ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀ ਪੁਸਤਕ ‘ਸਲਾਹੀਯਤ’ ਲੋਕ ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ:


ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ, ਚੰਡੀਗੜ੍ਹ ਵਿਖੇ ਸਮਾਗਮ ਨੂੰ ਮਹਾਨ ਵਿਦਵਾਨ ਪ੍ਰੋ. ਮਾਲਵਿੰਦਰ ਜੀਤ ਸਿੰਘ ਵੜੈਚ ਨੂੰ ਸਮਰਪਿਤ ‘ਰੂਮੀ ਮੀਟ ਕਬੀਰ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੂਨੇ ਤੋਂ ਆਏ ਰਾਸ਼ਟਰੀ ਪੁਰਸਕਾਰ ਜੇਤੂ, ਮਰਾਠੀ ਫਿਲਮ ‘ਸ਼ਵਾਸ’ ਦੇ ਅਦਾਕਾਰ ਅਸ਼ਵਿਨ ਅਫਰਾ ਅਤੇ ਸਾਵਨੀ ਸ਼ਿਖਾਰੇ ਕਲਾਸੀਕਲ ਸਿਖਲਾਈ ਪ੍ਰਾਪਤ ਗਾਇਕ ਨੇ ਵਿਸ਼ੇਸ਼ ਤੌਰ ’ਤੇ ਰੂਹਾਨੀਅਤ ਭਰੀ ਮਹਿਫ਼ਲ ਸਜਾਈ, ਜੋ ਦੋ ਸਦੀਵੀ ਰਹੱਸਵਾਦੀਆਂ ਦੇ ਕਾਵਿਕ ਸ਼ਬਦਾਂ ਨੂੰ ਇਕੱਠਾ ਕਰਦੀ ਸੀ। ਇਸ ਮਹਿਫ਼ਲ ਵਿਚ ਕਬੀਰ ਜੀ ਦੇ ਕਿੱਸੇ ਸੁਣਾ ਕੇ ਅਤੇ ਰੱਬ ਰੂਪੀ ਪ੍ਰਮਾਤਮਾ ਨੂੰ ਮਿਲਣ ਦੇ ਅਰਥ ਸਮਝਾਏ ਗਏ। ਇਸ ਰਹੱਸਵਾਦੀ ਕਵਿਤਾ ਦਾਸਤਾਨਗੋਈ ਅਤੇ ਸੰਗੀਤ ਦੀ ਮਹਫ਼ਿਲ ਨੇ ਪ੍ਰਸੰਸਕਾਂ ਨੂੰ ਉਸ ਪ੍ਰਭੂ ਪ੍ਰਮਾਤਮਾ ਦੇ ਆਨੰਦਮਈ ਮਿਲ਼ਣ ਦਾ ਅੰਦਰੂਨੀ ਅਹਿਸਾਸ ਕਰਵਾਇਆ। ਆਤਮ ਰਾਮ ਅਤੇ ਆਤਮ ਰਸ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਿਵੇਂ ਸਾਡੀ ਆਤਮਾ ਲਈ ਸਹਾਇਕ ਸਿੱਧ ਹੁੰਦੇ ਹਨ। ਇਜ਼ਰਾਇਲ ਫਰਿਸ਼ਤੇ ਬਾਰੇ ਵੀ ਦੱਸਿਆ ਗਿਆ ਕਿ ਮੌਤ ਦੇ ਸਮੇਂ ਇਜ਼ਰਾਇਲ ਫਰਿਸ਼ਤਾ ਸਾਨੂੰ ਧਰਮ ਰਾਜ ਕੋਲ ਲੈ ਕੇ ਜਾਂਦਾ ਹੈ।
ਇਸ ਸਮਾਗਮ ਦੇ ਅੰਤ ਵਿੱਚ ਦੋਹਾਂ ਕਲਾਕਾਰਾਂ ਅਸ਼ਵਿਨ ਅਫਰਾ ਅਤੇ ਸਾਵਨੀ ਸ਼ਿਖਾਰੇ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀਂ ਪੁਸਤਕ ‘ਸਲਾਹੀਯਤ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਬਲਜਿੰਦਰ ਕੌਰ ਸ਼ੇਰਗਿਲ, ਅਵਤਾਰ ਸਿੰਘ ਮਹਿਤਪੁਰੀ, ਜਗਤਾਰ ਸਿੰਘ ਜੋਗ, ਰਾਜ ਕੁਮਾਰ ਸਾਹੋਵਾਲੀਆ, ਡਾ ਰਵਿੰਦਰ ਸਿੰਘ ਲੁਬਾਣਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਬਲਵਿੰਦਰ ਸਿੰਘ, ਪਿਆਰਾ ਸਿੰਘ ਰਾਹੀਂ, ਕ੍ਰਿਸ਼ਨ ਗੋਇਲ, ਤਰਲੋਚਨ ਸਿੰਘ, ਰਜਿੰਦਰ ਸਿੰਘ ਧੀਮਾਨ, ਤੇਜਾ ਸਿੰਘ ਥੂਹਾ, ਅਮਰਜੀਤ ਸਿੰਘ ਬਠਲਾਣਾ, ਜਸਵਿੰਦਰ ਸਿੰਘ ਕਾਈਨੌਰ, ਰਾਮੇਸ਼ ਚਾਨੌਲੀਆ, ਮੰਦਰ ਗਿੱਲ, ਚਰਨਜੀਤ ਕੌਰ ਬਾਠ ਆਦਿ ਸਾਹਿਤਕਾਰ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਪ੍ਰਸਿੱਧ ਬੁੱਧੀਜੀਵੀ, ਸਾਹਿਤਕਾਰ, ਕਲਾ ਪ੍ਰੇਮੀ ਅਤੇ ਲੇਖਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਮੂਹ ਮੈਂਬਰਾਂ ਨੇ ਪੁਸਤਕ ‘ਸਲਾਹੀਯਤ’ ਦੀ ਪ੍ਰਸੰਸਾ ਕੀਤੀ ਅਤੇ ਸੰਪਾਦਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਧਾਈ ਦਿੱਤੀ। ਇਸ ਮੌਕੇ ਪੁਸਤਕ ਵਿੱਚਲੇ ਲੇਖਕਾਂ ਨੂੰ ਸਨਮਾਨ ਸਹਿਤ ਪੁਸਤਕਾਂ ਵੀ ਵੰਡੀਆਂ ਗਈਆਂ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਚੇਅਰਮੈਨ ਡਾ. ਸੁਨੀਲ ਭਾਟੀਆ ਨੂੰ ਇਸ ਵਿਲੱਖਣ ਅਤੇ ਸਫਲ ਸਮਾਗਮ ਲਈ ਵਧਾਈ ਦਿੱਤੀ, ਕਿਉਂਕਿ ਇਸ ਸਮਾਗਮ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਵੀ ਸਹਿਯੋਗ ਸੀ ਅਤੇ ਅੱਗੇ ਤੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

