ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ:
ਉਹ ਸਭ ਕਵਿਤਾ ਕਹਿ ਜਾਂਦੀ ਏ/ ਤੇਜਿੰਦਰ ਸਿੰਘ ਤੇਜੀ
ਠੰਡੀ ਵਾਅ ਜਿਹਾ ਠੰਡਾ ਹੋ ਜਾਂ
ਨੀਵੀਂ ਥਾਂ ਜੋ ਬਹਿ ਜਾਂਦੀ ਏ।


ਜਿਹੜੀ ਗੱਲ ਦਾ ਜ਼ਿਕਰ ਨੀਂ ਹੁੰਦਾ
ਉਹ ਸਭ ਕਵਿਤਾ ਕਹਿ ਜਾਂਦੀ ਏ।
ਇਸ਼ਕ ਦੇ ਵਿਹੜੇ ਕਮਲ਼ੀ ਹੋ ਕੇ
ਸਭੇ ਸਿਆਣਪ ਲਹਿ ਜਾਂਦੀ ਏ।
ਇਸ਼ਕ ਹਕੀਕੀ ਸਬਰ ਈ ਹੁੰਦਾ
ਉਹ ਸਭ ਕਵਿਤਾ ਕਹਿ ਜਾਂਦੀ ਏ।
ਸੱਚ ਆਖਾਂ ਹਰ ਵਾਟ ਲੰਮੇਰੀ
ਕੁਝ ਕਦਮਾਂ ਦੀ ਰਹਿ ਜਾਂਦੀ ਏ।
ਬੋਲਿਆਂ ਵੀ ਜੇ ਬੋਲ ਨੀਂ ਹੁੰਦਾ
ਉਹ ਸਭ ਕਵਿਤਾ ਕਹਿ ਜਾਂਦੀ ਏ।
ਜੋ-ਜੋ ਸਾਡੀ ਜ਼ਿੰਦ ਨਿਮਾਣੀ
ਚੁੱਪ-ਚਪੀਤੀ ਸਹਿ ਜਾਂਦੀ ਏ।
ਜਿਗਰ ਦਾ ਜਿੱਥੇ ਜ਼ਿਕਰ ਨੀਂ ਹੁੰਦਾ
ਉਹ ਸਭ ਕਵਿਤਾ ਕਹਿ ਜਾਂਦੀ ਏ।
ਸੁੱਕੇ ਨੈਣਾਂ ਦਾ ਖੋਲ੍ਹ ਕੇ ਕੁੰਡਾ
ਜੋ ਦਰਿਆ ਬਣ ਵਹਿ ਜਾਂਦੀ ਏ।
ਜੋ ਗ਼ਮ ਤੱਕੜੀ ਤੋਲ ਨੀਂ ਹੁੰਦਾ
ਉਹ ਸਭ ਕਵਿਤਾ ਕਹਿ ਜਾਂਦੀ ਏ।
ਆਸਾਂ ਅਤੇ ਉਮੀਦਾਂ ਵਾਲ਼ੀ
ਸੱਜਣਾ ਖੁੱਲ੍ਹ ਹਰ ਤਹਿ ਜਾਂਦੀ ਏ।
ਤਾਹੀਓਂ ‘ਤੇਜੀ’ ਫ਼ਿਕਰ ਨੀ ਹੁੰਦਾ
ਉਹ ਸਭ ਕਵਿਤਾ ਕਹਿ ਜਾਂਦੀ ਏ
ਤੇਜਿੰਦਰ ਸਿੰਘ ਤੇਜੀ, ਮਾਡਲ ਟਾਊਨ (ਕੁਰਾਲੀ)
96460 24480

