ਸੂਬੇਦਾਰ ਸੁਰਿੰਦਰ ਸਿੰਘ ਨਗਲੀਆਂ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ ਸਰਕਾਰ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ:


ਪਿਛਲੇ ਦਿਨੀਂ ਨਿਊ ਚੰਡੀਗੜ੍ਹ ਦੇ ਪਿੰਡ ਨਗਲੀਆਂ ਦੇ ਜੰਮਪਲ ਸੂਬੇਦਾਰ ਸੁਰਿੰਦਰ ਸਿੰਘ, ਫੌਜ ਦੀ ਡਿਊਟੀ ਸਮੇਂ ਅਰੁਣਾਂਚਲ ਦੇ ਪਹਾੜੀ ਖੇਤਰ ਵਿੱਚ ਆਰਮੀ ਦੀ ਗੱਡੀ ਪਲਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਜ਼ਿਆਦਾ ਸੱਟਾਂ ਕਾਰਨ ਦਮ ਤੋੜ ਗਏ ਸਨ। ਅੱਜ ਪਿੰਡ ਨਗਲੀਆਂ ਵਿਖੇ ਉਹਨਾਂ ਦੀ ਪਵਿੱਤਰ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਜਿੱਥੇ ਸੂਬੇਦਾਰ ਸੁਰਿੰਦਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ, ਉੱਥੇ ਹੀ ਸੂਬੇਦਾਰ ਸੁਰਿੰਦਰ ਸਿੰਘ ਅਮਰ ਰਹੇ ਦੇ ਨਾਰਿਆਂ ਨਾਲ ਅਸਮਾਨ ਗੂੰਜ ਉਠਿਆ। ਲੈਫਟੀਨੈਂਟ ਵਿਸ਼ੇਸ਼ ਕਾਲਾ ਦੀ ਅਗਵਾਹੀ ਵਿੱਚ ਪਹੁੰਚੇ ਫੌਜ ਦੇ ਜਵਾਨਾਂ ਨੇ ਸੂਬੇਦਾਰ ਨੂੰ ਸੁਰਧਾਂਜਲੀ ਦਿੱਤੀ। ਪਹਿਲਾਂ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਸਮੇਤ ਅੰਤਿਮ ਦਰਸ਼ਨ ਕੀਤੇ ਗਏ। ਸ਼ਮਸ਼ਾਨ ਘਾਟ ਵਿੱਚ ਹਵਾਈ ਫਾਇਰ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ। 18 ਸਿਖਲਾਈ ਰੈਜੀਮੈਂਟ ਦੇ ਸੂਬੇਦਾਰ ਸੁਰਿੰਦਰ ਸਿੰਘ 19 ਸੰਨ 1980 ਵਿੱਚ ਜਨਮੇ ਸਨ ਅਤੇ ਉਨ੍ਹਾਂ ਦੀ ਸੇਵਾ-ਮੁਕਤੀ ਵਿੱਚ ਸਿਰਫ ਚਾਰ ਮਹੀਨੇ ਦਾ ਸਮਾਂ ਹੀ ਰਹਿ ਗਿਆ ਸੀ। ਉਹਨਾਂ ਪਿੰਡ ਆ ਕੇ ਪਰਿਵਾਰ ਨਾਲ ਹੱਸਣ ਵਸਣ ਦਾ ਮਨ ਬਣਾਇਆ ਹੋਇਆ ਸੀ ਪਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੱਸਣਾ ਬਣਦਾ ਹੈ ਕਿ ਸੂਬੇਦਾਰ ਸੁਰਿੰਦਰ ਸਿੰਘ ਅੰਤਾਂ ਦੀ ਗਰੀਬੀ ਚੋਂ ਨਿਕਲਿਆ ਅਤੇ ਪਰਿਵਾਰ ਨਾਲ ਅਨੇਕਾਂ ਹੀ ਸੁਪਨੇ ਸਜਾਏ ਹੋਏ ਸਨ। ਫੌਜੀ ਅਧਿਕਾਰੀਆਂ ਵੱਲੋਂ ਸ਼ਹੀਦ ਦੀ ਪਤਨੀ ਬੀਬੀ ਰਣਜੀਤ ਕੌਰ ਨੂੰ ਤਿਰੰਗਾ ਝੰਡਾ ਵੀ ਭੇਟ ਕੀਤਾ ਗਿਆ, ਜਿਸ ਵਿੱਚ ਸ਼ਹੀਦ ਦੀ ਪਵਿੱਤਰ ਦੇਹ ਲਿਪਟੀ ਹੋਈ ਸੀ। ਸ਼ਹੀਦ ਦੇ ਗਿਆਰਾਂ ਸਾਲਾ ਬੇਟੇ ਪਰਮਿੰਦਰ ਸਿੰਘ ਨੇ ਪਿਤਾ ਸੂਬੇਦਾਰ ਸੁਰਿੰਦਰ ਸਿੰਘ ਨੂੰ ਅਗਨੀ ਕੀਤੀ।
