Breaking
www.sursaanjh.com > ਅੰਤਰਰਾਸ਼ਟਰੀ > ਸੂਲ ਸੁਰਾਹੀ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ 

ਸੂਲ ਸੁਰਾਹੀ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ 

ਸੂਲ ਸੁਰਾਹੀ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ 
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੂਨ:
ਸੂਲ ਸੁਰਾਹੀ ਸਾਹਿਤ ਸਭਾ ਵੱਲੋਂ ਇੱਕ ਵਿਲੱਖਣ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜੋ ਹਰਮਨ ਪਿਆਰੇ ਸਾਹਿਤਕ ਜੋੜੇ ਉਮੇਸ਼ ਠਾਕੁਰ ਅਤੇ ਕੈਲਾਸ ਠਾਕੁਰ ਦੇ ਗ੍ਰਹਿ ਵਿਖੇ ਰੱਖੀ ਗਈ। ਇਸ ਕਾਵਿ ਮਿਲਣੀ ਵਿੱਚ ਜਸਪਾਲ ਸਿੰਘ ਦੇਸੂਵੀ, ਪ੍ਧਾਨ ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ ਮੁਹਾਲੀ, ਭਗਤ ਰਾਮ ਰੰਗਾੜਾ ਅਤੇ ਨਰਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦੀ ਪ੍ਧਾਨਗੀ ਉੱਘੇ ਗਜ਼ਲਗੋ ਬਲਬੀਰ ਸੈਣੀ ਨੇ ਕੀਤੀ। ਗ਼ੈਰ-ਰਸਮੀ ਗੱਲਾਂ ਨਾਲ਼ ਅਦੀਬਾਂ ਨੇ ਬੀਤੇ ਲੰਮੇ ਸਮੇਂ ਦੌਰਾਨ ਹੋਏ ਸਾਹਿਤਕ ਸਮਾਗਮਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਆਪਣੇ ਸਾਹਿਤਕ ਸਫਰ ਦੇ ਸੁਨਿਹਰੇ ਪਲ ਸਾਂਝੇ ਕੀਤੇ। ਭਗਤ ਰਾਮ ਰੰਗਾੜਾ ਦਾ ਭਾਖੜਾ ਡੈਮ ਯੋਜਨਾ ਦੇ ਅਰੰਭਕ ਸਮੇਂ 1960 ਤੋਂ 1965 ਤੱਕ ਨੰਗਲ ਅਤੇ 1965 ਤੋਂ 1974 ਤੱਕ ਸੁੰਦਰ ਨਗਰ ਸਰਵਿਸ ਦੌਰਾਨ ਗੁਰਸ਼ਰਨ ਭਾਅ ਜੀ ਅਤੇ ਪੁਰਾਣੇ ਅਦੀਬਾਂ ਸੰਗ ਬਿਤਾਏ ਸਮੇਂ ਦਾ ਵਿਸਥਾਰਿਤ ਵਰਣਨ ਸਭ ਲਈ ਉਤਸੁਕਤਾ ਅਤੇ ਪ੍ਰੇਰਨਾ ਸਰੋਤ ਬਣਿਆ। ਉਨ੍ਹਾਂ ਵੱਲੋਂ ਤਕਰੀਬਨ ਇਕਾਹਠ ਸਾਲ ਪਹਿਲਾਂ ਦੀਆਂ ਘਟਨਾਵਾਂ ਦਾ ਤਾਰੀਖਾਂ, ਮਹੀਨਿਆਂ ਅਤੇ ਸਾਲਾਂ ਅਨੁਸਾਰ ਤਰਤੀਬਵਾਰ ਵਰਨਣ ਸਭ ਲਈ ਰੌਚਕਤਾ ਦਾ ਵਿਸ਼ਾ ਬਣਿਆ ਰਿਹਾ। ਇਸੇ ਤਰ੍ਹਾਂ ਠਾਕੁਰ ਦੰਪਤੀ ਦੀ ਪਰਾਹੁਣਚਾਰੀ ਅਤੇ ਨਿਰਸਵਾਰਥ ਸੇਵਾ ਭਾਵ ਸਭ ਦੇ ਮਨਾਂ ਨੂੰ ਕੀਲਦਾ ਰਿਹਾ।

ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਬਲਬੀਰ ਸੈਣੀ ਦੀਆਂ ਗਜ਼ਲਾਂ ਅਤੇ ਭਗਤ ਰਾਮ ਰੰਗਾੜਾ ਦੀਆਂ ਅਨਮੋਲ ਲਿਖਤਾਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਜਸਪਾਲ ਸਿੰਘ ਦੇਸੂਵੀ ਨੇ ਆਪਣੀਆਂ ਗਜ਼ਲਾਂ ਦੀ ਬਾ-ਤਰੰਨੁਮ ਪੇਸ਼ਕਾਰੀ ਨਾਲ ਖੂਬ ਵਾਹ ਵਾਹ ਖੱਟੀ। ਕੈਲਾਸ਼ ਠਾਕੁਰ ਨੇ ਗ਼ਜ਼ਲ ਸੁਣਾ ਕੇ ਸਭ ਦਾ ਮਨ ਮੋਹ ਲਿਆ। ਬੱਚੀ ਮਾਰੀਆ ਜੈਸਿਕਾ ਜੋ ਇਕ ਨੌਜਵਾਨ ਸਮਾਜ ਸੇਵਿਕਾ ਹਨ, ਨੇ ਆਪਣੀ ਨਜ਼ਮ ਤਿਤਲੀ ਸੁਣਾ ਕੇ ਅਜੋਕੇ ਸਮੇਂ ਦੇ ਵਰਤਾਰਿਆਂ ਨੂੰ ਕੁੱਜੇ ਵਿੱਚ ਸਮੁੰਦਰ ਵਾਂਗ ਪੇਸ਼ ਕੀਤਾ, ਜਿਸ ਨੂੰ ਸਭ ਨੇ ਬਹੁਤ ਸਲਾਹਿਆ। ਲਲਿਤ ਮੋਹਨ ਚੌਧਰੀ ਨੇ ਆਪਣੀ ਕਵਿਤਾ ਸੁਣਾਈ। ਗੁਰਸੇਵਕ ਸਿੰਘ ਸੈਣੀ, ਬਾਬੂ ਰਾਮ ਮਿਨਹਾਸ, ਸੁਮਨ ਅਤੇ ਅੰਜਲੀ ਦੇਵੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਪ੍ਸਿੱਧ ਪੱਤਰਕਾਰ ਗੁਰਪ੍ਰੀਤ ਗਰੇਵਾਲ ਨੇ ਜਿੱਥੇ ਆਪਣੀ ਹਲਕੇ-ਫੁਲਕੇ ਮਜ਼ਾਕੀਆ ਲਹਿਜ਼ੇ ਨਾਲ ਸਭ ਨੂੰ ਬੰਨ੍ਹੀ ਰੱਖਿਆ, ਉੱਥੇ ਮੰਚ ਸੰਚਾਲਨ ਬਹੁਤ ਸੁਚੱਜੇ ਢੰਗ ਨਾਲ ਕੀਤਾ। ਤਕਰੀਬਨ ਤਿੰਨ ਘੰਟੇ ਦੇ ਪ੍ਰੋਗਰਾਮ ਦੇ ਅਖੀਰ ਵਿੱਚ ਤ੍ਰੈ- ਮਾਸਕ ਸੂਲ ਸੁਰਾਹੀ ਦਾ ਤਾਜ਼ਾ ਅੰਕ ਲੋਕ ਅਰਪਣ ਕੀਤਾ ਗਿਆ। ਅੰਤ ਵਿੱਚ ਭਗਤ ਰਾਮ ਰੰਗਾੜਾ, ਜਸਪਾਲ ਸਿੰਘ ਦੇਸੂਵੀ ਅਤੇ ਨਰਿੰਦਰ ਕੌਰ ਦਾ ਦੁਸ਼ਾਲੇ ਭੇਟ ਕਰ ਕੇ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *