣਾ ਹੈ ਕਿ ਕਿੰਨਾ ਕੁ ਸੱਚ ਬੋਲਿਆ ਹੈ। ਉਹਨਾਂ ਅਗਾਂਹ ਕਿਹਾ ਕੁਮਾਰ ਨੇ ਕੁਝ ਵੀ ਛੁਪਾਇਆ ਨਹੀਂ। ਦ੍ਰਿਸ਼ ਚਿਤਰਨ ਕਮਾਲ ਦਾ ਸਿਰਜਿਆ ਹੈ ਕੁਮਾਰ ਨੇ।
ਕੁਮਾਰ ਜਗਦੇਵ ਸਿੰਘ ਨੇ ਕਿਹਾ ਮੇਰੇ ਲਈ ਮੰਚ ਵੱਡਾ ਹੈ। ਜਿਨ੍ਹਾਂ ਨੂੰ ਦੇਖ ਕੇ ਅਸੀਂ ਲਿਖਣਾ ਸ਼ੁਰੂ ਕੀਤਾ ਉਹ ਮੰਚ ‘ਤੇ ਬਿਰਾਜਮਾਨ ਹਨ। ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਕਵੀ ਸਵਰਨਜੀਤ ਸਵੀ ਨੇ ਕਿਹਾ ਕਿ ਕਿਤਾਬ ਪੜ੍ਹਦਿਆਂ ਇਸ ਤਰ੍ਹਾਂ ਲੱਗਿਆ, ਲੇਖਕ ਪੂਰੀ ਤਰ੍ਹਾਂ ਸੰਸਾਰ ਵਿਚ ਵਿਚਰਿਆ ਹੈ। ਲੇਖਣੀ ਵਿਚ ਸਭ ਕੁਝ ਬੜੀ ਸਹਿਜ ਰੂਪ ਵਿਚ ਆਉਂਦਾ ਹੈ। ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਹੈਰਾਨੀ ਹੋਈ। ਮੈਨੂੰ ਲੱਗਦਾ ਸੀ ਕਿ ਕੁਮਾਰ ਕਹਾਣੀ ਜਾਂ ਨਾਵਲ ਲਿਖੇਗਾ। ਕਿਤਾਬ ਵਿਚ ਦੋ ਤਿੰਨ ਚੀਜ਼ਾਂ ਗੁੰਮ ਨੇ, ਪਰ ਬਿਰਤਾਂਤ ਬੜਾ ਕਮਾਲ ਦਾ ਹੈ। ਕੁਮਾਰ ਨੂੰ ਗੱਲ ਕਰਨ ਦਾ ਵੱਲ ਹੈ। ਉਹਨਾਂ ਅਗਾਂਹ ਕਿਹਾ ਕਿ ਵਾਰਤਕ ਵਿੱਚ ਤਰਕ ਹੋਣਾ ਚਾਹੀਦਾ ਹੈ। ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਉੱਘੇ ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ‘ਮੈਲ਼ੇ ਲੱਠੇ ਦੀ ਝਾਲਰ’ ਹੀ ਆਪਣੇ ਆਪ ਵਿਚ ਪੂਰਨ ਹੈ। ਇਹ ਆਪਣੇ ਤਜਰਬਿਆਂ ਨੂੰ ਢਾਲ ਕੇ ਲਿਖਿਆ ਬਿਰਤਾਂਤ ਹੈ। ਕੁਮਾਰ ਜਗਦੇਵ ਕੋਲ਼ ਸੰਸਕਾਰ, ਜੱਟ, ਜਗੀਰਦਾਰੀ ਪਈ ਹੈ ਪਰ ਉਹ ਇਹ ਲਿਖ ਕੇ ਮੁਕਤ ਨਹੀਂ ਹੋ ਸਕਿਆ। ਲਿਖ ਕੇ ਮੁਕਤ ਨਹੀਂ ਹੋਇਆ ਜਾ ਸਕਦਾ। ਲੇਖਕ ਸੰਘਰਸ਼ ਕਰਦਾ ਹੈ। ਕੁਮਾਰ ਗੱਲ ਕਰਨ ਵਿਚ ਬਹੁਤ ਸੁਚੇਤ ਹੈ। ਵਾਰਤਕ ਵਿਚ ਅਸਲੀਅਤ ਨੂੰ ਉਂਗਲਾਂ ‘ਤੇ ਨਹੀਂ ਨਚਾਇਆ ਜਾ ਸਕਦਾ। ਮੰਚ ਸੰਚਾਲਨ ਉੱਘੇ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ ਤੇ ਧੰਨਵਾਦ ਪਾਲ ਅਜਨਬੀ ਵੱਲੋਂ ਕੀਤਾ ਗਿਆ। ਪਾਲ ਅਜਨਬੀ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਕਹਾਣੀਕਾਰ ਬਲੀਜੀਤ, ਗੁਲ ਚੌਹਾਨ, ਗਾਇਕ ਸਲੀਮ ਸਿਕੰਦਰ, ਹਰਜੀਤ ਸਿੰਘ, ਅਵਤਾਰ ਸਿੰਘ ਪਤੰਗ, ਚਰਨਜੀਤ ਬਾਠ, ਭੁਪਿੰਦਰ ਮਲਿਕ, ਕੰਵਰਦੀਪ ਸਿੰਘ, ਗੁਰਸੇਵਕ ਚਹਿਲ, ਸ਼ਾਇਰ ਬੱਟੀ, ਰਣਬੀਰ ਸੋਹਲ, ਵਰਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।