ਇਸ ਮੌਕੇ ਸ਼ਰਧਾਂਜਲੀ ਦੇਣ ਲਈ ਇਲਾਕੇ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ, ਪਰੰਤੂ ਸੋਚਣ ਵਾਲ਼ੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਤਰੀ ਐਮਐਲਏ, ਐਮਪੀ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਪੁੱਜਿਆ। ਬੇੱਸ਼ਕ ਸਪੋਰਟ ਸੈੱਲ ਦੇ ਚੇਅਰਮੈਨ ਪਰਵਿੰਦਰ ਸਿੰਘ ਗੋਲਡੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਸਰਕਾਰ ਵੱਲੋਂ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਦੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਇਹ ਗੱਲ ਜ਼ਰੂਰ ਖੜਕੀ। ਲੈਫਟੀਨੈਂਟ ਵਿਸ਼ੇਸ਼ ਕਾਲਾ, ਸੂਬੇਦਾਰ ਜਗਤਾਰ ਸਿੰਘ, ਨਾਇਬ ਸੂਬੇਦਾਰ ਬਲਕਾਰ ਸਿੰਘ, ਸੂਬੇਦਾਰ ਹਰਦੇਵ ਸਿੰਘ, ਸੂਬੇਦਾਰ ਗੁਰਜੀਤ ਸਿੰਘ ਸਮੇਤ 18 ਸਿੱਖਲਾਈ ਦੇ ਰਿਟਾਇਰਡ ਆਫਿਸਰ ਸਮੇਤ ਵੱਡੀ ਗਿਣਤੀ ਵਿੱਚ ਫੌਜ ਦੇ ਜਵਾਨ ਹਾਜ਼ਰ ਸਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਕਾਂਗਰਸ ਦੇ ਜ਼ਿਲਾ ਪ੍ਰਧਾਨ ਕਮਲ ਕਸ਼ੋਰ ਸ਼ਰਮਾ, ਮਾਰਕੀਟ ਕਮੇਟੀ ਕਰਾਲੀ ਦੇ ਚੇਅਰਮੈਨ ਹਰੀਸ਼ ਕੁਮਾਰ ਰਾਣਾ, ਕਾਂਗਰਸ ਦੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕ ਪੁਰ ਸ਼ਰੀਫ, ਨੰਬਰਦਾਰ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਕੁਮਾਰ ਸਿਆਲਬਾ, ਬਲਾਕ ਪ੍ਰਧਾਨ ਜੱਗੀ ਕਾਦੀ ਮਾਜਰਾ, ਸਰਪੰਚ ਜਗਜੀਤ ਸਿੰਘ ਨਗਲੀਆਂ, ਬਲਾਕ ਪ੍ਰਧਾਨ ਨਵਦੀਪ ਸੈਣੀ, ਅਮਨਦੀਪ ਗੋਲਡੀ, ਸਰਬਜੀਤ ਸਿੰਘ ਕਾਦੀ ਮਾਜਰਾ, ਮੁਲਾਜਮ ਯੂਨੀਅਨ ਤੋਂ ਕਰਮ ਚੰਦ ਸਿਆਲਬਾ, ਬਲਾਕ ਪ੍ਰਧਾਨ ਸ਼ੁਭਮ ਗਿਰੀ, ਲੱਕੀ ਮਾਵੀ ਵਜ਼ੀਦਪੁਰ, ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਫਾਂਟਵਾਂ, ਹਰਜਿੰਦਰ ਸਿੰਘ ਨਗਲੀਆਂ, ਕਾਂਗਰਸੀ ਆਗੂ ਗਿਆਨ ਸਿੰਘ ਛੱਤ, ਰਣਜੀਤ ਸਿੰਘ ਨਗਲੀਆਂ, ਡਿਊਟੀ ਅਫ਼ਸਰ ਤਿਲਕ ਰਾਜ, ਰਾਜਨ ਸੂਦ ਥਾਣਾ ਮਾਜਰੀ ਸਮੇਤ ਹੋਰ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।

